ਫਗਵਾੜਾ, 30 ਮਾਰਚ (ਹਰਜੋਤ ਸਿੰਘ ਚਾਨਾ)-ਸਿੱਖਿਆ ਦੇ ਪ੍ਰਸਾਰ ਤੇ ਹੋਣਹਾਰ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚਰਨਜੀਤ ਸਿੰਘ ਬਾਸੀ ਮੈਮੋਰੀਅਲ ਟਰੱਸਟ ਵਲੋਂ ਮਾਂ ਅੰਬੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਭਾਣੋਕੀ (ਫਗਵਾੜਾ) ਵਿਖੇ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ 'ਚ ਸਕੂਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਕੇ. ਕੇ. ਸਰਦਾਨਾ ਐਮ. ਡੀ. ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿ. ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਦੌਰਾਨ ਪੜ੍ਹਾਈ 'ਚ ਅੱਵਲ ਰਹਿਣ ਵਾਲੀਆਂ 25 ਵਿਦਿਆਰਥਣਾਂ ਨੂੰ ਦੋ-ਦੋ ਹਜ਼ਾਰ ਰੁਪਏ ਦੀ ਵਜ਼ੀਫ਼ਾ ਰਾਸ਼ੀ ਦੇ ਚੈੱਕ ਭੇਟ ਕੀਤੇ ਗਏ | ਵਿਦਿਆਰਥਣਾਂ ਨੂੰ ਚੈੱਕ ਭੇਟ ਕਰਦਿਆਂ ਸਰਦਾਨਾ ਨੇ ਭਵਿੱਖ 'ਚ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਤੇ ਕਿਹਾ ਕਿ ਪੜ੍ਹਾਈ ਅਜਿਹਾ ਖ਼ਜ਼ਾਨਾ ਹੈ, ਜੋ ਕਦੇ ਵੀ ਖ਼ਤਮ ਨਹੀਂ ਹੁੰਦਾ ਬਲਕਿ ਵੰਡਣ ਦੇ ਨਾਲ ਹੋਰ ਵਧਦਾ ਹੈ | ਸਕੂਲ ਦੇ ਸਕੱਤਰ ਅਵਤਾਰ ਸਿੰਘ ਤੇ ਮਲਕੀਤ ਸਿੰਘ ਰਘਬੋਤਰਾ ਨੇ ਵਿਦਿਆਰਥਣਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਟਰੱਸਟ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ 'ਚ ਮੁਕਾਬਲੇ ਦੀ ਭਾਵਨਾ ਤੇ ਉੱਚਾ ਮੁਕਾਮ ਹਾਸਿਲ ਕਰਨ ਦੀ ਲਗਨ ਪੈਦਾ ਕਰਦੇ ਹਨ | ਸਕੂਲ ਪਿ੍ੰਸੀਪਲ ਕੁਲਵਿੰਦਰ ਕੌਰ ਪਰਮਾਰ ਨੇ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਹੌਸਲਾ ਅਫਜਾਈ ਵਿਦਿਆਰਥਣਾਂ ਨੂੰ ਅੱਗੇ ਵਧਣ ਲਈ ਨਵੀਂ ਊਰਜਾ ਦੇਵੇਗੀ | ਇਸ ਮੌਕੇ ਸਮੂਹ ਸਕੂਲ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ |