ਸੁਲਤਾਨਪੁਰ ਲੋਧੀ, 31 ਮਾਰਚ (ਪ.ਪ.)-ਸ਼ਾਮ ਵੇਲੇ ਇਕਦਮ ਬਦਲੇ ਮੌਸਮ ਦੇ ਮਿਜ਼ਾਜ ਕਾਰਨ ਪੱਕਣ 'ਤੇ ਤਿਆਰ ਖੜੀ ਕਣਕ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਵਿਚ ਵੱਡੀ ਚਿੰਤਾ ਪਾਈ ਜਾ ਰਹੀ ਹੈ | ਕੁੱਝ ਦਿਨ ਪਹਿਲਾਂ ਬੇਮੌਸਮੀ ਬਾਰਸ਼ ਕਾਰਨ ਅਤੇ ਤੇਜ਼ ਹਵਾਵਾਂ ਨਾਲ ਕਣਕ ਦੀ ਫ਼ਸਲ ਧਰਤੀ 'ਤੇ ਪੂਰੀ ਤਰ੍ਹਾਂ ਵਿਛ ਗਈ ਪਰ ਉਸ ਤੋਂ ਬਾਅਦ ਵੀ ਆਏ ਦਿਨ ਬਾਰਿਸ਼ ਪੈਣ ਕਾਰਨ ਕਿਸਾਨ ਪਹਿਲਾਂ ਹੀ ਚਿੰਤਤ ਸਨ ਪਰ ਦੇਰ ਸ਼ਾਮ ਮੁੜ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਪੈਣ ਨਾਲ ਝਾੜ ਦੇ ਪ੍ਰਭਾਵਿਤ ਹੋਣ ਦਾ ਡਰ ਪੈਦਾ ਹੋ ਗਿਆ ਹੈ | ਇਲਾਕੇ ਦੇ ਕਿਸਾਨਾਂ ਸਰਵਨ ਸਿੰਘ ਚੰਦੀ, ਦਿਲਬਾਗ ਸਿੰਘ ਨਸੀਰਪੁਰ, ਸੂਰਤ ਸਿੰਘ ਅਮਰਕੋਟ, ਸੁਖਵਿੰਦਰ ਸਿੰਘ ਸ਼ਹਿਰੀ, ਬਲਜੀਤ ਸਿੰਘ ਬਿੱਟੂ ਆਦਿ ਨੇ ਦੱਸਿਆ ਕਿ ਐਤਕੀਂ ਵੀ ਪਿਛਲੇ ਸਾਲ ਦੀ ਤਰ੍ਹਾਂ ਕਣਕ ਦੀ ਭਰਵੀਂ ਫ਼ਸਲ ਹੋਣ ਦੀ ਉਮੀਦ ਸੀ ਪਰ ਬੀਤੇ ਕੁੱਝ ਦਿਨਾਂ ਤੋਂ ਪੈ ਰਹੀ ਬੇਮੌਸਮੀ ਬਰਸਾਤ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀ ਆਸ ਲਾਈ ਦਿੱਤੀ ਹੈ | ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਆਏ ਦਿਨ ਬਰਸਾਤ ਹੋ ਰਹੀ ਹੈ, ਉਸ ਕਾਰਨ ਧਰਤੀ ਤੇ ਵਿਛੀ ਕਣਕ ਦੀ ਫ਼ਸਲ ਦੇ ਦਾਣੇ ਖ਼ਰਾਬ ਹੋਣ ਦਾ ਡਰ ਹੈ | ਕਿਸਾਨਾਂ ਨੇ ਦੱਸਿਆ ਕਿ 8 ਤੋਂ 10 ਦਿਨਾਂ ਤੱਕ ਕਣਕ ਦੀ ਕਟਾਈ ਦਾ ਕੰਮ ਸ਼ੁਰੂ ਹੋ ਜਾਣਾ ਸੀ ਪਰ ਬੇਮੌਸਮੀ ਬਰਸਾਤ ਕਾਰਨ ਇਹ ਕੰਮ ਲੇਟ ਹੋ ਗਿਆ ਹੈ | ਦੇਰ ਸ਼ਾਮ ਚੱਲੀ ਤੇਜ਼ ਹਨ੍ਹੇਰੀ ਨਾਲ਼ ਹਲਕੇ ਦੇ ਕੁੱਝ ਪਿੰਡਾਂ ਵਿਚ ਮੱਕੀ ਦੀ ਫ਼ਸਲ ਦੇ ਪ੍ਰਭਾਵਿਤ ਹੋਣ ਦੀ ਜਾਣਕਾਰੀ ਮਿਲੀ ਹੈ | ਤੇਜ਼ ਹਨ੍ਹੇਰੀ ਨਾਲ ਸ਼ਿਮਲਾ ਮਿਰਚ ਨੂੰ ਨੁਕਸਾਨ ਪਹੁੰਚਣ ਦਾ ਡਰ ਪੈਦਾ ਹੋ ਗਿਆ ਹੈ | ਦੇਰ ਸ਼ਾਮ ਪੰਜਾਬ ਦੇ ਕੁੱਝ ਇਲਾਕਿਆਂ 'ਚ ਗੜੇਮਾਰੀ ਹੋਈ ਹੈ, ਪਰ ਹਲਕਾ ਸੁਲਤਾਨਪੁਰ ਲੋਧੀ ਦੇ ਕਿਸੇ ਵੀ ਪਿੰਡ ਤੋਂ ਅਜਿਹੀ ਜਾਣਕਾਰੀ ਨਹੀਂ ਮਿਲੀ | ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਕੱਲ੍ਹ ਤੱਕ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ | ਬਲਾਕ ਖੇਤੀਬਾੜੀ ਅਫ਼ਸਰ ਡਾ. ਜਸਪਾਲ ਸਿੰਘ ਧੰਜੂ ਨੇ ਕਿਹਾ ਕਿ ਬੇਮੌਸਮੀ ਬਰਸਾਤ ਨਾਲ ਕਣਕ ਦੇ ਦਾਣੇ ਖ਼ਰਾਬ ਹੋਣ ਦਾ ਡਰ ਹੈ ਜਿਸ ਨਾਲ ਝਾੜ ਤੇ ਅਸਰ ਪਵੇਗਾ |