ਬਰੇਟਾ, 15 ਜੁਲਾਈ (ਜੀਵਨ ਸ਼ਰਮਾ)- ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ’ਚ ਹੋ ਰਹੀ ਬਾਰਸ਼ ਦੇ ਚੱਲਦਿਆਂ ਨਾਲ ਲੱਗਦੇ ਹਰਿਆਣੇ ਦੇ ਪਿੰਡ ਚਾਂਦਪੁਰਾ ਕੋਲ ਦੀ ਲੰਘਦੇ ਘੱਗਰ ਦਰਿਆ ’ਚ ਪਾਣੀ ਨੇ ਦਸਤਕ ਦੇ ਦਿੱਤੀ ਹੈ। ਭਾਵੇਂ ਦਰਿਆ ’ਚ ਇਸ ਸਮੇਂ ਪਾਣੀ ਦਾ ਪੱਧਰ 2 ਫੁੱਟ ਦੇ ਕਰੀਬ ਚੱਲ ਰਿਹਾ ਹੈ ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਅਤੇ ਅਗਲੇ ਦਿਨਾਂ ’ਚ ਪਾਣੀ ਦਾ ਪੱਧਰ ਹੋਰ ਵਧ ਸਕਦਾ ਹੈ। ਪਿੰਡ ਚਾਂਦਪੁਰਾ ਕੋਲ ਭਾਖੜਾ ’ਤੇ ਬਣੇ ਸਾਈਫ਼ਨ ਦੇ 21 ਦਰਵਾਜ਼ਿਆਂ ’ਚ ਪਾਣੀ ਤੇਜ਼ ਵਹਾਅ ਨਾਲ ਚੱਲ ਰਿਹਾ ਹੈ ਪਰ ਬਹੁਤੇ ਦਰਵਾਜ਼ਿਆਂ ’ਚ ਪਿੱਛੋਂ ਆਈ ਜਲ ਬੂਟੀ ਅਤੇ ਦਰਖਤਾਂ ਦੇ ਟਾਹਣੇ ਪਾਣੀ ਦੇ ਵਹਾਅ ’ਚ ਰੁਕਾਵਟ ਪੈਦਾ ਕਰ ਰਹੇ ਹਨ, ਜਿਨ੍ਹਾਂ ਦੀ ਸਫ਼ਾਈ ਵੱਲ ਪ੍ਰਸ਼ਾਸਨ ਨੂੰ ਜਲਦ ਧਿਆਨ ਦੇਣਾ ਚਾਹੀਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਬਾਰਸ਼ਾਂ ਦੇ ਦਿਨਾਂ ’ਚ ਉਹ ਆਪ ਜਾਨ ਜੋਖ਼ਮ ’ਚ ਪਾ ਕੇ ਦਰਵਾਜ਼ਿਆਂ ਦੀ ਸਫ਼ਾਈ ਕਰਦੇ ਹਨ।
3 ਸਾਲ ਪਹਿਲਾਂ ਹੋਇਆ ਸੀ ਵੱਡਾ ਨੁਕਸਾਨ-
ਖੇਤਰ ਨੂੰ ਘੱਗਰ ਦੇ ਪਾਣੀ ਦੀ ਮਾਰ ਤੋਂ ਬਚਾਉਣ ਲਈ ਬਣਾਇਆ 7 ਕਿੱਲੋਮੀਟਰ ਦਾ ਬੰਨ੍ਹ ਪੂਰੀ ਤਰ੍ਹਾਂ ਮਜ਼ਬੂਤ ਹੈ। ਬੰਨ੍ਹ ਦੀ ਹੋਰ ਮਜ਼ਬੂਤੀ ਲਈ ਮਿੱਟੀ ਦੇ ਗੱਟੇ ਲਗਾਏ ਜਾ ਰਹੇ ਹਨ ਖ਼ਾਸ ਕਰ ਕੇ ਜਿੱਥੇ 2023 ’ਚ ਬੰਨ੍ਹ ਨੇ ਟੁੱਟ ਕੇ ਖੇਤਰ ਦਾ ਵੱਡਾ ਨੁਕਸਾਨ ਕੀਤਾ ਸੀ ਉੱਥੇ ਬੰਨ੍ਹ ਦੀ ਹੋਰ ਮਜ਼ਬੂਤੀ ਲਈ ਪ੍ਰਸ਼ਾਸਨ ਵਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ 3 ਸਾਲ ਪਹਿਲਾਂ ਬੰਨ੍ਹ ’ਚ ਪਾੜ ਪੈ ਜਾਣ ਕਾਰਨ ਖੇਤਰ ਦੇ ਕੁੱਲਰੀਆਂ, ਭਾਵਾ, ਚੱਕ ਅਲੀਸ਼ੇਰ, ਗੋਰਖਨਾਥ, ਰਿਉਂਦ ਆਦਿ ਪਿੰਡਾਂ ’ਚ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਸੀ। ਹਜ਼ਾਰਾਂ ਏਕੜ ਝੋਨਾ ਅਤੇ ਘਰ ਪਾਣੀ ਦੀ ਲਪੇਟ ’ਚ ਆ ਗਏ ਸਨ। ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਸੀ ਅਤੇ ਆਉਣ-ਜਾਣ ਲਈ ਕਿਸ਼ਤੀਆਂ ਦਾ ਸਹਾਰਾ ਲਿਆ ਗਿਆ ਸੀ।
ਪ੍ਰਦੂਸ਼ਿਤ ਪਾਣੀ ਤੋਂ ਮਿਲਿਆ ਛੁਟਕਾਰਾ-
ਮਾਨਸੂਨ ਦੇ ਦਿਨਾਂ ਨੂੰ ਛੱਡ ਕੇ ਬਾਕੀ ਸਾਰਾ ਸਾਲ ਘੱਗਰ ’ਚ ਫ਼ੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਚੱਲਦਾ ਹੈ, ਜਿਸ ਕਰ ਕੇ ਨੇੜਲੇ ਲੋਕਾਂ ਨੂੰ ਬਦਬੂ ਅਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ’ਚ ਪਾਣੀ ਆਉਣ ਕਰ ਕੇ ਹੜ੍ਹਾਂ ਦਾ ਡਰ ਤਾਂ ਸਤਾਉਂਦਾ ਹੈ ਪਰ ਕੁਝ ਸਮੇਂ ਲਈ ਪ੍ਰਦੂਸ਼ਿਤ ਪਾਣੀ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਹਾਲੇ ਤੱਕ ਨਹੀਂ ਹੋਇਆ ਕੋਈ ਸਥਾਈ ਹੱਲ-
ਸਾਲ 2010 ’ਚ ਘੱਗਰ ’ਚ ਆਏ ਹੜ੍ਹ ਦੌਰਾਨ ਕੇਂਦਰ ਦੀ 5 ਮੈਂਬਰੀ ਟੀਮ ਵਲੋਂ ਘੱਗਰ ਦੇ ਨੁਕਸਾਨ ਤੋਂ ਬਚਾਉਣ ਅਤੇ ਸਥਾਈ ਹੱਲ ਲਈ ਬੰਨ੍ਹ ਦਾ ਦੌਰਾ ਕੀਤਾ ਗਿਆ ਸੀ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਸਰਕਾਰ ਨੇ ਵੀ ਇਕੱਠੇ ਹੋ ਕੇ ਇਸ ਦੇ ਹੱਲ ਲਈ ਕੇਂਦਰ ਸਰਕਾਰ ਕੋਲ ਹਾਮੀ ਭਰੀ ਸੀ ਪਰ ਉਸ ਤੋਂ ਬਾਅਦ ਵੀ ਸਾਲ 2023 ’ਚ ਖੇਤਰ ਦਾ ਵੱਡਾ ਨੁਕਸਾਨ ਹੋਇਆ। ਲੋਕਾਂ ਨੇ ਕਿਹਾ ਕਿ ਹਾਲੇ ਤੱਕ ਇਸ ਸਮੱਸਿਆ ਦਾ ਪੱਕਾ ਹੱਲ ਨਹੀਂ ਹੋਇਆ।
ਚਾਂਦਪੁਰਾ ਕੋਲ ਘੱਗਰ ਦਰਿਆ ’ਚ ਹਿਮਾਚਲ ਦੀਆਂ ਪਹਾੜੀਆਂ ਦੇ ਪਾਣੀ ਨੇ ਦਿੱਤੀ ਦਸਤਕ
ਅਜੀਤ ਡੈਸਕ
16-07-2026