04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਗ਼ਜ਼ਲ ਉਸ ਨੇ ਛੇੜੀ • ਗੁਰਦਿਆਲ ਰੌਸ਼ਨ •

ਗ਼ਜ਼ਲ ਉਸ ਨੇ ਛੇੜੀ • ਗੁਰਦਿਆਲ ਰੌਸ਼ਨ •

ਅਜੀਤ ਡੈਸਕ 04-10-2026


ਨੂਰ ਮੁਹੰਮਦ ਸੱਚਮੁੱਚ ਅੰਦਰੋਂ ਨੂਰੋ ਨੂਰ ਹੈ, ਇਹ ਨੂਰ ਜਦੋਂ ਉਸ ਦੀ ਗ਼ਜ਼ਲ ਰਾਹੀਂ ਹੁੰਦਾ ਹੋਇਆ ਪਾਠਕਾਂ ਦੇ ਦਿਲਾਂ ਵਿਚ ਪ੍ਰਵੇਸ਼ ਕਰਦਾ ਹੈ ਤਾਂ ਇਕ ਤਾਰਾ ਸਮੂਹ ਦੀ ਆਭਾ ਸਾਕਾਰ ਹੁੰਦੀ ਹੈ | ਆਪਣੀ ਗ਼ਜ਼ਲ ਵਿਚ ਉਹ ਸ਼ਬਦਾਂ ਦੀਆਂ ਘੁੰਮਣਘੇਰੀਆਂ ਪੈਦਾ ਨਹੀਂ ਕਰਦਾ ਸਗੋਂ ਉਸ ਦੀ ਸ਼ਬਦਾਵਲੀ ਦੇਸੀ ਤੇ ਹਰ ਵਰਗ ਨੂੰ  ਸਮਝ ਆਉਣ ਵਾਲੀ ਹੁੰਦੀ ਹੈ | ਮਲੇਰਕੋਟਲਾ ਵਿਚ 13 ਸਤੰਬਰ 1954 ਨੂੰ  ਪੈਦਾ ਹੋਏ ਨੂਰ ਨੇ ਭਾਵੇਂ ਮੁੱਖ ਤੌਰ 'ਤੇ ਗ਼ਜ਼ਲ ਹੀ ਲਿਖੀ ਹੈ, ਪਰ ਖੋਜ, ਲਿਪੀਅੰਤਰਣ ਤੇ ਫੁਟਕਲ ਵੰਨਗੀਆਂ ਵਿਚ ਵੀ ਉਸ ਦੀ ਰੁਚੀ ਰਹੀ ਹੈ | ਅੱਧੀ ਦਰਜਨ ਤੋਂ ਵੱਧ ਕਿਤਾਬਾਂ ਦਾ ਰਚੇਤਾ ਨੂਰ ਸੀਮਤ ਸਮਾਗਮਾਂ ਦਾ ਹੀ ਹਿੱਸਾ ਬਣਦਾ ਹੈ, ਉਸ ਦਾ ਵਿਸ਼ਵਾਸ ਚੁੱਪਚਾਪ ਸਿਰਜਣਾ ਵਿਚ ਹੈ | ਪਾਕਿਸਤਾਨੀ ਗ਼ਜ਼ਲ ਦਾ ਦੋ ਭਾਗਾਂ ਵਿਚ ਲਿਪੀ ਵਟਾਂਦਰਾ ਉਸ ਦੇ ਮਹੱਤਵਪੂਰਨ ਕਾਰਜਾਂ 'ਚੋਂ ਇਕ ਹੈ | ਉਸ ਨੇ ਅੱਬਾਸ ਮਿਰਜ਼ਾ ਦੇ ਬੈਂਤਾਂ ਦੀ ਪੁਸਤਕ 'ਪਤਾਸੇ' ਨੂੰ  ਗੁਰਮੁਖੀ ਵਿਚ ਵੀ ਉਲਥਾਇਆ ਹੈ | ਨੂਰ ਨੂੰ  ਪਾਕਿਸਤਾਨ ਤੋਂ 'ਲਹਿਰਾਂ' ਦਾ ਅਦਬੀ ਐਵਾਰਡ ਵੀ ਮਿਲ ਚੁੱਕਾ ਹੈ | ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ-                         
-ਮੋਬਾਈਲ : 99884-44002


