ਇਕ ਨਜ਼ਰ ਏਧਰ ਵੀ...... ਅਫ਼ਸਰ ਸਾਬ੍ਹ! ਨਾਜਾਇਜ਼ ਕਬਜ਼ੇ ਹਟਵਾਓ, ਟਰੈਫ਼ਿਕ ਸਮੱਸਿਆ ਸੁਧਾਰੋ ਤੇ ਹੂਟਰ ਨਾ ਮਾਰੋ
ਅਜੀਤ ਡੈਸਕ
21-01-2026
ਮਾਨਸਾ, 20 ਜਨਵਰੀ- ਮਾਨਸਾ 'ਚ ਲੋਕ ਕਈ ਗੰਭੀਰ ਸਮੱਸਿਆਵਾਂ ਨਾਲ ਦੋ-ਚਾਰ ਹੋ ਰਹੇ ਹਨ, ਉਹ ਪ੍ਰਸ਼ਾਸਨ ਕੋਲ ਵਾਰ-ਵਾਰ ਗੁਹਾਰ ਵੀ ਲਗਾਉਂਦੇ ਰਹਿੰਦੇ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਰਹਿੰਦਾ ਹੈ | ਸ਼ਹਿਰ 'ਚ ਮੁੱਖ ਬਾਜ਼ਾਰ ਤੋਂ ਇਲਾਵਾ ਲਗਪਗ ਸਾਰੀਆਂ ਸੜਕਾਂ ਤੇ ਮੁਹੱਲਿਆਂ 'ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ | ਨਗਰ ਕੌਂਸਲ ਦੇ ਅਧਿਕਾਰੀ ਸਿਰਫ਼ ਖਾਨਾਪੂਰਤੀ ਕਰਦੇ ਹਨ | ਕਦੇ-ਕਦਾਈਾ ਸੁਰੱਖਿਆ ਫੋਰਸ ਦੇ ਸਹਿਯੋਗ ਨਾਲ ਉਹ ਨਾਜਾਇਜ਼ ਕਬਜ਼ੇ ਹਟਾਉਣ ਲਈ ਬਾਜ਼ਾਰਾਂ ਤੇ ਸੜਕਾਂ 'ਤੇ ਪਏ ਬੋਰਡ ਆਦਿ ਚੁੱਕ ਕੇ ਚਿਤਾਵਨੀ ਵੀ ਦੇ ਜਾਂਦੇ ਹਨ ਪਰ ਕੁਝ ਘੰਟਿਆਂ ਬਾਅਦ ਮੁੜ ਪਹਿਲਾਂ ਵਰਗੀ ਸਥਿਤੀ ਹੋ ਜਾਂਦੀ ਹੈ | ਮੁੱਖ ਬਾਜ਼ਾਰ 'ਚ ਚਾਰ ਪਹੀਆ ਵਾਹਨ ਲੰਘਾਉਣਾ ਖਾਲਾ ਜੀ ਦਾ ਵਾੜਾ ਨਹੀਂ | ਵੱਡੀ ਗੱਡੀ ਵਾਲੇ ਦੀ ਤਾਂ ਬੱਸ ਹੀ ਹੋ ਜਾਂਦੀ ਹੈ ਕਿਉਂਕਿ ਦੁਕਾਨਦਾਰਾਂ ਨੇ ਸੜਕਾਂ 'ਤੇ ਚੌਂਤਰੇ ਆਦਿ ਬਣਾ ਰੱਖੇ ਹਨ ਅਤੇ ਉਸ ਤੋਂ ਅੱਗੇ ਦੋਪਹੀਆ ਵਾਹਨ ਖੜ੍ਹਾਏ ਜਾਂਦੇ ਹਨ | ਅਜਿਹਾ ਹੋਣ ਕਰ ਕੇ ਕੁਝ ਸਮੇਂ ਬਾਅਦ ਜਾਮ ਲੱਗ ਜਾਂਦਾ ਹੈ | ਖ਼ਾਸ ਕਰ ਕੇ ਫਾਟਕ ਨਜ਼ਦੀਕ ਤਾਂ ਸਥਿਤੀ ਬਦ ਤੋਂ ਬਦਤਰ ਹੋ ਜਾਂਦੀ ਹੈ | ਟਰੇਨਾਂ ਤੇ ਮਾਲ ਗੱਡੀਆਂ ਜਦੋਂ ਗੁਜ਼ਰਦੀਆਂ ਹਨ ਤਾਂ ਘੰਟਿਆਂ ਬੱਧੀ ਜਾਮ ਲੱਗ ਜਾਂਦਾ ਹੈ | ਵੀ. ਵੀ. ਆਈ. ਪੀ. ਕਰ ਕੇ ਜਾਣੀ ਜਾਂਦੀ ਕਚਹਿਰੀ ਰੋਡ 'ਤੇ ਵੀ ਟਰੈਫ਼ਿਕ ਸਮੱਸਿਆ ਗੰਭੀਰ ਹੋ ਗਈ ਹੈ | ਬੱਸ ਸਟੈਂਡ ਤੋਂ ਲੈ ਕੇ ਕਚਹਿਰੀਆਂ ਤੱਕ ਸੜਕ ਦੇ ਦੋਵੇਂ ਪਾਸੇ ਰੇਹੜੀਆਂ/ਫੜੀਆਂ ਲੱਗ ਜਾਂਦੀਆਂ ਹਨ ਅਤੇ ਕਈਆਂ ਨੇ ਤਾਂ ਪੱਕੇ ਅੱਡੇ ਬਣਾ ਲਏ ਹਨ | ਇਸੇ ਤਰ੍ਹਾਂ ਦੁਕਾਨਾਂ ਅੱਗੇ ਕਾਰਾਂ ਆਦਿ ਵੀ ਨਿੱਤ ਰੋਜ਼ ਖੜ੍ਹਦੀਆਂ ਹਨ, ਜਿਸ ਕਰ ਕੇ ਪੈਦਲ ਚਾਲਕਾਂ ਨੂੰ ਹਾਦਸੇ ਦਾ ਡਰ ਰਹਿੰਦਾ ਹੈ | ਕਾਬਲੇ-ਗ਼ੌਰ ਰਹੇ ਪ੍ਰਬੰਧਕੀ ਤੇ ਅਦਾਲਤੀ ਕੰਪਲੈਕਸ ਹੋਣ ਕਰ ਕੇ ਜ਼ਿਲੇ੍ਹ ਦੇ ਲੋਕਾਂ ਦਾ ਇੱਧਰ ਵੱਲ ਵਧੇਰੇ ਆਉਣਾ-ਜਾਣਾ ਰਹਿੰਦਾ ਹੈ | ਦੱਸਣਾ ਇਹ ਵੀ ਬਣਦਾ ਹੈ ਕਿ ਹਸਪਤਾਲ ਰੋਡ 'ਤੇ ਕਈ ਦੁਕਾਨਾਂ ਇਸ ਕਦਰ ਨਜਾਇਜ਼ ਉਸਾਰੀਆਂ ਗਈਆਂ ਹਨ, ਜਿਨ੍ਹਾਂ ਨੂੰ ਹਟਾਉਣ ਲਈ ਅਦਾਲਤੀ ਨਿਰਦੇਸ਼ ਵੀ ਆਏ ਪਰ ਪ੍ਰਸ਼ਾਸਨ ਨੇ ਸਭ ਕਾਗ਼ਜ਼ਾਂ 'ਚ ਖਾਨਾਪੂਰਤੀ ਕਰ ਦਿੱਤੀ | ਨਜਾਇਜ਼ ਉਸਾਰੀਆਂ ਜਿਉਂ ਦੀ ਤਿਉਂ ਹੈ |
ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਕਰ ਰਹੇ ਨੇ ਸਵਾਗਤ
-ਸਿਰਸਾ ਰੋਡ 'ਤੇ ਸਥਾਪਿਤ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਸਰਹਿੰਦ ਡਰੇਨ ਤੱਕ ਪਾਈਪ ਲਾਈਨ ਪਾਉਣ ਦਾ ਕੰਮ ਜਾਰੀ ਹੈ | ਵਿਧਾਇਕ ਤੇ ਪ੍ਰਸ਼ਾਸਨਿਕ ਅਧਿਕਾਰੀ ਦਾਅਵਾ ਕਰਦੇ ਹਨ ਕਿ ਕੁਝ ਮਹੀਨਿਆਂ 'ਚ ਇਹ ਕਾਰਜ ਮੁਕੰਮਲ ਹੋ ਜਾਵੇਗਾ ਅਤੇ ਸ਼ਹਿਰੀਆਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਮਿਲ ਜਾਵੇਗੀ | ਇਨ੍ਹੀਂ ਦਿਨੀਂ ਵੇਖਿਆ ਜਾਵੇ ਕਾਫ਼ੀ ਗਲੀਆਂ 'ਚ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੈ | ਇੱਥੋਂ ਤੱਕ ਕਚਹਿਰੀ ਰੋਡ 'ਤੇ ਬਣੇ ਨਿਕਾਸੀ ਨਾਲੇ ਨੱਕੋ-ਨੱਕ ਗੰਦਗੀ ਤੇ ਪਲਾਸਟਿਕ ਦੇ ਕਚਰੇ ਨਾਲ ਭਰੇ ਪਏ ਹਨ, ਜਿਸ ਕਾਰਨ ਕਈ ਥਾਵਾਂ 'ਤੇ ਗੰਦਾ ਪਾਣੀ ਸੜਕ 'ਤੇ ਆ ਖੜ੍ਹਾ ਹੈ | ਇਸ ਤੋਂ ਇਲਾਵਾ ਥਾਂ-ਥਾਂ 'ਤੇ ਗੰਦਗੀ ਦੇ ਢੇਰ ਪਏ ਹਨ, ਜਿੱਥੇ ਅਕਸਰ ਬੇਸਹਾਰਾ ਪਸ਼ੂ ਮੂੰਹ ਮਾਰਦੇ ਵੇਖੇ ਜਾ ਸਕਦੇ ਹਨ | ਪੈਦਲ ਚਾਲਕਾਂ ਨੂੰ ਨੱਕ 'ਤੇ ਰੁਮਾਲ ਰੱਖ ਕੇ ਲੰਘਣਾ ਪੈਂਦਾ ਹੈ |
ਕਾਫ਼ੀ ਸਟਰੀਟ ਲਾਈਟਾਂ ਬੰਦ, ਟਰੈਫ਼ਿਕ ਬੱਤੀਆਂ ਗੁੱਲ
-ਸ਼ਹਿਰ ਦੇ ਕਈ ਹਿੱਸਿਆਂ 'ਚ ਦਿਨ ਛਿਪਦੇ ਹੀ ਹਨੇਰਾ ਛਾ ਜਾਂਦਾ ਹੈ ਕਿਉਂਕਿ ਕਾਫ਼ੀ ਸਟਰੀਟ ਲਾਈਟਾਂ ਬੰਦ ਪਈਆਂ ਹਨ | ਇੱਥੋਂ ਤੱਕ ਕਚਹਿਰੀ ਰੋਡ 'ਤੇ ਵੀ ਕਈ ਬੱਤੀਆਂ ਗੁੱਲ ਹਨ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗੇਟ ਤੋਂ ਅਦਾਲਤੀ ਕੰਪਲੈਕਸ ਤੱਕ ਕੁਝ ਲਾਈਟਾਂ ਠੱਪ ਹਨ | ਮਾਨਸਾ-ਸਿਰਸਾ ਮੁੱਖ ਸੜਕ 'ਤੇ ਸਥਾਪਿਤ ਓਵਰ ਬਿ੍ਜ 'ਤੇ ਪਿਛਲੇ ਸਮੇਂ ਤੋਂ ਸਟਰੀਟ ਲਾਈਟਾਂ ਨਹੀਂ ਚੱਲ ਰਹੀਆਂ | ਪੁਲ ਦੀ ਹਾਲਤ ਵੀ ਇਕ-ਦੋ ਥਾਵਾਂ ਤੋਂ ਖਸਤਾ ਹੈ | ਇਸ ਪੁਲ ਉੱਪਰ ਦੀ ਵੱਡੀ ਗਿਣਤੀ 'ਚ ਵਾਹਨ ਲੰਘਦੇ ਹਨ ਕਿਉਂਕਿ ਮਾਨਸਾ ਤੋਂ ਸਿਰਸਾ, ਸਿਰਸਾ ਤੋਂ ਬਰਨਾਲਾ-ਚੰਡੀਗੜ੍ਹ, ਮਾਨਸਾ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਾਣ ਲਈ ਇਹ ਮੁੱਖ ਰਸਤਾ ਹੈ | ਤਲਵੰਡੀ ਸਾਬੋ ਤਾਪ ਘਰ ਬਣਾਂਵਾਲਾ ਨੂੰ ਵੱਡੇ ਟਰਾਲੇ ਵੀ ਇਸ ਰਸਤੇ ਰਾਹੀਂ ਜਾਂਦੇ ਹਨ | ਬਰਨਾਲਾ-ਸਿਰਸਾ ਮੁੱਖ ਸੜਕ 'ਤੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਤਿੰਨਕੋਨੀ 'ਤੇ ਸ਼ਹਿਰ ਦੀਆਂ ਇਕੋ-ਇਕ ਟਰੈਫ਼ਿਕ ਬੱਤੀਆਂ ਹਨ, ਜੋ ਅਕਸਰ ਬੰਦ ਰਹਿੰਦੀਆਂ ਹਨ | ਕੁਝ ਦਿਨਾਂ ਤੋਂ ਇਹ ਲਾਈਟਾਂ ਚੱਲ ਨਹੀਂ ਰਹੀਆਂ, ਜਿਸ ਕਰ ਕੇ ਲੋਕ ਆਪ ਮੁਹਾਰੇ ਲੰਘਣ ਲਈ ਮਜਬੂਰ ਹੁੰਦੇ ਹਨ, ਜਿਸ ਕਰ ਕੇ ਕਦੋਂ ਵੀ ਹਾਦਸਾ ਵਾਪਰ ਸਕਦਾ ਹੈ | ਦੇਰ ਸ਼ਾਮ 'ਅਜੀਤ' ਦੀ ਟੀਮ ਵਲੋਂ ਸ਼ਹਿਰ ਵਿਚਲੇ ਅੰਡਰ ਬਿ੍ਜ ਦਾ ਦੌਰਾ ਕੀਤਾ ਗਿਆ ਤਾਂ ਬਿ੍ਜ ਦੀਆਂ 18 ਲਾਈਟਾਂ ਬੰਦ ਪਾਈਆਂ ਗਈਆਂ |
ਸਾਹਿਬ ਲੰਘ ਜਾਂਦੇ ਨੇ ਹੂਟਰ ਮਾਰ ਕੇ
-ਲੋਕ ਟਰੈਫ਼ਿਕ ਸਮੱਸਿਆ ਨਾਲ ਜੂਝਦੇ ਰਹਿੰਦੇ ਹਨ ਪਰ ਸਾਹਿਬ ਹੂਟਰ ਮਾਰ ਕੇ ਲੰਘ ਜਾਂਦੇ ਹਨ | ਕਈ ਵਾਰ ਅਜਿਹਾ ਦਿ੍ਸ਼ ਵੇਖਿਆ ਜਾਂਦਾ ਹੈ ਕਿ ਜਦੋਂ ਆਵਾਜਾਈ 'ਚ ਮਾੜੀ-ਮੋਟੀ ਰੁਕ ਜਾਂਦੀ ਹੈ ਤਾਂ ਅਧਿਕਾਰੀਆਂ ਦੀ ਪਾਇਲਟ ਵਾਲੇ ਸੁਰੱਖਿਆ ਕਰਮੀ ਗੱਡੀ 'ਚੋਂ ਉੱਤਰ ਕੇ ਹਫੜਾ-ਦਫੜੀ ਮਚਾ ਦਿੰਦੇ ਹਨ ਅਤੇ ਹੂਟਰ ਵੀ ਗੰੂਜਾਂ ਮਾਰਦਾ ਰਹਿੰਦਾ ਹੈ | ਇਹ ਮਾਹੌਲ ਕਚਹਿਰੀ ਰੋਡ 'ਤੇ ਜ਼ਿਆਦਾ ਨਜ਼ਰ ਪੈਂਦਾ ਹੈ ਕਿਉਂਕਿ ਡਿਪਟੀ ਕਮਿਸ਼ਨਰ, ਐਸ.ਐਸ.ਪੀ. ਤੋਂ ਇਲਾਵਾ ਬਹੁਤ ਸਾਰੇ ਛੋਟੇ-ਵੱਡੇ ਅਧਿਕਾਰੀਆਂ ਨੂੰ ਇਸ ਰਸਤੇ ਰਾਹੀਂ ਆਪਣੇ ਦਫ਼ਤਰਾਂ ਵੱਲ ਕਈ ਗੇੜੀਆਂ ਲਗਾਉਂਣੀਆਂ ਪੈਂਦੀਆਂ ਹਨ | ਜਦੋਂ ਹੂਟਰ ਵੱਜਦੇ ਹਨ ਤਾਂ ਆਮ ਲੋਕ ਅਫ਼ਸਰਾਂ ਦੇ ਨਾਲ ਸਰਕਾਰ ਨੂੰ ਪਾਣੀ ਪੀ-ਪੀ ਕੋਸਦੇ ਹਨ | ਉਹ ਆਖਦੇ ਹਨ ਕਿ ਪਤਾ ਨਹੀਂ ਕਿਉਂ ਅਫ਼ਸਰਾਂ ਨੂੰ ਨਜਾਇਜ਼ ਕਬਜ਼ੇ ਤੇ ਟਰੈਫ਼ਿਕ ਸਮੱਸਿਆ ਨਜ਼ਰ ਨਹੀਂ ਆ ਰਹੀ | ਸ਼ਹਿਰੀ ਮੰਗ ਕਰ ਰਹੇ ਹਨ ਕਿ ਨਜਾਇਜ਼ ਕਬਜ਼ੇ ਹਟਾਉਣ ਦੇ ਨਾਲ ਹੀ ਟਰੈਫ਼ਿਕ ਸਮੱਸਿਆ ਦਾ ਹੱਲ ਕੀਤਾ ਜਾਵੇ |