28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਧਾੜਵੀਆਂ ਵਾਂਗ ਲੁੱਟੀ ਗਈ ਬਲਾਕ ਸੰਮਤੀ ਚੇਅਰਮੈਨ ਦੀ ਚੋਣ, ਅਧਿਕਾਰੀ ਸੱਤਾਧਿਰ ਦੇ ਵਰਕਰ ਨਜ਼ਰ ਆਏ- ਜਟਾਣਾ <br/>

ਅਜੀਤ ਡੈਸਕ 26-03-2026
ਤਲਵੰਡੀ ਸਾਬੋ, 25 ਮਾਰਚ (ਪੱਤਰ ਪ੍ਰੇਰਕ)- ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਲੋਕਤੰਤਰੀ ਕਦਰਾਂ ਕੀਮਤਾਂ ਦਾ ਢਿੰਡੋਰਾ ਪਿੱਟਣ ਵਾਲੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ 'ਚ ਤਲਵੰਡੀ ਸਾਬੋ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਦੌਰਾਨ ਸੱਤਾ ਪਾਰਟੀ ਦੇ ਆਗੂਆਂ ਨੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਦਿੱਤਾ ਤੇ ਪੂਰੀ ਚੋਣ ਧਾੜਵੀਆਂ ਵਾਂਗ ਲੁੱਟੀ ਗਈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਧੱਕੇਸ਼ਾਹੀ ਦੀ ਸਿਖਰ ਕੱਲ੍ਹ ਤਲਵੰਡੀ ਸਾਬੋ ਵਿਖੇ ਚੇਅਰਮੈਨੀ ਦੀ ਚੋਣ ਦੌਰਾਨ ਦੇਖਣ ਨੂੰ ਮਿਲੀ ਕਿ ਲੋਕਾਂ ਵੱਲੋਂ ਵੋਟਾਂ ਪਾ ਕੇ ਜਿਤਾਏ ਵਿਰੋਧੀ ਧਿਰਾਂ ਦੇ ਬਲਾਕ ਸੰਮਤੀ ਮੈਂਬਰਾਂ ਨੂੰ ਚੇਅਰਮੈਨੀ ਦੀ ਚੋਣ ਲਈ ਰੱਖੀ ਮੀਟਿੰਗ 'ਚ ਵੜਨ ਹੀ ਨਹੀਂ ਦਿੱਤਾ ਗਿਆ ਜਦੋਂਕਿ ਉਨਾਂ ਕੋਲ ਮੀਟਿੰਗ ਚ ਹਾਜ਼ਰ ਹੋਣ ਲਈ ਬਕਾਇਦਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਪੱਤਰ ਮੌਜੂਦ ਸਨ | ਕਾਂਗਰਸੀ ਆਗੂ ਨੇ ਅੱਗੇ ਕਿਹਾ ਕਿ ਜਿੱਥੇ ਬਲਾਕ ਸੰਮਤੀ ਮੈਂਬਰਾਂ ਨਾਲ ਸਰਕਾਰ ਦੀ ਸ਼ਹਿ ਥੱਲੇ ਪੁਲਿਸ ਅਧਿਕਾਰੀਆਂ ਨੇ ਰੱਜ ਕੇ ਧੱਕਾ ਮੁੱਕੀ ਕੀਤੀ ਉੱਥੇ ਮਹਿਲਾ ਬਲਾਕ ਸੰਮਤੀ ਮੈਂਬਰਾਂ ਦੀ ਖਿੱਚਧੂਹ ਇੱਕ ਮੰਦਭਾਗਾ ਘਟਨਾਕ੍ਰਮ ਹੈ | ਜਟਾਣਾ ਮੁਤਾਬਿਕ ਸੱਤਾਧਾਰੀਆਂ ਨੇ ਤਾਂ ਧੱਕੇਸ਼ਾਹੀ ਦਾ ਨੰਗਾ ਨਾਚ ਨੱਚਿਆ ਹੀ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨੌਕਰੀ ਹਾਸਿਲ ਕਰਨ ਸਮੇਂ ਜਿਹੜੇ ਅਫ਼ਸਰ ਲੋਕਾਂ ਨੂੰ ਇਨਸਾਫ਼ ਦੇਣ ਦੀਆਂ ਸਹੁੰਆਂ ਚੁੱਕਦੇ ਹਨ ਉਨ੍ਹਾਂ ਨੇ ਨਿਯਮ/ ਕਾਨੂੰਨ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰ ਦਿੱਤਾ ਤੇ ਪੂਰੀ ਚੋਣ ਪ੍ਰਕਿ੍ਆ ਦੌਰਾਨ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਸੱਤਾਧਿਰ ਦੇ ਵਰਕਰਾਂ ਵਾਂਗ ਕੰਮ ਕਰਦੇ ਨਜ਼ਰ ਆਏ ਜੋ ਸ਼ਰਮਨਾਕ ਵਰਤਾਰਾ ਹੈ | ਜਟਾਣਾ ਨੇ ਕਿਹਾ ਕਿ ਸਮਾਂ ਹੁਣ ਬਹੁਤੀ ਦੂਰ ਨਹੀ ਲੋਕ ਹਰ ਵਧੀਕੀ ਦਾ ਹਿਸਾਬ ਲੈਣਗੇ |

ਪਿਛਲੀ ਖ਼ਬਰ ਗੁਰੂ ਕਾਂਸੀ ਸਕੂਲ ਭਗਤਾ ਵਿਖੇ ਮਨੋਰੰਜਨ ਮੇਲਾ ਲਗਾਇਆ ਅਗਲੀ ਖ਼ਬਰ ਅਕਾਲ ਯੂਨੀਵਰਸਿਟੀ 'ਚ ਪਾਈ ਡੇ ਅਤੇ ਗਣਿਤ ਮੇਲਾ 4.0 ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।