30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਵੇਸਣ ਦੀ ਬਰਫ਼ੀ

ਵੇਸਣ ਦੀ ਬਰਫ਼ੀ

ਅਜੀਤ ਡੈਸਕ 30-08-2026

ਛਿੰਦਰ ਸਿੰਘ ਦਾ ਸਿੱਖ ਪਰਿਵਾਰ 1947 ਦੀ ਵੰਡ ਤੋਂ ਬਾਅਦ ਛਿਪਦੇ ਪੰਜਾਬ ਵਿਚੋਂ ਆ ਕੇ ਚੜ੍ਹਦੇ ਪੰਜਾਬ ਵਿਚ ਵਸਿਆ ਹੋਇਆ ਸੀ | ਛਿੰਦਰ ਸਿੰਘ ਦਾ ਜਨਮ ਤਾਂ ਚੜ੍ਹਦੇ ਪੰਜਾਬ ਵਿਚ ਹੋਇਆ ਸੀ ਪਰ ਉਹ ਆਪਣੇ ਪਿਤਾ (ਭਾਪਾ ਜੀ) ਅਤੇ ਦਾਦਾ (ਬਾਬਾ ਜੀ) ਤੋਂ ਵੰਡ ਦਾ ਦਰਦ ਅਤੇ ਉਨ੍ਹਾਂ ਦੇ ਸੰਘਰਸ਼ ਦੀਆਂ ਗੱਲਾਂ ਸੁਣਦਾ ਰਹਿੰਦਾ ਸੀ | ਉਸ ਦੇ ਬਾਬਾ ਜੀ ਨੇ ਇਧਰ ਆ ਕੇ ਮਠਿਆਈਆਂ ਬਣਾਉਣ ਦਾ ਮਿਹਨਤੀ ਕਿੱਤਾ ਚੁਣਿਆ ਤੇ ਉਸ ਦੇ ਭਾਪਾ ਜੀ ਨੂੰ  ਵੀ ਘਰ ਦੀਆਂ ਲੋੜਾਂ ਦੀ ਪੂਰਤੀ ਖਾਤਰ ਉਸੇ ਕਿੱਤੇ ਵਿਚ ਆਪਣੇ ਨਾਲ ਬਿਠਾ ਲਿਆ |
ਛਿੰਦਰ ਸਿੰਘ ਦੇ ਘਰ ਦੇ ਸਾਹਮਣੇ ਇਕ ਹਿੰਦੂ ਪਰਿਵਾਰ ਰਹਿੰਦਾ ਸੀ, ਉਸ ਘਰ ਦੇ ਮੁਖੀ ਨੂੰ  ਸਾਰੇ ਬਾਊ ਜੀ ਆਖਦੇ ਸਨ | ਬਾਊ ਜੀ ਦੇ ਪਰਿਵਾਰ ਅਤੇ ਛਿੰਦਰ ਸਿੰਘ ਦੇ ਪਰਿਵਾਰ ਦਾ ਆਪਸ ਵਿਚ ਬਹੁਤ ਪਿਆਰ ਸੀ | ਬਾਊ ਜੀ ਦਾ ਛੋਟਾ ਲੜਕਾ ਭੁਪੇਸ਼ ਕੁਮਾਰ ਅਤੇ ਛਿੰਦਰ ਸਿੰਘ ਹਮ ਉਮਰ ਸਨ ਅਤੇ ਇਕੱਠੇ ਇਕੋ ਸਕੂਲ ਵਿਚ ਪੜ੍ਹਦੇ ਸਨ | ਭੁਪੇਸ਼ ਕੁਮਾਰ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ਤੇ ਪੜ੍ਹ-ਲਿਖ ਕੇ ਭਾਰਤ ਸਰਕਾਰ ਵਿਚ ਬਹੁਤ ਵੱਡਾ ਅਫਸਰ ਲੱਗਿਆ ਹੋਇਆ ਸੀ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਰਹਿੰਦਾ ਸੀ | ਛਿੰਦਰ ਸਿੰਘ ਅਤੇ ਭੁਪੇਸ਼ ਕੁਮਾਰ ਦੇ ਬੱਚੇ ਵੀ ਹੁਣ ਜਵਾਨ ਹੋ ਗਏ ਸਨ, ਪਰ ਦੋਵਾਂ ਪਰਿਵਾਰਾਂ ਵਿਚ ਤਾਲਮੇਲ ਹੁਣ ਵੀ ਬਰਕਰਾਰ ਸੀ |
