ਭੋਗ ’ਤੇ ਵਿਸ਼ੇਸ਼ : ਸਾਬਕਾ ਕੈਬਨਿਟ ਮੰਤਰੀ ਚੂਨੀ ਲਾਲ ਭਗਤ
ਜਲੰਧਰ- 93 ਸਾਲ ਦੀ ਉਮਰ ਵਿਚ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਚੂਨੀ ਲਾਲ ਭਗਤ ਦੇ ਦਿਹਾਂਤ ਨਾਲ ਪੰਜਾਬ ਨੇ ਆਪਣੀ ਇਕ ਦ੍ਰਿੜ੍ਹ, ਨਿਮਰ ਅਤੇ ਅਸੂਲਾਂ ’ਤੇ ਚੱਲਣ ਵਾਲੀ ਜਨਤਕ ਸ਼ਖਸੀਅਤ ਨੂੰ ਗੁਆ ਦਿੱਤਾ। ਭਗਤ ਚੂਨੀ ਲਾਲ ਦਾ ਜਨਮ 1 ਦਸੰਬਰ 1932 ਨੂੰ ਪਿਤਾ ਮਹਿੰਗਾ ਰਾਮ ਦੇ ਘਰ ਮਾਤਾ ਰੁਕਮਨੀ ਦੇਵੀ ਦੀ ਕੁੱਖੋਂ ਸਿਆਲਕੋਟ (ਹੁਣ ਪਾਕਿਸਤਾਨ) ਵਿਖੇ ਹੋਇਆ।
ਜਲੰਧਰ- 93 ਸਾਲ ਦੀ ਉਮਰ ਵਿਚ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਚੂਨੀ ਲਾਲ ਭਗਤ ਦੇ ਦਿਹਾਂਤ ਨਾਲ ਪੰਜਾਬ ਨੇ ਆਪਣੀ ਇਕ ਦ੍ਰਿੜ੍ਹ, ਨਿਮਰ ਅਤੇ ਅਸੂਲਾਂ ’ਤੇ ਚੱਲਣ ਵਾਲੀ ਜਨਤਕ ਸ਼ਖਸੀਅਤ ਨੂੰ ਗੁਆ ਦਿੱਤਾ। ਭਗਤ ਚੂਨੀ ਲਾਲ ਦਾ ਜਨਮ 1 ਦਸੰਬਰ 1932 ਨੂੰ ਪਿਤਾ ਮਹਿੰਗਾ ਰਾਮ ਦੇ ਘਰ ਮਾਤਾ ਰੁਕਮਨੀ ਦੇਵੀ ਦੀ ਕੁੱਖੋਂ ਸਿਆਲਕੋਟ (ਹੁਣ ਪਾਕਿਸਤਾਨ) ਵਿਖੇ ਹੋਇਆ। ਉਨ੍ਹਾਂ ਨੇ 10ਵੀਂ ਤਕ ਦੀ ਸਿੱਖਿਆ ਪ੍ਰਾਪਤ ਕੀਤੀ ਹੋਈ ਸੀ। ਉਨ੍ਹਾਂ ਦਾ ਵਿਆਹ ਸ਼ੀਲਾ ਦੇਵੀ ਨਾਲ ਹੋਇਆ ਅਤੇ ਉਨ੍ਹਾਂ ਦੇ ਚਾਰ ਪੁੱਤਰ ਤੇ ਚਾਰ ਧੀਆਂ ਹਨ । ਭਗਤ ਚੂਨੀ ਲਾਲ ਨੇ ਆਪਣਾ ਸਿਆਸੀ ਸਫਰ ਜਲੰਧਰ ਦੱਖਣੀ ਹਲਕੇ ਤੋਂ 1985 ਵਿਚ ਸ਼ੁਰੂ ਕੀਤਾ ਸੀ, ਜਦੋਂ ਉਨ੍ਹਾਂ ਨੇ ਆਜ਼ਾਦ ਤੌਰ ’ਤੇ ਵਿਧਾਨ ਸਭਾ ਦੀ ਚੋਣ ਲੜੀ ਸੀ ਹਾਲਾਂਕਿ ਇਸ ਚੋਣ ’ਚ ਉਹ ਹਾਰ ਗਏ ਸਨ, ਉਪਰੰਤ ਉਨ੍ਹਾਂ ਨੇ 1997 ’ਚ ਭਾਰਤੀ ਜਨਤਾ ਪਾਰਟੀ ਦੀ ਟਿਕਟ ’ਤੇ ਇਸੇ ਹਲਕੇ ਤੋਂ ਫਿਰ ਚੋਣ ਲੜੀ ਅਤੇ ਜਿੱਤ ਦਰਜ ਕਰਕੇ ਵਿਧਾਇਕ ਬਣੇ ਜਦੋਂਕਿ 2002 ਦੀਆਂ ਚੋਣਾਂ ਵਿੱਚ ਉਹ ਕਾਂਗਰਸ ਦੇ ਮਹਿੰਦਰ ਸਿੰਘ ਕੇਪੀ ਤੋਂ ਹਾਰ ਗਏ। 