ਕਪੂਰਥਲਾ, 26 ਮਾਰਚ (ਸਡਾਨਾ)-ਮੋਬਾਈਲ ਫ਼ੋਨ 'ਤੇ ਖ਼ੁਦ ਨੂੰ ਵਿਦੇਸ਼ ਬੈਠਾ ਰਿਸ਼ਤੇਦਾਰ ਦੱਸ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਸੰਬੰਧੀ ਇਕ ਵਿਅਕਤੀ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ 'ਚ ਤਰਸੇਮ ਸਿੰਘ ਵਾਸੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਸ ਨੂੰ ਵਟਸਐਪ 'ਤੇ ਕਿਸੇ ਵਿਦੇਸ਼ੀ ਨੰਬਰ ਤੋਂ ਫ਼ੋਨ ਆਇਆ ਤੇ ਉਕਤ ਵਿਅਕਤੀ ਨੇ ਉਸ ਨੂੰ ਆਪਣਾ ਜਾਣਕਾਰ ਦੱਸਦੇ ਹੋਏ ਉਸ ਨੂੰ ਕੈਨੇਡਾ ਤੋਂ ਪੈਸੇ ਭੇਜਣ ਦਾ ਝਾਂਸਾ ਦਿੱਤਾ | ਜਿਸ ਤੋਂ ਬਾਅਦ ਉਸ ਨੇ ਇਕ ਬੈਂਕ ਖਾਤਾ ਭੇਜਿਆ ਤੇ ਪੈਸੇ ਭੇਜਣ ਦੀ ਥਾਂ ਉਸ ਪਾਸੋਂ ਹੀ ਉਕਤ ਬੈਂਕ ਖਾਤੇ 'ਚ 4.85 ਲੱਖ ਰੁਪਏ ਜਮਾਂ ਕਰਵਾ ਲਏ | ਪੀੜਤ ਵਿਅਕਤੀ ਵਲੋਂ ਦਿੱਤੀ ਸ਼ਿਕਾਇਤ ਦੀ ਜਾਂਚ ਥਾਣਾ ਸਾਈਬਰ ਕ੍ਰਾਈਮ ਨੇ ਕੀਤੀ ਤੇ ਜਿਸ ਖਾਤੇ 'ਚ ਪੈਸੇ ਟਰਾਂਸਫ਼ਰ ਹੋਏ ਸਨ ਉਸ ਸੰਬੰਧੀ ਬੈਂਕ ਤੋਂ ਜਾਣਕਾਰੀ ਹਾਸਿਲ ਕਰਕੇ ਖਾਤਾ ਧਾਰਕ ਕਥਿਤ ਦੋਸ਼ੀ ਸਵਰਨ ਸਿੰਘ ਵਾਸੀ ਪਿੰਡ ਸ਼ਾਂਗਾ ਖ਼ੁਰਦ ਜ਼ਿਲ੍ਹਾ ਫ਼ਿਰੋਜਪੁਰ ਵਿਰੱੁਧ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ. ਐਸ. ਆਈ. ਸੂਰਤ ਸਿੰਘ ਵਲੋਂ ਕੀਤੀ ਜਾ ਰਹੀ ਹੈ |