ਬਰਸੀ ’ਤੇ ਵਿਸ਼ੇਸ਼-ਜ਼ਿੰਦਾਦਿਲੀ ਦੀ ਇਕ ਅਨੋਖੀ ਮਿਸਾਲ ਸਨ ਮਨਮੋਹਨ ਸਿੰਘ ਕਲਸੀ
ਜਲੰਧਰ- ਬੇਮਿਸਾਲ ਸ਼ਖ਼ਸੀਅਤ ਦੇ ਮਾਲਕ, ਪ੍ਰਤਿਭਾ ਦੇ ਧਨੀ, ਕਲਸੀ ਗਰੁੱਪ ਆਫ਼ ਕੰਪਨੀਜ਼ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਅਤੇ ਪ੍ਰਸਿੱਧ ਉਦਯੋਗਪਤੀ ਸਵ. ਸ.
ਜਲੰਧਰ- ਬੇਮਿਸਾਲ ਸ਼ਖ਼ਸੀਅਤ ਦੇ ਮਾਲਕ, ਪ੍ਰਤਿਭਾ ਦੇ ਧਨੀ, ਕਲਸੀ ਗਰੁੱਪ ਆਫ਼ ਕੰਪਨੀਜ਼ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਅਤੇ ਪ੍ਰਸਿੱਧ ਉਦਯੋਗਪਤੀ ਸਵ. ਸ. ਮਨਮੋਹਨ ਸਿੰਘ ਕਲਸੀ ਜ਼ਿੰਦਾਦਿਲੀ ਦੀ ਇੱਕ ਅਨੋਖੀ ਮਿਸਾਲ ਸਨ। ਸ. ਕਲਸੀ ਦਾ ਜਨਮ ਸਾਲ 1942 ਵਿੱਚ ਪਾਕਿਸਤਾਨ ਦੇ ਲਾਹੌਰ ਜ਼ਿਲ੍ਹੇ ਦੇ ਮਾਘੀ ਮੇਢਾ ਪਿੰਡ ’ਚ ਪਿਤਾ ਸਵ. ਸ. ