ਸਰਹੰਦ ਤੇ ਰਾਜਸਥਾਨ ਫੀਡਰ ’ਤੇ ਬਣੇ ਉਚੇ ਪੁਲਾਂ ਦੀਆਂ ਢਲਾਨਾਂ ਨੂੰ ਸੜਕਾਂ ਨਾਲ ਜੋੜਨ ਦੀ ਮੰਗ
ਸ੍ਰੀ ਮੁਕਤਸਰ ਸਾਹਿਬ, 10 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਨੇੜਿਓਂ ਲੰਘਦੀਆਂ ਸਰਹੰਦ ਫੀਡਰ ਅਤੇ ਰਾਜਸਥਾਨ ਫੀਡਰ (ਜੌੜੀਆਂ ਨਹਿਰਾਂ) ’ਤੇ ਪਿਛਲੇ ਮਹੀਨਿਆਂ ਦੌਰਾਨ ਪੁਰਾਣੇ ਪੁਲਾਂ ਨੂੰ ਚੌੜਾ ਤੇ ਉਚਾ ਕਰਕੇ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਹੈ। ਪੁਰਾਣੇ ਪੁਲ ਨੀਂਵੇ, ਤੰਗ ਅਤੇ ਖ਼ਸਤਾ ਹਾਲਤ ਵਿਚ ਹੋਣ ਕਾਰਨ ਇਨ੍ਹਾਂ ਨੂੰ ਆਵਾਜਾਈ ਨੂੰ ਸੁਖਾਲਾ ਬਣਾਉਣ ਦੇ ਮਕਸਦ ਨਾਲ ਉਚਾ ਤੇ ਚੌੜਾ ਕੀਤਾ ਗਿਆ ਸੀ, ਪਰ ਪੁਲਾਂ ਦੀਆਂ ਢਲਾਨਾਂ ਨੂੰ ਅਜੇ ਤੱਕ ਸੜਕਾਂ ਨਾਲ ਪੱਕੇ ਤੌਰ ’ਤੇ ਨਹੀਂ ਜੋੜਿਆ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ੍ਰੀ ਮੁਕਤਸਰ ਸਾਹਿਬ, 10 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਨੇੜਿਓਂ ਲੰਘਦੀਆਂ ਸਰਹੰਦ ਫੀਡਰ ਅਤੇ ਰਾਜਸਥਾਨ ਫੀਡਰ (ਜੌੜੀਆਂ ਨਹਿਰਾਂ) ’ਤੇ ਪਿਛਲੇ ਮਹੀਨਿਆਂ ਦੌਰਾਨ ਪੁਰਾਣੇ ਪੁਲਾਂ ਨੂੰ ਚੌੜਾ ਤੇ ਉਚਾ ਕਰਕੇ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਹੈ। ਪੁਰਾਣੇ ਪੁਲ ਨੀਂਵੇ, ਤੰਗ ਅਤੇ ਖ਼ਸਤਾ ਹਾਲਤ ਵਿਚ ਹੋਣ ਕਾਰਨ ਇਨ੍ਹਾਂ ਨੂੰ ਆਵਾਜਾਈ ਨੂੰ ਸੁਖਾਲਾ ਬਣਾਉਣ ਦੇ ਮਕਸਦ ਨਾਲ ਉਚਾ ਤੇ ਚੌੜਾ ਕੀਤਾ ਗਿਆ ਸੀ, ਪਰ ਪੁਲਾਂ ਦੀਆਂ ਢਲਾਨਾਂ ਨੂੰ ਅਜੇ ਤੱਕ ਸੜਕਾਂ ਨਾਲ ਪੱਕੇ ਤੌਰ ’ਤੇ ਨਹੀਂ ਜੋੜਿਆ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਥਾਂਦੇਵਾਲਾ ਤੋਂ ਭੁੱਟੀਵਾਲਾ ਨੂੰ ਜਾਂਦੇ ਰਸਤੇ ਅਤੇ ਪਿੰਡ ਕੋਟਲੀ ਸੰਘਰ ਤੋਂ ਝਬੇਲਵਾਲੀ ਨੂੰ ਜਾਂਦੇ ਰਸਤੇ ’ਤੇ ਬਣੇ ਉਚੇ ਪੁਲਾਂ ਦੀਆਂ ਢਲਾਨਾਂ ਕਾਫ਼ੀ ਉਚੀਆਂ ਹਨ। ਪੁਲਾਂ ਨੂੰ ਸੜਕ ਨਾਲ ਜੋੜਨ ਲਈ ਪ੍ਰੀਮਿਕਸ ਪਾਉਣ ਦੀ ਬਜਾਏ, ਇਨ੍ਹਾਂ ਥਾਵਾਂ ’ਤੇ ਮਿੱਟੀ ਆਦਿ ਪਾ ਦਿੱਤੀ ਗਈ ਹੈ। ਮੀਂਹ ਪੈਣ ਤੇ ਵਾਹਨਾਂ ਦੀ ਆਵਾਜਾਈ ਕਾਰਨ ਮਿੱਟੀ ਖਿਸਕਣ ਦੇ ਨਾਲ-ਨਾਲ ਰਸਤਾ ਵੀ ਖ਼ਰਾਬ ਹੋ ਜਾਂਦਾ ਹੈ, ਜਦਕਿ ਸੁੱਕੇ ਮੌਸਮ ਵਿਚ ਧੂੜ ਉਡਣ ਕਾਰਨ ਰਾਹਗੀਰਾਂ ਨੂੰ ਹੋਰ ਮੁਸ਼ਕਿਲ ਆਉਂਦੀ ਹੈ। ਪਿੰਡ ਕੋਟਲੀ ਸੰਘਰ ਤੋਂ ਝਬੇਲਵਾਲੀ ਵਾਲੇ ਪੁਲ ’ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਨੇ ਕਿਹਾ ਕਿ ਇਸ ਪੁਲ ਨੂੰ ਬਣਿਆ ਕਰੀਬ ਇਕ ਸਾਲ ਹੋਣ ਵਾਲਾ ਹੈ, ਪਰ ਅਜੇ ਤੱਕ ਪੁਲ ਤੋਂ ਹੇਠਾ ਆਉਂਦੀ ਢਲਾਨ ’ਤੇ ਪ੍ਰੀਮਿਕਸ ਨਹੀਂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਢਲਾਨ ਬਹੁਤ ਉਚੀ ਹੋਣ ਕਾਰਨ ਭਾਰ ਨਾਲ ਲੱਦੇ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਨੂੰ ਇੱਥੋਂ ਲੰਘਣ ਵਿਚ ਭਾਰੀ ਦਿੱਕਤ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਢਲਾਨ ਕਾਰਨ ਕਈ ਈ-ਰਿਕਸ਼ੇ ਵੀ ਪਲਟ ਚੁੱਕੇ ਹਨ ਅਤੇ ਹਰ ਸਮੇਂ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਤੋਂ ਸਕੂਲੀ ਵੈਨਾਂ ਸਮੇਤ ਰੋਜ਼ਾਨਾ ਵੱਡੀ ਗਿਣਤੀ ਵਿਚ ਵਾਹਨ ਲੰਘਦੇ ਹਨ। ਮਿੱਟੀ ਕਾਰਨ ਉਡਦੀ ਧੂੜ ਅਤੇ ਸਰਦੀਆਂ ਵਿਚ ਧੁੰਦ ਦੌਰਾਨ ਘੱਟ ਵਿਖਾਈ ਦੇਣ ਕਾਰਨ ਹਾਦਸੇ ਦਾ ਖ਼ਤਰਾ ਹੋਰ ਵਧ ਜਾਂਦਾ ਹੈ। ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਨਹਿਰਾਂ ’ਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਹਨੀ ਫ਼ੱਤਣਵਾਲਾ ਨੇ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਸਰਹੰਦ ਤੇ ਰਾਜਸਥਾਨ ਫੀਡਰ ’ਤੇ ਬਣੇ ਉਚੇ ਪੁਲਾਂ ਦੀਆਂ ਢਲਾਨਾਂ ’ਤੇ ਤੁਰੰਤ ਪ੍ਰੀਮਿਕਸ ਪਾ ਕੇ ਉਨ੍ਹਾਂ ਨੂੰ ਸੜਕਾਂ ਨਾਲ ਪੱਕੇ ਤੌਰ ’ਤੇ ਜੋੜਿਆ ਜਾਵੇ।