ਫਗਵਾੜਾ, 31 ਮਾਰਚ (ਹਰਜੋਤ ਸਿੰਘ ਚਾਨਾ)-24ਵੇਂ ਤੀਰਥੰਕਰ ਭਗਵਾਨ ਮਹਾਂਵੀਰ ਸਵਾਮੀ ਦੇ ਜਨਮ ਕਲਿਆਣਕ ਮੌਕੇ ਸਭ ਨੂੰ ਵਧਾਈਆਂ ਦਿੰਦਿਆਂ ਮਹਾਵੀਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਰੋਡ ਫਗਵਾੜਾ ਦੇ ਪ੍ਰਧਾਨ ਸਤੀਸ਼ ਜੈਨ ਨੇ ਕਿਹਾ ਕਿ ਭਗਵਾਨ ਮਹਾਵੀਰ ਸਵਾਮੀ ਤਪ, ਤਿਆਗ, ਸੱਚ ਅਤੇ ਅਹਿੰਸਾ ਦੇ ਪ੍ਰਤੀਕ ਹਨ | ਉਨ੍ਹਾਂ ਨੇ ਸੰਸਾਰ ਨੂੰ ਅਹਿੰਸਾ ਪਰਮੋ ਧਰਮ: ਦਾ ਸੰਦੇਸ਼ ਦਿੱਤਾ, ਜਿਸ ਨੂੰ ਅੱਜ ਤੀਸਰੇ ਵਿਸ਼ਵ ਯੁੱਧ ਦੇ ਖ਼ਤਰੇ ਦੇ ਮਾਹੌਲ ਵਿਚ ਦੁਨੀਆ ਵੱਲੋਂ ਜ਼ਰੂਰ ਸਮਝਣ ਦੀ ਲੋੜ ਹੈ | ਸਤੀਸ਼ ਜੈਨ ਨੇ ਕਿਹਾ ਕਿ 'ਜੀਓ ਤੇ ਜੀਣ ਦਿਓ' ਦਾ ਉਪਦੇਸ਼ ਦੇਣ ਵਾਲੇ ਭਗਵਾਨ ਮਹਾਵੀਰ ਸਵਾਮੀ ਦੇ ਮੰਗਲਮਈ ਬਚਨ ਅੱਜ ਦੇ ਸਮੇਂ 'ਚ ਵੀ ਬਹੁਤ ਮਹੱਤਵਪੂਰਨ ਹਨ | ਉਨ੍ਹਾਂ ਕਿਹਾ ਕਿ ਅਹੰਕਾਰ ਕਰਕੇ ਅੱਜ ਕੱਲ੍ਹ ਦੁਨੀਆ 'ਚ ਯੁੱਧ ਦਾ ਮਾਹੌਲ ਬਣਦਾ ਜਾ ਰਿਹਾ ਹੈ, ਜੋ ਕਿਸੇ ਦੇ ਵੀ ਹਿਤ ਵਿਚ ਨਹੀਂ ਤੇ ਮਨੁੱਖਤਾ ਲਈ ਘਾਤਕ ਸਾਬਤ ਹੋ ਸਕਦਾ ਹੈ | ਉਨ੍ਹਾਂ ਦੱਸਿਆ ਕਿ ਇਸ ਦੇ ਨੁਕਸਾਨ ਨੂੰ ਦੁਨੀਆ ਦੇ ਕਈ ਦੇਸ਼ ਪਹਿਲਾਂ ਹੀ ਝੱਲ ਰਹੇ ਹਨ | ਉਨ੍ਹਾਂ ਭਗਵਾਨ ਮਹਾਵੀਰ ਸਵਾਮੀ ਦੇ ਚਰਨਾਂ 'ਚ ਅਰਦਾਸ ਕਰਦਿਆਂ ਕਿਹਾ ਕਿ ਦੁਨੀਆ ਦੇ ਸਾਰੇ ਦੇਸ਼ਾਂ ਦੇ ਸ਼ਾਸਕਾਂ ਨੂੰ ਸਦਬੁੱਧੀ ਪ੍ਰਾਪਤ ਹੋਵੇ |