04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਡੀਪੂ ਹੋਲਡਰਾਂ ਵਲੋਂ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਦਫ਼ਤਰ ਅੱਗੇ ਧਰਨਾ

ਅਜੀਤ ਡੈਸਕ 31-07-2026
ਮਾਨਸਾ, 30 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)- ਪੰਜਾਬ ਸਰਕਾਰ ਵਲੋਂ ਡੀਪੂ ਵਾਪਸ ਲੈਣ ਦੇ ਫ਼ੈਸਲੇ ਦੇ ਵਿਰੋਧ ’ਚ ਇੱਥੇ ਡੀਪੂ ਹੋਲਡਰ ਯੂਨੀਅਨ ਵਲੋਂ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਦਫ਼ਤਰ ਦਾ ਘਿਰਾਓ ਕਰ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਸਾਲ 2020-21 ਦੌਰਾਨ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਡੀਪੂ ਅਲਾਟ ਕੀਤੇ ਗਏ ਸਨ ਪਰ ਹੁਣ ਸਰਕਾਰ ਨੇ ਬਿਨਾਂ ਕਿਸੇ ਸੂਚਨਾ, ਕਾਰਨ ਜਾਂ ਨੋਟਿਸ ਦੇ ਲਗਭਗ 1700 ਡੀਪੂ ਹੋਲਡਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਇਹ ਡੀਪੂ ਨਵੇਂ ਲੋਕਾਂ ਨੂੰ ਅਲਾਟ ਕੀਤੇ ਹਨ, ਜਿਸ ਕਾਰਨ ਸੈਂਕੜੇ ਨੌਜਵਾਨ ਬੇਰੁਜ਼ਗਾਰ ਹੋ ਗਏ। ਬਲਾਕ ਸਰਦੂਲਗੜ੍ਹ ਦੇ ਪ੍ਰਧਾਨ ਇੰਦਰਜੀਤ ਸਿੰਘ, ਬਿਕਰਮਜੀਤ ਸਿੰਘ ਅਤੇ ਵਿੱਕੀ ਨੰਗਲ ਕਲਾਂ ਨੇ ਦੱਸਿਆ ਕਿ ਜਿਨ੍ਹਾਂ ਡੀਪੂ ਹੋਲਡਰਾਂ ਤੋਂ ਲਾਇਸੈਂਸ ਵਾਪਸ ਲਏ ਗਏ ਹਨ, ਉਨ੍ਹਾਂ ਖ਼ਿਲਾਫ਼ ਨਾ ਤਾਂ ਰਾਸ਼ਨ ਵੰਡ ’ਚ ਕਿਸੇ ਗੜਬੜੀ ਦੀ ਸ਼ਿਕਾਇਤ ਸੀ ਅਤੇ ਨਾ ਹੀ ਕੋਈ ਵਿਭਾਗੀ ਜਾਂਚ ਜਾਂ ਮਾਮਲਾ ਲੰਬਿਤ ਸੀ। ਡੀਪੂ ਹੋਲਡਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵਲੋਂ ਆਪਣਾ ਫ਼ੈਸਲਾ ਵਾਪਸ ਲੈ ਕੇ ਪ੍ਰਭਾਵਿਤ ਨੌਜਵਾਨਾਂ ਦੇ ਡੀਪੂ ਬਹਾਲ ਨਾ ਕੀਤੇ ਗਏ ਤਾਂ ਵੱਡੇ ਪੱਧਰ ’ਤੇ ਤਿੱਖੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਭਾਕਿਯੂ (ਲੱਖੋਵਾਲ) ਦੇ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਝੰਡੂਕਾ, ਸ਼ਹਿਰੀ ਪ੍ਰਧਾਨ ਗੁਰਮੀਤ ਸਿੰਘ, ਬਲਾਕ ਭੀਖੀ ਦੇ ਪ੍ਰਧਾਨ ਕਰਨੈਲ ਸਿੰਘ, ਖ਼ਜ਼ਾਨਚੀ ਜਸਵੀਰ ਰਾਮ ਫੂਸ ਮੰਡੀ, ਤਾਰਾ ਸਿੰਘ ਛਾਜਲੀ, ਸਰਬਜੀਤ ਸਿੰਘ ਕੰਕੜਵਾਲ, ਸਿਮਰਜੀਤ ਸਿੰਘ ਭਸੌੜ, ਅਜੈਬ ਸਿੰਘ ਮਾਨ, ਰਣਜੀਤ ਸਿੰਘ ਬੁਢਲਾਡਾ, ਵਕੀਲ ਸਿੰਘ ਰੱਲੀ, ਡਾ. ਚੇਤ ਸਿੰਘ ਤਲਵੰਡੀ ਅਕਲੀਆ, ਹਰਬੰਸ ਸਿੰਘ ਅਹਿਮਦਪੁਰ, ਰਵੀ ਕੁਮਾਰ ਰਣਜੀਤਗੜ੍ਹ ਬਾਂਦਰਾਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਾਡਰਨ ਸੈਕੂਲਰ ਪਬਲਿਕ ਸਕੂਲ ਵਿਖੇ ਕਾਰਗਿਲ ਵਿਜੈ ਦਿਵਸ ਮਨਾਇਆ ਅਗਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਦੇ ਪੰਜਾਬ ਬੰਦ ਨੂੰ ਮਾਨਸਾ ਜ਼ਿਲ੍ਹੇ ’ਚ ਮਿਲਿਆ ਵਧੀਆ ਹੁੰਗਾਰਾ ਸਰਕਾਰ ਖ਼ਿਲਾਫ਼ ਕੀਤੀਆਂ ਰੋਸ ਰੈਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।