05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *

ਅਜੀਤ ਡੈਸਕ 28-06-2026

ਸਿਮਰਤ ਸੁਮੈਰਾ ਕੇਵਲ ਇਕ ਨਾਂਅ ਨਹੀਂ ਹੈ, ਬਲਕਿ ਇਕੋ ਵੇਲੇ ਕਈ ਕੁਝ ਹੈ। ਉਹ ਗ਼ਜ਼ਲਕਾਰਾ ਵੀ ਹੈ, ਗੀਤਕਾਰ ਵੀ ਹੈ, ਬਾਲ ਲੇਖਕਾ ਵੀ ਤੇ ਨਾਵਲਕਾਰ ਵੀ। ਏਨੀਆਂ ਵਿਧਾਵਾਂ ਵਿਚ ਲਿਖਣ ਵਾਲੀ ਸੁਮੈਰਾ ਨੂੰ ਤ੍ਰਿਪਤੀ ਗ਼ਜ਼ਲ ਲਿਖਣ ਨਾਲ ਹੀ ਮਿਲਦੀ ਹੈ। ਉਸ ਨੇ ਹੁਣ ਤੱਕ ਦੋ ਦਰਜਨ ਦੇ ਕਰੀਬ ਪੁਸਤਕਾਂ ਲਿਖੀਆਂ ਹਨ, ਜਿਨ੍ਹਾਂ 'ਚੋਂ ਵੀਹ ਬੱਚਿਆਂ ਲਈ ਹਨ। ਉਸ ਦੇ ਤਿੰਨ ਨਾਵਲ ਤੇ ਦੋ ਗ਼ਜ਼ਲ ਸੰਗ੍ਰਹਿ ਛਪੇ ਹਨ। ਉਸ ਦੀ ਗ਼ਜ਼ਲ ਇਕ ਧਾਰਾ ਦੀ ਥਾਂ ਸਮੁੱਚ ਦੀ ਗੱਲ ਕਰਦੀ ਹੈ ਤੇ ਗ਼ਜ਼ਲ ਸੰਬੰਧੀ ਜਿੱਥੋਂ ਵੀ ਉਸ ਨੂੰ ਕੁਝ ਨਵਾਂ ਹਾਸਿਲ ਹੁੰਦਾ ਹੈ ਉਸ ਨੂੰ ਗ੍ਰਹਿਣ ਕਰਨ ਵਿਚ ਉਸ ਨੂੰ ਕੋਈ ਸੰਕੋਚ ਨਹੀਂ ਹੁੰਦਾ। ਉਸ ਦੇ ਪਿਤਾ ਪ੍ਰੋ. ਚਰਨ ਅਸ਼ੋਕ ਆਲਮਗੀਰ ਵੀ ਵੱਡੇ ਅਦੀਬ ਸਨ। ਉੱਚ ਤਾਲੀਮ-ਯਾਫ਼ਤਾ ਸੁਮੈਰਾ ਨੂੰ ਅਧਿਆਪਨ ਕਾਰਜ ਤੇ ਪੁਸਤਕ ਲੇਖਣ ਲਈ ਕਈ ਵਾਰ ਰਾਜ ਤੇ ਰਾਸ਼ਟਰੀ ਪੁਰਸਕਾਰ ਮਿਲੇ ਹਨ। ਗੁਰਦਾਸਪੁਰ ਵਿਚ 10 ਨਵੰਬਰ, 1967 ਨੂੰ ਪੈਦਾ ਹੋਈ ਸਿਮਰਤ ਬਟਾਲਾ ਵਿਖੇ ਰਹਿ ਕੇ ਅਦਬ ਦੀ ਤਪੱਸਿਆ ਕਰ ਰਹੀ ਹੈ। ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002

