03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

* ਲਖਵਿੰਦਰ ਜੌਹਲ *

ਅਜੀਤ ਡੈਸਕ 01-02-2026

ਜ਼ਮੀਰਾਂ ਨੂੰ ਜਗਾ ਦੇਈਏ, ਤਾਂ ਅੰਬਰ ਜਾਗ ਪੈਂਦੇ ਨੇ।

ਦਿਲਾਂ 'ਚੋਂ ਪਿਆਰ ਦੇ ਸੁੱਤੇ ਸਮੁੰਦਰ ਜਾਗ ਪੈਂਦੇ ਨੇ।

ਜਦੋਂ ਮੈਂ ਪੇਟ ਦੀ ਖ਼ਾਤਰ ਕਰਾਂ ਫ਼ਰਿਆਦ ਰੋਟੀ ਦੀ,
ਕਦੇ ਦੰਗੇ, ਕਦੇ ਮਸਜਿਦ ਜਾਂ ਮੰਦਰ ਜਾਗ ਪੈਂਦੇ ਨੇ।

ਮਨਾਂ ਵਿਚ ਲਾਲਸਾ ਕਬਜ਼ੇ ਦੀ ਹੱਦੋਂ ਟੱਪ ਜਾਵੇ, ਤਾਂ,
ਉਦੋਂ ਪੋਰਸ ਦੀ ਰੂਹ 'ਚੋਂ ਵੀ ਸਿਕੰਦਰ ਜਾਗ ਪੈਂਦੇ ਨੇ।

ਕਿਤੇ ਗੋਲੀ, ਕਿਤੇ ਫਾਂਸੀ, ਖੜਾਵਾਂ ਤੇ ਕਿਤੇ ਚਰਖ਼ਾ,
ਨਿਹਾਰਾਂ ਮੁੰਦ ਕੇ ਅੱਖਾਂ ਤਾਂ ਮੰਜ਼ਰ ਜਾਗ ਪੈਂਦੇ ਨੇ।

ਤਮੰਨਾ ਜਾਗਦੀ ਜਦ ਵੀ, ਕਰਾਂ ਵਿਸ਼ਵਾਸ ਤੇਰੇ 'ਤੇ,
ਤੇਰੇ ਫੁੱਲਾਂ ਦੇ ਤੋਹਫ਼ੇ 'ਚੋਂ ਵੀ ਖ਼ੰਜਰ ਜਾਗ ਪੈਂਦੇ ਨੇ।

ਸਤਾਇਆ ਤੂੰ ਜਿਵੇਂ ਮੈਨੂੰ, ਭੁਲਾਇਆਂ ਭੁੱਲ ਨਾ ਹੋਵੇ,
ਕੁਰੇਦਾਂ ਜੇ ਕਦੇ ਕੰਕਰ, ਤਾਂ ਖੰਡਰ ਜਾਗ ਪੈਂਦੇ ਨੇ।
ਮੈਂ ਹੀ ਹੋਣੈ ਗ਼ਲਤ, ਹੋਣੈ ਤੂੰ ਹੀ ਠੀਕ।
ਸਮਝ ਸਕਦਾਂ ਮੈਂ ਕਿਵੇਂ ਰਮਜ਼ਾਂ ਬਰੀਕ।

ਰੌਸ਼ਨੀ ਲੈ ਕੇ ਉਧਾਰੀ ਚੰਦ ਤੋਂ,
ਫੇਰ ਦਿੱਤੀ ਰਾਤ ਦੇ ਮੱਥੇ 'ਤੇ ਲੀਕ।

ਲੰਘ ਗਈਆਂ ਫਿਰ ਬਹਾਰਾਂ-ਪਤਝੜਾਂ,
ਤੇਰੇ ਪੁੱਗਣ ਦੀ ਨਹੀਂ ਆਈ ਤਰੀਕ।

ਬੀਜ ਗਈ ਅੱਖਾਂ 'ਚ ਕੰਡੇ ਫਿਰ ਬਹਾਰ,
ਫਿਰ ਸਜੀ ਹੈ ਦਿਲ ਦੀ ਮਮਟੀ 'ਤੇ ਉਡੀਕ।

ਉਸ ਘੜੀ ਤੋਂ ਬਾਅਦ ਸਭ ਨੇ ਜਾਣਦੇ,
ਇਸ ਤਰ੍ਹਾਂ ਵੀ ਖ਼ੁਦਕੁਸ਼ੀ ਕਰਦੀ ਹੈ ਚੀਕ।

ਹੁਣ ਵਫ਼ਾ ਦੀ ਗੱਲ ਕਰਨਾ ਹੈ ਫ਼ਜ਼ੂਲ,
ਹੁਣ ਭਲਾ ਹੈ ਕੌਣ ਨਿਭਦਾ ਤੋੜ ਤੀਕ।

ਪਿਛਲੀ ਖ਼ਬਰ ਛੋਟੀਆਂ ਕਹਾਣੀਆਂ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।