ਰਾਮਾਂ ਮੰਡੀ, 25 ਮਾਰਚ (ਤਰਸੇਮ ਸਿੰਗਲਾ)-ਅੱਜ ਸਮੂਹ ਰਾਮਾਂ ਮੰਡੀ ਦੇ ਲੋਕ ਚਾਰੇ ਪਾਸਿਓਾ ਸਮੱਸਿਆਵਾਂ ਨਾਲ ਜੂਝ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਆਗੂ ਅਤੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੇ ਕਰੀਬੀ ਦਵਿੰਦਰ ਕੁਮਾਰ ਜੈਨ ਨੇ ਕਿਹਾ ਕਿ ਚਾਰੇ ਪਾਸਿਓਾ ਸਮੱਸਿਆਵਾਂ ਨਾਲ ਜੂਝ ਰਹੇ ਇਲਾਕੇ ਦੇ ਲੋਕ ਜਾਣ ਚੁੱਕੇ ਹਨ ਕਿ ਸੂਬੇ ਦਾ ਵਿਕਾਸ ਹਮੇਸ਼ਾ ਅਕਾਲੀ ਦਲ ਦੇ ਰਾਜਕਾਲ ਦੌਰਾਨ ਹੀ ਹੋਇਆ ਹੈ | ਜੈਨ ਨੇ ਕਿਹਾ ਕਿ ਆਪ ਸਰਕਾਰ ਦੇ ਚਾਰ ਸਾਲ ਦੇ ਰਾਜਕਾਲ ਤੋਂ ਹੀ ਲੋਕ ਸੀਵਰੇਜ, ਪੀਣ ਵਾਲਾ ਗੰਦਾ ਪਾਣੀ, ਟੁੱਟੀਆਂ ਸੜਕਾਂ, ਨਸ਼ੇ, ਚੋਰੀਆਂ ਅਤੇ ਹੋਰ ਸਮੱਸਿਆਵਾਂ ਨਾਲ ਜੂਝ ਰਹੇ ਹਨ, ਪਰ ਸਰਕਾਰ ਨੇ ਰਾਮਾਂ ਮੰਡੀ ਦੀ ਕੋਈ ਸਾਰ ਨਹੀਂ ਲਈ | ਉਨ੍ਹਾਂ ਦਾਅਵਾ ਕੀਤਾ ਕਿ 2027 ਵਿਚ ਪੰਜਾਬ ਵਿਚ ਪੂਰੇ ਬਹੁਮਤ ਨਾਲ ਅਕਾਲੀ ਦਲ ਦੀ ਸਰਕਾਰ ਬਣੇਗੀ ਅਤੇ ਲੋਕਾਂ ਨੂੰ ਉਕਤ ਜਿੱਥੇ ਸਮੱਸਿਆਵਾਂ ਤੋਂ ਨਿਜ਼ਾਤ ਮਿਲੇਗੀ ਉਥੇ ਇਲਾਕੇ ਦਾ ਵਿਕਾਸ ਵੀ ਜੰਗੀ ਪੱਧਰ 'ਤੇ ਹੋਵੇਗਾ | ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਹਲਕੇ ਅੰਦਰ ਰੋਜ਼ਾਨਾ ਲੋਕਾਂ ਨਾਲ ਮੀਟਿੰਗਾਂ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਹਨ, ਜੋ ਸਰਕਾਰ ਬਣਦੇ ਹੀ ਪਹਿਲ ਦੇ ਅਧਾਰ 'ਤੇ ਹੱਲ ਕੀਤੀਆਂ ਜਾਣਗੀਆਂ | ਉਨ੍ਹਾਂ ਹਲਕੇ ਦੇ ਵਰਕਰਾਂ ਅਤੇ ਆਮ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਤਲਵੰਡੀ ਸਾਬੋ ਵਿਖੇ 11 ਅਪ੍ਰੈਲ ਨੂੰ ਕੀਤੀ ਜਾ ਰਹੀ ਰੈਲੀ ਵਿਚ ਸ਼ਾਮਿਲ ਹੋਣ ਅਪੀਲ ਕੀਤੀ |