26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸੜਕ ਦੇ ਨਿਰਮਾਣ 'ਚ ਘਟੀਆ ਮਟੀਰੀਅਲ ਵਰਤਣ ਦਾ ਮੁੱਖ ਮੰਤਰੀ ਨੇ ਲਿਆ ਨੋਟਿਸ

ਅਜੀਤ ਡੈਸਕ 04-04-2026
ਮਾਨਸਾ, 3 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਕਚਹਿਰੀ ਰੋਡ ਦੀ ਸੜਕ ਦੇ ਨਿਰਮਾਣ 'ਚ ਘਟੀਆ ਮਟੀਰੀਅਲ ਵਰਤਣ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੰਭੀਰ ਨੋਟਿਸ ਲਿਆ ਹੈ | ਦੱਸਣਯੋਗ ਹੈ ਕਿ ਮਹੀਨਾ ਕੁ ਪਹਿਲਾਂ ਆਰ. ਸੀ. ਸੀ. ਨਾਲ ਬਣਾਈ ਸੜਕ ਦਾ ਕੁਝ ਹਿੱਸਾ ਟੁੱਟ ਗਿਆ ਹੈ | 21 ਮੈਂਬਰੀ ਸੰਘਰਸ਼ ਕਮੇਟੀ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਤੇ ਹੋਰਾਂ ਨੇ ਇਹ ਮੁੱਦਾ ਉਠਾਇਆ ਸੀ ਅਤੇ ਵਿਜੀਲੈਂਸ ਨੂੰ ਵੀ ਸ਼ਿਕਾਇਤ ਕੀਤੀ ਸੀ | ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਬੀਤੇ ਕੱਲ੍ਹ ਬਲਜੀਤ ਕੌਰ ਐੱਸ.ਡੀ.ਐਮ. ਮਾਨਸਾ ਦੀ ਅਗਵਾਈ 'ਚ ਪੜਤਾਲ ਲਈ 5 ਮੈਂਬਰੀ ਕਮੇਟੀ ਬਣਾ ਕੇ ਜਾਂਚ ਦੇ ਹੁਕਮ ਕੀਤੇ ਸਨ | ਜਾਣਕਾਰੀ ਅਨੁਸਾਰ ਮੁੱਖ ਮੰਤਰੀ ਵਲੋਂ ਸੜਕ ਦੇ ਮਾਮਲੇ 'ਚ ਵਿਜੀਲੈਂਸ ਤੋਂ ਸਾਰੀ ਰਿਪੋਰਟ ਮੰਗੀ ਗਈ ਹੈ | ਉੱਧਰ ਐੱਸ. ਡੀ. ਐਮ. ਦੀ ਅਗਵਾਈ 'ਚ ਐੱਸ. ਈ. ਪੰਜਾਬ ਮੰਡੀ ਬੋਰਡ ਬਠਿੰਡਾ, ਐਕਸੀਅਨ ਮੰਡੀ ਬੋਰਡ, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਮਾਨਸਾ ਤੇ ਮਿਊਾਸੀਪਲ ਇੰਜੀਨੀਅਰ 'ਤੇ ਆਧਾਰਿਤ ਟੀਮ ਨੇ ਸੜਕ ਲਈ ਵਰਤੀ ਸਮਗਰੀ ਦੇ ਨਮੂਨੇ ਸ਼ਿਕਾਇਤਕਰਤਾ ਦੀ ਹਾਜ਼ਰੀ 'ਚ ਭਰੇ | ਇਨ੍ਹਾਂ ਨਮੂਨਿਆਂ ਨੂੰ ਜਾਂਚ ਲਈ ਪਟਿਆਲਾ ਲੈਬ 'ਚ ਭੇਜਿਆ ਗਿਆ ਹੈ, ਜਿਸ ਦੀ ਰਿਪੋਰਟ 6 ਅਪ੍ਰੈਲ ਤੱਕ ਆਉਣ ਦੀ ਸੰਭਾਵਨਾ ਹੈ | ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ 700 ਫੁੱਟ ਬਣੀ ਸੜਕ 'ਤੇ 25 ਲੱਖ ਰੁਪਏ ਲਾਗਤ ਆਏ ਸਨ ਅਤੇ ਮਹੀਨੇ ਬਾਅਦ ਹੀ ਸੜਕ 'ਚੋਂ ਬਰੇਤੀ ਤੇ ਬਜਰੀ ਨਿਕਲ ਲੱਗ ਪਈ | ਉਨ੍ਹਾਂ ਦੱਸਿਆ ਕਿ ਅੱਗੇ ਇਹ ਸੜਕ ਮਾਨਸਾ ਖ਼ੁਰਦ ਤੱਕ ਬਣਨੀ ਹੈ | ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਮਾਨਿਕ ਗੋਇਲ, ਕਿਸਾਨ ਆਗੂ ਰੁਲਦੂ ਸਿੰਘ, ਧੰਨਾ ਮੱਲ ਗੋਇਲ, ਕਿ੍ਸ਼ਨ ਚੌਹਾਨ, ਐਡਵੋਕੇਟ ਕੇਸਰ ਸਿੰਘ, ਐਡਵੋਕੇਟ ਗੋਰਾ ਸਿੰਘ ਥਿੰਦ, ਐਡਵੋਕੇਟ ਕਾਕਾ ਸਿੰਘ ਮਠਾੜੂ, ਬਿੱਕਰ ਸਿੰਘ ਮੰਘਾਣੀਆਂ, ਇੰਦਰਜੀਤ ਸਿੰਘ, ਹਰਿੰਦਰ ਸਿੰਘ ਮਾਨਸ਼ਾਹੀਆ, ਅੰਕੁਸ਼ ਸਿੰਗਲਾ ਆਦਿ ਨੇ ਕਿਹਾ ਕਿ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਜਦੋਂ ਤੱਕ ਸਖ਼ਤ ਕਾਰਵਾਈ ਨਹੀਂ ਹੁੰਦੀ ਅਤੇ ਸੜਕ ਦਾ ਮੁੜ ਨਿਰਮਾਣ ਨਹੀਂ ਕੀਤਾ ਜਾਂਦਾ | ਸੰਘਰਸ਼ ਕਮੇਟੀ ਨੇ ਸ਼ਹਿਰ ਵਿਚ ਬਣ ਰਹੀਆਂ ਅਤੇ ਬਣ ਚੁੱਕੀਆਂ ਸੜਕਾਂ ਵਿਚ ਵਰਤੇ ਮਟੀਰੀਅਲ ਦੀ ਜਾਂਚ ਦੀ ਵੀ ਮੰਗ ਕਰਦਿਆਂ ਆਖਿਆ ਕਿ ਸਾਰੀਆਂ ਸੜਕਾਂ ਨਿਯਮਾਂ ਮੁਤਾਬਿਕ ਬਣਾਈਆਂ ਜਾਣ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ | ਉਨ੍ਹਾਂ ਆਖਿਆ ਕਿ ਸ਼ਹਿਰ ਦੀਆਂ ਹੋਰ ਸੜਕਾਂ ਦੀ ਵੀ ਜਾਂਚ-ਪੜਤਾਲ ਅਤੇ ਵਰਤੇ ਮਟੀਰੀਅਲ ਦੀ ਘੋਖ ਹੋਣੀ ਚਾਹੀਦੀ ਹੈ |
ਪਿਛਲੀ ਖ਼ਬਰ ਹਨੇਰੀ ਨਾਲ ਪਈ ਬਾਰਿਸ਼ ਨੇ ਮਾਨਸਾ ਜ਼ਿਲੇ੍ਹ 'ਚ ਕਣਕ ਦੀ ਫ਼ਸਲ ਧਰਤੀ 'ਤੇ ਵਿਛਾਈ <br/> ਅਗਲੀ ਖ਼ਬਰ 7 ਅਪ੍ਰੈਲ ਦੀ ਬੁਢਲਾਡਾ ਰੈਲੀ ਦੀਆਂ ਤਿਆਰੀਆਂ ਜ਼ੋਰਾਂ 'ਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।