04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸੜਕ ਸੁਰੱਖਿਆ ਸੰਬੰਧੀ ਰਾਹਤ ਯੋਜਨਾਵਾਂ ਬਾਰੇ ਲੋਕਾਂ ’ਚ ਜਾਗਰੂਕਤਾ ਫੈਲਾਈ ਜਾਵੇ-ਡੀ.ਸੀ.

ਅਜੀਤ ਡੈਸਕ 31-07-2026
ਮਾਨਸਾ, 30 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)- ਸੜਕੀ ਹਾਦਸਿਆਂ ਨੂੰ ਘਟਾਉਣ ਅਤੇ ਹਾਦਸਾ ਪੀੜਤਾਂ ਨੂੰ ਸਮੇਂ ਸਿਰ ਪ੍ਰਸ਼ਾਸਕੀ ਤੇ ਵਿੱਤੀ ਸਹਾਇਤਾ ਯਕੀਨੀ ਬਣਾਉਣ ਦੇ ਮਕਸਦ ਨਾਲ ਨਵਜੋਤ ਕੌਰ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਰਾਹਤ ਯੋਜਨਾਵਾਂ ਬਾਰੇ ਆਮ ਲੋਕਾਂ ਵਿਚ ਵਿਆਪਕ ਪੱਧਰ ‘ਤੇ ਜਾਗਰੂਕਤਾ ਫੈਲਾਈ ਜਾਵੇ। ਉਨ੍ਹਾਂ ਦੱਸਿਆ ਕਿ ‘ਰਾਹਗੀਰ ਯੋਜਨਾ’ ਤਹਿਤ ਸੜਕ ਹਾਦਸੇ ਦੇ ਸ਼ਿਕਾਰ ਵਿਅਕਤੀ ਦੀ ਜਾਨ ਬਚਾਉਣ ਵਾਲੇ ਮਦਦਗਾਰ ਨਾਗਰਿਕ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਤੋਂ ਮੁਕਤ ਰੱਖਦੇ ਹੋਏ ਪ੍ਰਸ਼ਾਸਨ ਵਲੋਂ ਨਕਦ ਪੁਰਸਕਾਰ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਬਿਨਾਂ ਕਿਸੇ ਡਰ ਤੋਂ ਪੀੜਤਾਂ ਦੀ ਮਦਦ ਲਈ ਅੱਗੇ ਆ ਸਕਣ। ਜੇਕਰ ਕੋਈ ਨਾਗਰਿਕ ਬਿਨਾਂ ਆਪਣੀ ਪਰਵਾਹ ਕੀਤੇ ਪੀੜਤ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਉਂਦਾ ਹੈ ਤਾਂ ਉਸ ਨੂੰ 25 ਹਜ਼ਾਰ ਰੁਪਏ ਦੀ ਨਕਦ ਇਨਾਮੀ ਰਾਸ਼ੀ ਅਤੇ ਵਿਸ਼ੇਸ਼ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ। ‘ਹਿੱਟ ਐਂਡ ਰਨ’ ਦੇ ਮਾਮਲਿਆਂ ‘ਤੇ ਚਰਚਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਪੁਲਿਸ ਅਤੇ ਸਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਅਣਪਛਾਤੇ ਵਾਹਨਾਂ ਨਾਲ ਹੁੰਦੇ ਹਾਦਸਿਆਂ ਵਿੱਚ ਪੀੜਤਾਂ ਜਾਂ ਉਨ੍ਹਾਂ ਦੇ ਵਾਰਸਾਂ ਨੂੰ ‘ਪ੍ਰਧਾਨ ਮੰਤਰੀ ਰਾਹਤ ਯੋਜਨਾ’ ਅਧੀਨ ਮਿਲਣ ਵਾਲਾ ਮੁਆਵਜ਼ਾ ਤੁਰੰਤ ਦਿਵਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ‘ਈ-ਡਾਰ’ ਪ੍ਰੋਜੈਕਟ ਦੀ ਸਮੀਖਿਆ ਕਰਦਿਆਂ ਕਿਹਾ ਕਿ ਸਾਰੇ ਹਾਦਸਿਆਂ ਦਾ ਡਾਟਾ ਪੋਰਟਲ ‘ਤੇ ਨਾਲੋ ਨਾਲ ਅੱਪਲੋਡ ਕੀਤਾ ਜਾਵੇ। ਉਨ੍ਹਾਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸੜਕੀ ਨਿਯਮਾਂ ਦੀ ਕਾਇਦੇ ਨਾਲ ਪਾਲਣਾ ਕਰਨ ਤਾਂ ਜੋ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਮੁੱਖ ਸੜਕਾਂ ‘ਤੇ ਆਵਾਜਾਈ ਸੰਕੇਤ ਅਤੇ ਸੀ. ਸੀ. ਟੀ. ਵੀ. ਕੈਮਰੇ ਲਗਾਉਣ, ਰਿਫ਼ਲੈਕਟਰ ਆਦਿ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ। ਸਕੂਲੀ ਵਾਹਨਾਂ ਦੀ ਨਿਯਮਤ ਚੈਕਿੰਗ ਕਰਨ ਅਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਵਿਚ ਢਿੱਲ ਨਾ ਵਰਤਣ ਦੀ ਹਦਾਇਤ ਵੀ ਕੀਤੀ ਗਈ। ਇਸ ਮੌਕੇ ਪੂਨਮ ਸਿੰਘ ਵਧੀਕ ਡਿਪਟੀ ਕਮਿਸ਼ਨਰ, ਬਲਜੀਤ ਕੌਰ ਐਸ. ਡੀ. ਐਮ. ਮਾਨਸਾ, ਹਰਜਿੰਦਰ ਸਿੰਘ ਜੱਸਲ ਐੱਸ.ਡੀ.ਐੱਮ. ਸਰਦੂਲਗੜ੍ਹ, ਗੁਰਮੀਤ ਕੁਮਾਰ ਐਸ. ਡੀ. ਐਮ. ਬੁਢਲਾਡਾ, ਚਰਨਜੋਤ ਸਿੰਘ ਵਾਲੀਆ ਆਰ. ਟੀ. ਓ., ਪੁਸ਼ਪਿੰਦਰ ਸਿੰਘ ਗਿੱਲ ਡੀ.ਐਸ.ਪੀ. ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਲੀਗਲ ਏਡ ਡਿਫੈਂਸ ਸਿਸਟਮ ਖ਼ਿਲਾਫ਼ ਵਕੀਲਾਂ ਦੀ ਭੁੱਖ ਹੜਤਾਲ ਜਾਰੀ ਅਗਲੀ ਖ਼ਬਰ ਮਾਡਰਨ ਸੈਕੂਲਰ ਪਬਲਿਕ ਸਕੂਲ ਵਿਖੇ ਕਾਰਗਿਲ ਵਿਜੈ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।