ਹਕੀਕਤ ਹੈ ਜੋ ਖ਼ਾਬਾਂ ਤੋਂ ਪਰ੍ਹੇ ਹੈ।
ਉਹਦਾ ਤੁਰਨਾ ਨਵਾਬਾਂ ਤੋਂ ਪਰ੍ਹੇ ਹੈ।

ਅਜ਼ਾਦੀ ਤੰਗਦਿਲੀ ਤੋਂ ਲੈ ਲਵੋ ਹੁਣ,
ਇਹ ਸੈਆਂ ਇਨਕਲਾਬਾਂ ਤੋਂ ਪਰ੍ਹੇ ਹੈ।

ਉਹਦੀ ਆਵਾਜ਼ ਦਾ ਜਾਦੂ ਅਨੂਠਾ,
ਜੋ ਰਾਗਾਂ ਤੇ ਰਬਾਬਾਂ ਤੋਂ ਪਰ੍ਹੇ ਹੈ।

ਤੇਰਾ ਰੁਸਣਾ ਤੇ ਆਪੇ ਮੰਨ ਜਾਣਾ,
ਮੇਰੇ ਸਾਰੇ ਹਿਸਾਬਾਂ ਤੋਂ ਪਰ੍ਹੇ ਹੈ।

ਤੇਰੇ ਹੋਠਾਂ 'ਤੇ ਕਲੀਆਂ ਦਾ ਬਸੇਰਾ,
ਤੇ ਮੁਸਕਾਣਾ, ਗੁਲਾਬਾਂ ਤੋਂ ਪਰ੍ਹੇ ਹੈ।
*

*
ਸੋਚਾਂ ਦੇ ਆਲ੍ਹਣੇ ਵਿਚ ਯਾਦਾਂ ਸੰਭਾਲ ਰੱਖੀਂ।
ਇਨ੍ਹਾਂ ਦੇ ਪੰਖ ਕੋਮਲ ਏਨਾ ਖ਼ਿਆਲ ਰੱਖੀਂ।

ਸੁਬਹਾ ਜੋ ਤੁਰ ਗਏ ਨੇ ਪਰਤਣਗੇ ਸ਼ਾਮ ਵੇਲੇ,
ਦੀਵੇ ਤੂੰ ਆਸ ਦੇ ਕੁਝ ਮਮਟੀ 'ਤੇ ਬਾਲ ਰੱਖੀਂ।

ਸ਼ੀਸ਼ੇ ਦਿਆਂ ਘਰਾਂ ਵਿਚ ਮਰ ਜਾਣ ਨਾ ਇਹ ਕਿਧਰੇ,
ਤੂੰ ਮਛਲੀਆਂ ਦੀ ਖ਼ਾਤਰ ਸਾਗਰ ਵੀ ਭਾਲ ਰੱਖੀਂ।

ਜਾਦੂ ਤੇਰੀ ਕਲਮ ਦਾ ਸਿਰ ਚੜ੍ਹ ਕੇ ਬੋਲਦਾ ਏ,
ਹਰਫ਼ਾਂ 'ਚ ਆਪਣੇ ਤੂੰ ਭਰਿਆ ਕਮਾਲ ਰੱਖੀਂ।

ਪੌਣਾਂ ਤੇ ਪਤਝੜਾਂ ਤੋਂ ਪੈਣਾ ਬਚਾ ਕੇ ਰੱਖਣਾ,
ਕਲੀਆਂ ਦੇ ਹਾਸਿਆਂ 'ਤੇ ਰੰਗਾਂ ਦੀ ਢਾਲ ਰੱਖੀਂ।

ਤੇਰੀ ਉਡਾਣ ਖ਼ਾਤਰ ਨੀਵਾਂ ਆਕਾਸ਼ ਹੋਇਆ,
ਬਦਲੀ ਦੇ ਵਰ੍ਹਨ ਦਾ ਨਾ ਮਨ ਵਿਚ ਮਲਾਲ ਰੱਖੀਂ।

ਪਿਛਲੀ ਖ਼ਬਰ ਅੱਧੀ ਟਿਕਟ ਅਗਲੀ ਖ਼ਬਰ ਅਹਿਮਦ 'ਨਦੀਮ' ਕਾਸਮੀ (1916-2006)

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।