ਹੁਸੈਨਪੁਰ, 29 ਮਾਰਚ (ਤਰਲੋਚਨ ਸਿੰਘ ਸੋਢੀ)-ਹਾਈ ਕੋਰਟ, ਨੈਸ਼ਨਲ ਗ੍ਰੀਨ ਟਰੱਸਟ, ਵਾਤਾਵਰਨ ਕਮੇਟੀ ਪੰਜਾਬ, ਪੰਜਾਬ ਸਰਕਾਰ ਤੇ ਜੰਗਲਾਤ ਵਿਭਾਗ ਪੰਜਾਬ ਵਲੋਂ ਪੰਜਾਬ ਅੰਦਰ ਬਿਨਾਂ ਆਗਿਆ ਦੇ ਦਰੱਖ਼ਤ ਕੱਟਣ 'ਤੇ ਸਖ਼ਤ ਪਾਬੰਦੀ ਲਗਾਈ ਹੋਈ ਹੈ, ਪਰ ਕੁਝ ਅਸਰ ਰਸੂਖ਼ ਵਾਲੇ ਲੋਕਾਂ ਵਲੋਂ ਸਰਕਾਰੀ ਹੁਕਮਾਂ ਦੀ ਪ੍ਰਵਾਹ ਕੀਤੇ ਬਗੈਰ ਆਪਣੀ ਮਨ ਮਰਜ਼ੀ ਕਰਕੇ ਅਤੇ ਕੁਝ ਜੰਗਲਾਤ ਵਿਭਾਗ ਦੇ ਕੁੱਝ ਅਧਿਕਾਰੀਆਂ ਦੀ ਕਥਿਤ ਤੌਰ 'ਤੇ ਮਿਲੀ ਭੁਗਤ ਨਾਲ ਆਏ ਦਿਨ ਦਰੱਖ਼ਤ ਕੱਟਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ | ਜਿਸ ਪ੍ਰਤੀ ਜੰਗਲਾਤ ਵਿਭਾਗ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਸਾਫ਼ ਨਜ਼ਰ ਆਉਂਦਾ ਹੈ, ਇਸ ਦੀ ਮਿਸਾਲ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਉੱਪਰ ਖੈੜਾ ਦੋਨਾਂ ਦਾਣਾ ਮੰਡੀ ਨਜ਼ਦੀਕ ਬੀਤੇ ਫਰਵਰੀ ਮਹੀਨੇ 'ਚ ਇਕ ਪੈਲੇਸ ਨੇੜੇ ਅਨੇਕਾਂ ਦਰੱਖ਼ਤ ਪੁੱਟੇ ਗਏ ਸਨ ਜਿਸ ਦੀ ਜੰਗਲਾਤ ਵਿਭਾਗ ਨੂੰ ਖ਼ਬਰ ਮਿਲਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨਾ ਆਪਣੇ ਆਪ ਵਿਚ ਇਕ ਪਹੇਲੀ ਬਣਿਆ ਹੋਇਆ ਹੈ ਕਿਉਂਕਿ ਇਹ ਸਾਰਾ ਮਾਮਲਾ ਜੰਗਲਾਤ ਵਿਭਾਗ ਕਪੂਰਥਲਾ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਕਾਰਵਾਈ ਕਰਦਿਆਂ-ਕਰਦਿਆਂ ਸਮਾਂ ਲੰਘਾਉਣ ਤੇ ਆਖ਼ਰ ਹੁਣ ਇਹ ਏਰੀਆ ਅਧਿਕਾਰ ਖੇਤਰ ਵਿਚ ਨਾ ਆਉਣ ਦਾ ਬਹਾਨਾ ਲਗਾ ਕੇ ਕਾਰਵਾਈ ਨਾ ਕਰਨ ਤੋਂ ਪੱਲਾ ਝਾੜ ਦਿੱਤਾ ਗਿਆ ਹੈ | ਇਸ ਸੰਬੰਧੀ ਰੋਸ ਜ਼ਾਹਿਰ ਕਰਦਿਆਂ ਇਲਾਕੇ ਭਰਦੇ ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸਾਫ਼ ਸੁਥਰਾ ਤੇ ਸੁਹਾਵਣਾ ਬਣਾਉਣ ਦੇ ਮਨੋਰਥ ਨਾਲ ਲੱਖਾਂ ਰੁਪਏ ਖ਼ਰਚ ਕਰਕੇ ਹਰ ਸਾਲ ਵੱਡੀ ਗਿਣਤੀ 'ਚ ਦਰੱਖ਼ਤ ਲਗਾਉਣ ਦੀ ਮੁਹਿੰਮ ਨੂੰ ਨੇਪਰੇ ਚੜ੍ਹਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਂਦੀ ਹੈ | ਦੂਜੇ ਪਾਸੇ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਦੇ ਕਥਿਤ ਤੌਰ ਤੇ ਕੁਝ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕੱਟੇ ਜਾ ਰਹੇ ਦਰੱਖ਼ਤ ਸਰਕਾਰ ਦੀ ਦਰੱਖ਼ਤਾਂ ਦੀ ਦਰ ਵਧਾਉਣ ਦੀ ਮੁਹਿੰਮ ਨੂੰ ਖੋਰਾ ਲਗਾ ਰਹੀ ਹੈ | ਜਿਸ ਪ੍ਰਤੀ ਜੰਗਲਾਤ ਵਿਭਾਗ ਦੀ ਦਰੱਖ਼ਤ ਲਗਾਉਣ ਦੀ ਮੁਹਿੰਮ 'ਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ | ਇਸ ਸੰਬੰਧੀ ਜੰਗਲਾਤ ਵਿਭਾਗ ਕਪੂਰਥਲਾ ਦੇ ਰੇਂਜ ਅਫ਼ਸਰ ਸੁਨੀਲ ਕੁਮਾਰ ਤੇ ਗਾਡ ਕੰਚਨ ਨੇ ਕਿਹਾ ਕਿ ਇਹ ਏਰੀਆ ਸਾਡੇ ਅਧਿਕਾਰ ਖੇਤਰ ਵਿਚ ਨਹੀਂ ਜਦ ਕਿ ਅਸਲ 'ਚ ਇਹ ਏਰੀਆ ਰੇਂਜ ਅਫ਼ਸਰ ਸੁਨੀਲ ਕੁਮਾਰ, ਗਾਰਡ ਸਪਨਾ ਤੇ ਗਾਰਡ ਕੰਚਨ ਦੇ ਅਧਿਕਾਰ ਖੇਤਰ 'ਚ ਹੀ ਆਉਂਦਾ ਹੈ | ਜਦ ਉਨ੍ਹਾਂ ਦਾ ਧਿਆਨ ਲੋਕਾਂ ਵਿਚ ਪਾਏ ਜਾ ਰਹੇ ਰੋਹ ਵੱਲ ਦਿਵਾਇਆ ਤਾਂ ਉਨ੍ਹਾਂ ਕਿਹਾ ਕਿ ਇਹ ਏਰੀਆ ਹੁਣ ਐਨ. ਐਚ. ਵਿਚ ਚਲਾ ਗਿਆ ਹੈ ਅਤੇ ਜੇਕਰ ਫਿਰ ਵੀ ਸਾਨੂੰ ਇਨ੍ਹਾਂ ਦਰੱਖਤਾਂ ਦੀ ਛਾਣਬੀਣ ਕਰਨ ਲਈ ਕਿਹਾ ਜਾਂਦਾ ਹੈ ਤਾਂ ਨੈਸ਼ਨਲ ਅਥਾਰਿਟੀ ਹਾਈਵੇ ਦੇ ਅਧਿਕਾਰੀ ਸਾਨੂੰ ਲਿਖਤੀ ਰੂਪ ਵਿਚ ਦੇਣ | ਇਸ ਕਰਕੇ ਇਸ ਏਰੀਏ ਵਿਚੋਂ ਕੋਈ ਦਰੱਖ਼ਤ ਪੁੱਟੇ ਸਾਡੀ ਕੋਈ ਸਿਰਦਰਦੀ ਨਹੀਂ | ਭਰੋਸੇਯੋਗ ਸੂਤਰਾਂ ਅਨੁਸਾਰ ਉਕਤ ਸਥਾਨ ਤੋਂ ਦਰਖ਼ਤ ਵੱਢਣ ਵਾਲਿਆਂ ਦੇ ਰਿਸ਼ਤੇਦਾਰਾਂ ਦੀ ਕਪੂਰਥਲਾ ਦੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਕਥਿਤ ਤੌਰ 'ਤੇ ਜਾਣ ਪਹਿਚਾਣ ਨਿਕਲਣ ਕਰਕੇ ਇਸ ਦਰੱਖ਼ਤ ਪੱਟਣ ਦੇ ਮਾਮਲੇ ਨੂੰ ਦਬਾਇਆ ਗਿਆ ਹੈ | ਜੰਗਲਾਤ ਵਿਭਾਗ ਫਿਲੌਰ (ਜਲੰਧਰ) ਦੇ ਡਵੀਜ਼ਨਲ ਅਫ਼ਸਰ ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਦਰੱਖਤਾਂ ਦੀ ਦੇਖਭਾਲ ਕਰਨਾ ਜੰਗਲਾਤ ਵਿਭਾਗ ਦੇ ਹੀ ਅਧਿਕਾਰ ਖੇਤਰ ਵਿਚ ਹੈ ਅਤੇ ਸੰਬੰਧਿਤ ਅਧਿਕਾਰੀਆਂ ਵਲੋਂ ਉਕਤ ਖੇਤਰ ਨੂੰ ਆਪਣੇ ਅਧਿਕਾਰ ਖੇਤਰ ਵਿਚ ਨਾ ਹੋਣ ਦੀ ਗੱਲ ਕਹਿ ਕੇ ਦਰੱਖ਼ਤ ਪੱਟਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨਾ ਗ਼ਲਤ ਹੈ | ਦੂਜੇ ਪਾਸੇ ਜਦੋਂ ਨੈਸ਼ਨਲ ਅਥਾਰਿਟੀ ਹਾਈਵੇ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਨਾਲ ਸੰਬੰਧਿਤ ਜੇ. ਈ. ਸਰਵਿੰਦਰ ਸਿੰਘ ਨੇ ਕਿਹਾ ਕਿ ਉਕਤ ਜੀ. ਟੀ. ਰੋਡ ਦੇ ਆਲੇ ਦੁਆਲੇ ਦਰਖ਼ਤ ਸਾਡੇ ਅੰਡਰ ਨਹੀਂ ਇਹ ਸਿਰਫ਼ ਜੰਗਲਾਤ ਵਿਭਾਗ ਦੇ ਹੀ ਅਧਿਕਾਰ ਖੇਤਰ 'ਚ ਹਨ ਅਤੇ ਇਨ੍ਹਾਂ ਦੀ ਦੇਖਭਾਲ ਕਰਨਾ ਵੀ ਉਨ੍ਹਾਂ ਦੀ ਹੀ ਜ਼ਿੰਮੇਵਾਰੀ ਹੈ |