28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਜਗੀਰ ਸੱਧਰ

ਜਗੀਰ ਸੱਧਰ

ਅਜੀਤ ਡੈਸਕ 29-11-2026

ਮੈਂ ਗੁਨਾਹ ਕਰਦਾ ਰਿਹਾ ਹਾਂ, ਬੰਦਗੀ ਦੇ ਨਾਲ਼ ਨਾਲ਼ | 

ਮੌਤ ਵੀ ਤੁਰਦੀ ਰਹੀ ਹੈ, ਜ਼ਿੰਦਗੀ ਦੇ ਨਾਲ਼ ਨਾਲ਼ |

ਹਮਸਫ਼ਰ ਮੇਰਾ ਉਹ ਜਿਸ ਨੂੰ , ਮੈਂ ਬਣਾਇਆ ਰਾਜ਼ਦਾਂ,
ਦੁਸ਼ਮਣੀ ਕਰਦਾ ਰਿਹਾ ਹੈ, ਦੋਸਤੀ ਦੇ ਨਾਲ਼ ਨਾਲ਼ |

ਹੋ ਗਏ ਬੇਸ਼ੱਕ ਬਿਗਾਨੇ, ਜੋ ਕਦੇ ਸਨ.ਆਪਣੇ, 
ਅਪਣਾਪਨ ਫਿਰ ਵੀ ਰਿਹਾ, ਬੇਗਾਨਗੀ ਦੇ ਨਾਲ਼ ਨਾਲ਼ |

ਲੁੱਟ ਕੇ ਅਸਮਤ ਕਿਸੇ ਲਾਚਾਰ ਦੀ ਉਹ ਬੇ-ਸ਼ਰਮ,
ਮਾਣ ਵੀ ਮਹਿਸੂਸਦੈ, ਸ਼ਰਮਿੰਦਗੀ ਦੇ ਨਾਲ਼ ਨਾਲ਼ |

ਚਾਹੀਦਾ ਸੀ ਆਸ਼ਕੀ ਦਾ ਜੋ ਮਜ਼ਾ, ਆਇਆ ਨਹੀਂ,
ਜ਼ਿੰਦਗੀ ਦਾ ਬੋਝ ਚੁੱਕਿਆ, ਆਸ਼ਕੀ ਦੇ ਨਾਲ਼ ਨਾਲ਼ |

ਪਿਆਰ ਵਿਚ ਉਸ ਦੇ ਦੀਵਾਨਾ ਹੋ ਗਿਆ 'ਸੱਧਰ' ਬੇਸ਼ੱਕ, 
ਹੋਸ਼ ਵੀ ਕੁਝ ਕੁਝ ਰਹੀ, ਦੀਵਾਨਗੀ ਦੇ ਨਾਲ਼ ਨਾਲ਼ |
•


ਹੋਏ ਬੀਤੇ ਦੀ ਕਹਾਣੀ ਦੱਸ ਰਹੇ ਨੇ |
ਫੁੱਲਾਂ ਵਾਂਗੂੰ ਜ਼ਖ਼ਮ ਮੇਰੇ ਹੱਸ ਰਹੇ ਨੇ |

ਬੂੰਦ ਤੱਕ ਨੂੰ  ਤਰਸਦੇ ਨੇ ਖੇਤ ਸਾਡੇ,
ਮੇਘਲੇ ਮਾਰੂਥਲਾਂ ਵਿਚ ਵੱਸ ਰਹੇ ਨੇ |

ਨਿੱਘਰ ਚੁੱਕੇ ਇਸ ਤਰ੍ਹਾਂ ਇਖ਼ਲਾਕ ਅਪਣੇ,
ਸ਼ਹਿਰ ਜਿਉਂ ਧਰਤੀ ਦੇ ਅੰਦਰ ਧੱਸ ਰਹੇ ਨੇ | 

ਇਹਨਾਂ ਨੇਤਾਵਾਂ ਤੋਂ ਅੱਲ੍ਹਾ ਹੀ ਬਚਾਵੇ,
ਰਾਤ ਦਿਨ ਜਿਹੜੇ ਅਸਾਨੂੰ ਡੱਸ ਰਹੇ ਨੇ |

ਮੱਕੜੀ ਦੇ ਵਾਂਗ ਜਿਹਨਾਂ ਜਾਲ਼ ਬੁਣਿਆਂ,
ਫਸ ਗਏ ਉਹ, ਹਿੱਲਦੇ ਨਾ ਨੱਸ ਰਹੇ ਨੇ |

ਹਰ ਬੜਾ ਮਾੜੇ ਦੀ ਸੰਘੀ ਘੁੱਟ ਰਿਹਾ ਏ,
ਲੋਕ ਬੇਵਸ ਸਿਰ ਉਨ੍ਹਾਂ ਦੇ ਝੱਸ ਰਹੇ ਨੇ |

ਮੋਹ ਮੁਹੱਬਤ ਬਣ ਗਏ ਨੇ ਖ਼ਾਬ ਅਜਕਲ੍ਹ,
ਖ਼ੂਨ ਦੇ ਰਿਸ਼ਤੇ ਵੀ ਪਾ ਘੜਮੱਸ ਰਹੇ ਨੇ |

ਮੈਂ ਇਧਰ ਬੇਹਾਲ ਹਾਂ 'ਸੱਧਰ' ਚਿਰਾਂ ਤੋਂ,
ਅੱਕ ਦੇ ਫੰਬੇ ਮੇਰੇ 'ਤੇ ਹੱਸ ਰਹੇ ਨੇ |

ਪਿਛਲੀ ਖ਼ਬਰ ਅੰਬਾਲਾ ਵਿੱਚ ਮੋਂਗਾ ਇਨਫ੍ਰਾਟੈਕਸ ਵੱਲੋਂ ਕਿਫਾਇਤੀ ਕੀਮਤ ‘ਤੇ ਘਰ ਖਰੀਦਣ ਦਾ ਮੌਕਾ ਅਗਲੀ ਖ਼ਬਰ ਕਹਾਣੀ ਮੰਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।