ਛਿੰਦਰ ਸਿੰਘ ਆਪਣਿਆਂ ਬੱਚਿਆਂ ਨੂੰ  ਮਿਲਣ ਵਿਦੇਸ਼ ਜਾ ਰਿਹਾ ਸੀ | ਉਸ ਨੇ ਦਿੱਲੀ ਤੋਂ ਹਵਾਈ ਜਹਾਜ਼ ਦੀ ਉਡਾਣ ਭਰਨੀ ਸੀ ਅਤੇ ਮਨ ਬਣਾ ਲਿਆ ਕਿ ਇਕ ਰਾਤ ਪਹਿਲਾਂ ਜਾ ਕੇ ਭੁਪੇਸ਼ ਕੁਮਾਰ ਕੋਲ ਰੁਕਿਆ ਜਾਵ | ਭੁਪੇਸ਼ ਕੁਮਾਰ ਵੀ ਉਸ ਦੇ ਇਸ ਫ਼ੈਸਲੇ ਤੋਂ ਬਹੁਤ ਖੁਸ਼ ਹੋਇਆ ਤੇ ਉਸ ਨੇ ਛਿੰਦਰ ਸਿੰਘ ਨੂੰ  ਜੀ ਆਇਆਂ ਆਖਿਆ | ਛਿੰਦਰ ਸਿੰਘ ਜਾਣ ਲੱਗਿਆਂ, ਭਾਪਾ ਜੀ ਦੀ ਪੁਰਾਣੀ ਦੁਕਾਨ, ਜੋ ਉਨ੍ਹਾਂ ਦੇ ਭਾਪਾ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਭਤੀਜੇ ਨੂੰ  ਦੇ ਦਿੱਤੀ ਸੀ, ਤੋਂ ਵੇਸਣ ਦੀ ਬਰਫੀ, ਭੁਪੇਸ਼ ਕੁਮਾਰ ਤੇ ਉਸ ਦੀ ਪਤਨੀ ਭਾਵ ਆਪਣੀ ਭਰਜਾਈ ਲਈ ਲੈ ਗਿਆ |
ਭੁਪੇਸ਼ ਕੁਮਾਰ ਬਰਫੀ ਖਾਣ ਤੋਂ ਬਾਅਦ ਕਹਿਣ ਲੱਗਾ ਕਿ ਇਹ ਬਰਫੀ ਤਾਂ ਭਾਪਾ ਜੀ ਦੀ ਦੁਕਾਨ ਦੀ ਜਾਪਦੀ ਹੈ, ਚਾਹੇ ਅੱਜ ਇਹ ਸਾਲਾਂ ਬਾਅਦ ਖਾਧੀ ਹੈ ਪਰ ਇਸ ਦਾ ਉਹੀ ਸਵਾਦ ਹੈ | ਫਿਰ ਉਹ ਦੋਵੇਂ ਬਰਫੀ ਦੀਆਂ ਗੱਲਾਂ ਕਰਦੇ-ਕਰਦੇ ਵਿਛੜੇ ਮਾਪਿਆਂ ਦੀਆਂ, ਉਨ੍ਹਾਂ ਦੇ ਸੰਘਰਸ਼ ਦੀਆਂ, ਦੋਵਾਂ ਪਰਿਵਾਰਾਂ ਦੀ ਸਾਂਝ ਦੀਆਂ ਯਾਦਾਂ ਸਾਂਝੀਆਂ ਕਰਦੇ ਰਹੇ | ਵੇਸਣ ਦੀ ਬਰਫੀ ਦੀ ਮਿਠਾਸ ਦੇ ਬਹਾਨੇ, ਸ਼ਾਇਦ ਦੋਵਾਂ ਦੋਸਤਾਂ ਦੀਆਂ ਸਿੱਲ੍ਹੀਆਂ ਅੱਖਾਂ ਵਿਚ, ਜਾਤ, ਪਾਤ, ਧਰਮਾਂ, ਮਜ਼੍ਹਬਾਂ ਤੋਂ ਉੱਪਰ ਦੇ, ਪੁਰਾਣੇ ਪਰਿਵਾਰਕ ਅਤੇ ਦੋਸਤੀ ਦੇ ਮਿੱਠੇ ਰਿਸ਼ਤੇ ਜਜ਼ਬਾਤ ਬਣ ਕੇ ਤੈਰ ਰਹੇ ਸਨ |
-ਮੋਬਾਈਲ : 97819-57057

ਪਿਛਲੀ ਖ਼ਬਰ ਟਾਈਮ ਪਾਸ ਅਗਲੀ ਖ਼ਬਰ ਮੋਹਭੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।