ਹੁਸੈਨਪੁਰ, 29 ਮਾਰਚ (ਤਰਲੋਚਨ ਸਿੰਘ ਸੋਢੀ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਸਾਹਮਣੇ ਵਸੇ ਪਿੰਡ ਬਾਬਾ ਦੀਪ ਸਿੰਘ ਨਗਰ ਦੇ ਕੁਝ ਨਗਰਾਂ ਵਿਚ ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਸੰਬੰਧੀ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਲਈ ਆਲ ਇੰਡੀਆ ਰਿਟਾਇਰਡ ਰੇਲਵੇ ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਆਰ. ਸੀ. ਐਫ. ਕਪੂਰਥਲਾ ਦੇ ਅਹੁਦੇਦਾਰਾਂ ਦਾ ਇਕ ਵਫ਼ਦ ਸੁਰਿੰਦਰ ਪਾਲ ਸੋਂਧੀ ਡਿਪਟੀ ਚੀਫ਼ ਇੰਜ. ਪਾਵਰਕਾਮ ਕਪੂਰਥਲਾ ਨੂੰ ਮਿਲਿਆ | ਜਿਸ ਦੌਰਾਨ ਉਨ੍ਹਾਂ ਜਿਥੇ ਬਾਬਾ ਦੀਪ ਸਿੰਘ ਨਗਰ ਦੇ ਵੱਖ-ਵੱਖ ਨਗਰਾਂ ਵਿਚ ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਸੰਬੰਧੀ ਆਉਂਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ ਉਥੇ ਸੁਰਿੰਦਰ ਪਾਲ ਸੌਂਧੀ ਵਲੋਂ ਬੀਤੇ ਸਮੇਂ ਦੌਰਾਨ ਕਪੂਰਥਲਾ ਵਿਖੇ ਡਿਪਟੀ ਚੀਫ਼ ਇੰਜੀਨੀਅਰ ਦਾ ਅਹੁਦਾ ਸੰਭਾਲਣ 'ਤੇ ਫੈਡਰੇਸ਼ਨ ਦੇ ਆਗੂਆਂ ਵਲੋਂ ਵਿਸ਼ੇਸ਼ ਤੌਰ 'ਤੇ ਗੁਲਦਸਤਾ ਤੇ ਲੋਈ ਦੇ ਕੇ ਸਨਮਾਨਿਤ ਕੀਤਾ | ਇਸ ਦੌਰਾਨ ਫੈਡਰੇਸ਼ਨ ਦੇ ਪ੍ਰਧਾਨ ਚਮਨ ਲਾਲ, ਜਨਰਲ ਸੈਕਟਰੀ ਨਿਰੰਜਨ ਸਿੰਘ, ਜ਼ੋਨਲ ਸੈਕਟਰੀ ਰਜਿੰਦਰ ਸਿੰਘ, ਵਰਕਿੰਗ ਪ੍ਰਧਾਨ ਕਮਲ ਨੈਨ, ਵਾਈਸ ਪ੍ਰਧਾਨ ਸੁਖਦੇਵ ਰਾਜ, ਗੁਰਮੁਖ ਸਿੰਘ ਕੈਸ਼ੀਅਰ ਤੇ ਹਰਿੰਦਰ ਪਾਲ ਵਲੋਂ ਡਿਪਟੀ ਡਾਇਰੈਕਟਰ ਸੁਰਿੰਦਰ ਪਾਲ ਸੋਂਧੀ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਸਾਡੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇ | ਇਸ ਦੌਰਾਨ ਸੁਰਿੰਦਰ ਪਾਲ ਸੋਂਧੀ ਡਿਪਟੀ ਚੀਫ਼ ਇੰਜੀਨੀਅਰ ਕਪੂਰਥਲਾ ਨੇ ਉਕਤ ਫੈਡਰੇਸ਼ਨ ਦੇ ਆਗੂਆਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਬਾਬਾ ਦੀਪ ਸਿੰਘ ਨਗਰ ਦੇ ਨਗਰਾਂ 'ਚ ਬਿਜਲੀ ਦੀ ਆਉਂਦੀ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ | ਅਖੀਰ 'ਚ ਉਨ੍ਹਾਂ ਫੈਡਰੇਸ਼ਨ ਦੇ ਆਗੂਆਂ ਵਲੋਂ ਸਨਮਾਨਿਤ ਕਰਨ 'ਤੇ ਧੰਨਵਾਦ ਕੀਤਾ |