ਤੇਰੇ ਨੈਣਾਂ ਵਿੱਚ ਅਦਾਵਾਂ ਹੋਣਗੀਆਂ |
ਮੇਰੇ ਖ਼ਾਬਾਂ ਵਿੱਚ ਇੱਛਾਵਾਂ ਹੋਣਗੀਆਂ |

ਨਾ ਤੂੰ, ਨਾ ਮੈਂ, ਹੋਵਾਂਗੇ ਧਰਤੀ ਉੱਤੇ,
ਸਾਡੇ ਸਾਹਾਂ ਦੀਆਂ ਹਵਾਵਾਂ ਹੋਣਗੀਆਂ |

ਗੇੜੇਂਗਾ ਤੂੰ ਜਦ ਵੀ ਹਲਟ ਸਰਾਪਾਂ ਦਾ,
ਭਰੀਆਂ ਟਿੰਡਾਂ ਵਿੱਚ ਦੁਆਵਾਂ ਹੋਣਗੀਆਂ |

ਜਦ ਉਹ ਮਰੀਆਂ, ਵੈਣ ਗੁਆਂਢਾਂ ਤੱਕ ਪਹੁੰਚੇ,
'ਰੀਝਾਂ' ਦੇ ਘਰ ਰੋਈਆਂ ਮਾਵਾਂ ਹੋਣਗੀਆਂ |

ਸਮਝ ਲਿਆ ਤੂੰ ਜਿਸ ਨੂੰ  ਝੱਖੜ ਰੋਹੀਆਂ ਦਾ,
ਬਿਰਹਾ ਮਾਰੇ ਦਿਲ ਦੀਆਂ ਆਹਵਾਂ ਹੋਣਗੀਆਂ |

'ਯਾਦਾਂ ਦੇ ਅੱਖਰ' ਦਿਲ ਉੱਤੇ ਲਿਖ ਕੇ ਦੇਖ,
ਪੰਗਤੀਆਂ ਮੇਰਾ ਸਿਰਨਾਵਾਂ ਹੋਣਗੀਆਂ |

ਦਿਲ ਵਿਚ ਆਸ ਦਾ ਬੂਟਾ ਲਾ ਕੇ ਬਹਿ ਜਾ 'ਨੂਰ',
ਆਪੇ ਸਿਰ ਤੋਂ ਦੂਰ ਖ਼ਿਜ਼ਾਵਾਂ ਹੋਣਗੀਆਂ |


•
ਚੱਲੇਗਾ ਕਦ ਕੁ ਤਾਈਾ ਝੱਖੜ ਸਤਾਉਣ ਵਾਲਾ?
ਆਿਖ਼ਰ ਨੂੰ  ਆ ਹੀ ਜਾਣੈ ਮੌਸਮ ਹਸਾਉਣ ਵਾਲਾ |

ਹਰ ਅਕਸ ਜ਼ਿੰਦਗੀ ਦਾ ਬਰਬਾਦ ਕਰਨ ਪਿੱਛੋਂ,
ਮੁੜ ਸਾਹਮਣੇ ਨਾ ਆਇਆ ਪੱਟੀ ਪੜ੍ਹਾਉਣ ਵਾਲਾ |

ਚੜ੍ਹ ਬੈਠਿਆ ਬਨੇਰੇ ਤੀਲੀ ਲਗਾਉਣ ਪਿੱਛੋਂ,
ਜਗ ਸਮਝਦਾ ਸੀ ਜਿਸ ਨੂੰ  ਬਲਦੀ ਬੁਝਾਉਣ ਵਾਲਾ |

ਆਵੇਗਾ ਲੈ ਕੇ ਕਿਸ ਦਿਨ ਹਮਦਰਦੀਆਂ ਦਾ ਚੱਪੂ?
ਡੁੱਬਣ ਸਮੇਂ ਨਾ ਆਇਆ ਜੇਕਰ ਬਚਾਉਣ ਵਾਲਾ |

ਪੈਰਾਂ 'ਚ ਝੁਕ ਰਹੇ ਨੇ ਕਾਹਤੋਂ ਇਹ ਲੋਕ ਇਸ ਦੇ?
ਤੱਕ-ਤੱਕ ਕੇ ਸੋਚਦਾ ਸੀ ਮੂਰਤ ਬਣਾਉਣ ਵਾਲਾ |

ਕਰਦਾ ਹੈ ਨਿੱਤ ਤਜਰਬੇ ਜਗ ਨੂੰ  ਮਿਟਾਉਣ ਵਾਲੇ,
ਸ਼ੈਤਾਨ ਬਣ ਗਿਆ ਹੈ ਰੱਬ ਨੂੰ  ਧਿਆਉਣ ਵਾਲਾ |

ਬੇੜੀ ਨੂੰ  ਠੇਲ੍ਹ ਕੇ ਉਹ ਚੱਪੂ ਹੀ ਲੈ ਗਿਆ ਹੈ,
ਭੰਵਰਾਂ ਤੋਂ ਪਾਰ ਡੁੱਬਦੀ ਬੇੜੀ ਲੰਘਾਉਣ ਵਾਲਾ |

ਪਿਛਲੀ ਖ਼ਬਰ ਪ੍ਰੇਮ ਵਾਰਬਰਟਨੀ (09 ਨਵੰਬਰ 1930 ਤੋਂ 10 ਅਕਤੂਬਰ 1979) ਅਗਲੀ ਖ਼ਬਰ ਟਰੰਪ ਨੇ ਯੁੱਧ ਖ਼ਤਮ ਕਰਨ ਦੀ ਈਰਾਨ ਦੀ ਪੇਸ਼ਕਸ਼ ਨੂੰ ਕੀਤਾ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।