09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਮਲੋਟ ’ਚ ਪੀਣ ਵਾਲੇ ਪਾਣੀ ਦਾ ਸੰਕਟ-ਸਿਆਸਤ ਭਖੀ, ਪ੍ਰਸ਼ਾਸਨ ਸਰਗਰਮ, ਪਰ ਲੋਕ ਦੁਖੀ

ਮਲੋਟ, 8 ਸਤੰਬਰ (ਪਾਟਿਲ)-ਮਲੋਟ ਸ਼ਹਿਰ ਵਿਚ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਦਾ ਮੁੱਦਾ ਹੋਰ ਵੀ ਗੰਭੀਰ ਬਣ ਗਿਆ ਹੈ। ਇਕ ਪਾਸੇ ਇਸ ਮਾਮਲੇ ਨੂੰ ਲੈ ਕੇ ਸਿਆਸੀ ਮਾਹੌਲ ਭਖਦਾ ਨਜ਼ਰ ਆ ਰਿਹਾ ਹੈ, ਜਦਕਿ ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਮੱਸਿਆ ਦੇ ਹੱਲ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇਸ ਸਭ ਦੇ ਬਾਵਜੂਦ ਸ਼ਹਿਰ ਦੇ ਕਈ ਵਾਰਡਾਂ ਵਿਚ ਲੋਕਾਂ ਦੀ ਮੁੱਢਲੀ ਸਮੱਸਿਆ ਅਜੇ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ।

ਅਜੀਤ ਡੈਸਕ 09-09-2026
ਮਲੋਟ, 8 ਸਤੰਬਰ (ਪਾਟਿਲ)-ਮਲੋਟ ਸ਼ਹਿਰ ਵਿਚ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਦਾ ਮੁੱਦਾ ਹੋਰ ਵੀ ਗੰਭੀਰ ਬਣ ਗਿਆ ਹੈ। ਇਕ ਪਾਸੇ ਇਸ ਮਾਮਲੇ ਨੂੰ ਲੈ ਕੇ ਸਿਆਸੀ ਮਾਹੌਲ ਭਖਦਾ ਨਜ਼ਰ ਆ ਰਿਹਾ ਹੈ, ਜਦਕਿ ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਮੱਸਿਆ ਦੇ ਹੱਲ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇਸ ਸਭ ਦੇ ਬਾਵਜੂਦ ਸ਼ਹਿਰ ਦੇ ਕਈ ਵਾਰਡਾਂ ਵਿਚ ਲੋਕਾਂ ਦੀ ਮੁੱਢਲੀ ਸਮੱਸਿਆ ਅਜੇ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ। ਮਲੋਟ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਅੱਜ ਦੀ ਪੈਦਾ ਕੀਤੀ ਹੋਈ ਨਹੀਂ, ਸਗੋਂ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ। ਵੱਖ-ਵੱਖ ਸਰਕਾਰਾਂ ਦੇ ਕਾਰਜਕਾਲ ਦੌਰਾਨ ਪਾਣੀ ਦੀ ਸਪਲਾਈ ਸੁਧਾਰਨ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟ ਲਗਾਉਣ ਅਤੇ ਸਮੱਸਿਆ ਦਾ ਸਥਾਈ ਹੱਲ ਕਰਨ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ। ਇਸ ਦੇ ਬਾਵਜੂਦ ਅੱਜ ਵੀ ਲੋਕਾਂ ਨੂੰ ਸਾਫ਼ ਪਾਣੀ ਲਈ ਜੱਦੋ-ਜ਼ਹਿਦ ਕਰਨੀ ਪੈ ਰਹੀ ਹੈ। ਮੌਜੂਦਾ ਸਮੇਂ ਵਿਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਵਾਟਰ ਵਰਕਸ ਦੀ ਸਪਲਾਈ ਵਿਚ ਸੀਵਰੇਜ ਦਾ ਪਾਣੀ ਮਿਲ ਕੇ ਆਉਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਕਈ ਘਰਾਂ ਵਿਚ ਕਾਲੇ ਰੰਗ ਅਤੇ ਬਦਬੂ ਵਾਲਾ ਪਾਣੀ ਪਹੁੰਚ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਪਾਣੀ ਨੂੰ ਪੀਣਾ ਤਾਂ ਦੂਰ ਦੀ ਗੱਲ, ਉਹ ਇਸ ਨੂੰ ਘਰੇਲੂ ਵਰਤੋਂ ਲਈ ਵੀ ਮਜਬੂਰੀਵੱਸ ਹੀ ਵਰਤ ਰਹੇ ਹਨ। ਲੋਕਾਂ ਵਲੋਂ ਇਹ ਮਾਮਲਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ। ਕੈਬਨਿਟ ਮੰਤਰੀ ਵਲੋਂ ਸੰਬੰਧਿਤ ਅਧਿਕਾਰੀਆਂ ਨੂੰ ਸਮੱਸਿਆ ਦੇ ਹੱਲ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸੇ ਦੌਰਾਨ ਅੱਜ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮਲੋਟ ਵਿਚ ਪਾਣੀ ਦੀ ਸਪਲਾਈ ਸੰਬੰਧੀ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਵਿਚ ਪਾਣੀ ਦੀ ਗੁਣਵੱਤਾ, ਸਪਲਾਈ ਦੀ ਨਿਰੰਤਰਤਾ ਅਤੇ ਲੋਕਾਂ ਵਲੋਂ ਮਿਲ ਰਹੀਆਂ ਸ਼ਿਕਾਇਤਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਕੈਬਨਿਟ ਮੰਤਰੀ ਵਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਲੋਕਾਂ ਨੂੰ ਜਲਦ ਤੋਂ ਜਲਦ ਸਾਫ਼-ਸੁਥਰੇ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਸਮੱਸਿਆ ਦੇ ਹੱਲ ਲਈ ਚੱਲ ਰਹੇ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇ। ਸ਼ਹਿਰ ਵਾਸੀਆਂ ਦੀ ਸਮੱਸਿਆ ਸਿਰਫ਼ ਗੰਦੇ ਪਾਣੀ ਤੱਕ ਸੀਮਤ ਨਹੀਂ। ਕਈ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਨਿਯਮਤ ਨਹੀਂ ਹੋ ਰਹੀ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ 15 ਤੋਂ 20 ਦਿਨਾਂ ਤੱਕ ਵੀ ਪਾਣੀ ਦੀ ਸਪਲਾਈ ਨਹੀਂ ਹੁੰਦੀ। ਅਜਿਹੇ ਹਾਲਾਤ ਵਿਚ ਲੋਕਾਂ ਨੂੰ ਪਾਣੀ ਦੀਆਂ ਬਦਲਵੀਆਂ ਵਿਵਸਥਾਵਾਂ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਬਹੁਤ ਸਾਰੇ ਪਰਿਵਾਰ ਵਾਟਰ ਵਰਕਸ ਦੇ ਪਾਣੀ ’ਤੇ ਭਰੋਸਾ ਹੀ ਨਹੀਂ। ਲੋਕ ਆਪਣੀ ਆਰਥਿਕ ਸਮਰੱਥਾ ਅਨੁਸਾਰ 5 ਤੋਂ 20 ਰੁਪਏ ਤੱਕ ਖ਼ਰਚ ਕਰਕੇ 20 ਲੀਟਰ ਪੀਣ ਵਾਲਾ ਪਾਣੀ ਖ਼ਰੀਦ ਰਹੇ ਹਨ। ਵਾਟਰ ਵਰਕਸ ਦਾ ਪਾਣੀ ਕਈ ਘਰਾਂ ਵਿਚ ਟੈਂਕੀਆਂ ਵਿਚ ਇਕੱਠਾ ਕਰਕੇ ਨਹਾਉਣ, ਭਾਂਡੇ ਮਾਂਜਣ, ਕੱਪੜੇ ਧੋਣ ਅਤੇ ਹੋਰ ਘਰੇਲੂ ਕੰਮਾਂ ਲਈ ਵਰਤਿਆ ਜਾ ਰਿਹਾ ਹੈ, ਜਦਕਿ ਪੀਣ ਲਈ ਲੋਕ ਬਾਜ਼ਾਰ ਤੋਂ ਮੁੱਲ ਪਾਣੀ ਲੈ ਰਹੇ ਹਨ। ਪਾਣੀ ਦੇ ਇਸ ਮੁੱਦੇ ਨੇ ਜਿੱਥੇ ਸਿਆਸੀ ਸਰਗਰਮੀ ਤੇਜ਼ ਕੀਤੀ ਹੈ, ਉੱਥੇ ਲੋਕਾਂ ਦੀ ਮੰਗ ਬਿਲਕੁਲ ਸਪੱਸ਼ਟ ਹੈ। ਉਨ੍ਹਾਂ ਨੂੰ ਬਿਆਨ ਜਾਂ ਭਰੋਸੇ ਨਹੀਂ, ਸਾਫ਼, ਸੁਰੱਖਿਅਤ ਅਤੇ ਨਿਰਵਿਘਨ ਪੀਣ ਵਾਲੇ ਪਾਣੀ ਦੀ ਸਪਲਾਈ ਚਾਹੀਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਤੇ ਲੰਮੇ ਸਮੇਂ ਤੋਂ ਚੱਲ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਜੇਕਰ ਉਹ ਅੱਜ ਵੀ ਪੀਣ ਵਾਲਾ ਪਾਣੀ ਖ਼ਰੀਦਣ ਲਈ ਮਜ਼ਬੂਰ ਹਨ ਤਾਂ ਇਸ ਦਾ ਸਥਾਈ ਹੱਲ ਕੱਢਣ ਦੀ ਲੋੜ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਤੇ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਉਪਰਾਲੇ ਮਲੋਟ ਵਾਸੀਆਂ ਦੀ ਪਿਆਸ ਕਦੋਂ ਬੁਝਾਉਂਦੇ ਹਨ।
ਪਿਛਲੀ ਖ਼ਬਰ ਔਰਤ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪੁਲਿਸ ਵਲੋਂ ਮਾਮਲਾ ਦਰਜ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਕੋਟਕਪੂਰਾ ਦੀ ਮਹੀਨਾਵਾਰ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।