2007 ’ਚ ਉਨ੍ਹਾਂ ਨੇ ਫਿਰ ਚੋਣ ਜਿੱਤ ਲਈ ਅਤੇ 2011 ਵਿੱਚ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਾਇਆ ਗਿਆ। 2012 ਦੀਆਂ ਚੋਣਾਂ ਵਿੱਚ ਭਗਤ ਚੂਨੀ ਲਾਲ ਨੇ ਦੱਖਣੀ ਤੋਂ ਪੱਛਮੀ ਹਲਕੇ ’ਚ ਬਦਲੇ ਵਿਧਾਨ ਸਭਾ ਹਲਕੇ ਤੋਂ ਮੁੜ ਜਿੱਤ ਦਰਜ ਕੀਤੀ ਅਤੇ ਬਾਦਲ ਸਰਕਾਰ ਦੌਰਾਨ ਉਹ ਕੈਬਨਿਟ ਵਿਚ ਰਹੇ। ਆਪਣੇ ਦਹਾਕਿਆਂ ਲੰਬੇ ਸਿਆਸੀ ਸਫ਼ਰ ਦੌਰਾਨ, ਚੂਨੀ ਲਾਲ ਭਗਤ ਨਿਮਰਤਾ ਅਤੇ ਲੋਕ-ਸੇਵਾ ਪ੍ਰਤੀ ਅਟੁੱਟ ਵਚਨਬੱਧਤਾ ਤੋਂ ਪ੍ਰੇਰਿਤ ਰਹੇ। ਸਾਧਾਰਣ ਪਰਿਵਾਰਕ ਸ਼ੁਰੂਆਤ ਤੋਂ ਸੂਬੇ ਵਿਚ ਅਹਿਮ ਲੀਡਰਸ਼ਿਪ ਦੇ ਅਹੁਦਿਆਂ ਤੱਕ ਪਹੁੰਚਣ ਵਾਲੇ ਚੂਨੀ ਲਾਲ ਭਗਤ ਨੇ ਪੰਜਾਬ ਸਰਕਾਰ ’ਚ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ ਅਤੇ ਜੰਗਲਾਤ ਤੇ ਜੰਗਲੀ ਜੀਵ ਸੰਭਾਲ ਵਰਗੇ ਅਹਿਮ ਵਿਭਾਗਾਂ ਦੀ ਕਮਾਨ ਸੰਭਾਲੀ । ਸਿਆਸੀ ਉਥਲ-ਪੁਥਲ ਦੇ ਦੌਰ ਵਿਚ ਵੀ ਆਪਣੇ ਸ਼ਾਂਤ ਸੁਭਾਅ ਅਤੇ ਨਪੇ-ਤੁਲੇ ਸ਼ਬਦਾਂ ਸਦਕਾ ਉਨ੍ਹਾਂ ਸਹਿਯੋਗੀਆਂ ਦੇ ਨਾਲ-ਨਾਲ ਸਿਆਸੀ ਵਿਰੋਧੀਆਂ ਤੋਂ ਵੀ ਸਤਿਕਾਰ ਹਾਸਿਲ ਕੀਤਾ। ਪੰਜਾਬ ਦੀ ਸਿਆਸਤ ਵਿਚ ਚੂਨੀ ਲਾਲ ਭਗਤ ਦੇ ਯੋਗਦਾਨ ਅਤੇ ਜਲੰਧਰ ਦੇ ਲੋਕਾਂ ਪ੍ਰਤੀ ਉਨ੍ਹਾਂ ਦੀ ਅਟੁੱਟ ਸੇਵਾ ਭਾਵਨਾ ਨੇ ਸੂਬੇ ਦੇ ਲੋਕਾਂ ਦੇ ਮਨਾਂ ’ਤੇ ਡੂੰਘੀ ਛਾਪ ਛੱਡੀ ਹੈ। ਲੋਕ ਸੇਵਾ ਦੀ ਇਸ ਸ਼ਾਨਦਾਰ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਦੇ ਸਪੁੱਤਰ ਮਹਿੰਦਰ ਭਗਤ ਵੀ ਆਪਣੇ ਪਿਤਾ ਦੇ ਨਕਸ਼-ਏ-ਕਦਮਾਂ ’ਤੇ ਚੱਲ ਰਹੇ ਹਨ ਅਤੇ ਪੰਜਾਬ ਸਰਕਾਰ ’ਚ ਬਤੌਰ ਕੈਬਨਿਟ ਮੰਤਰੀ ਲੋਕਾਂ ਦੀ ਸੇਵਾ ਕਰ ਰਹੇ ਹਨ। ਚੂਨੀ ਲਾਲ ਭਗਤ ਨਮਿਤ ਸ਼ਰਧਾਂਜਲੀ ਸਭਾ ਐਤਵਾਰ 20 ਸਤੰਬਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਐਮ.ਐਸ. ਫਾਰਮ ਬਸਤੀ ਪੀਰਦਾਦ ਵਿਖੇ ਹੋਵੇਗੀ। – ਜਤਿੰਦਰ ਪੰਮੀ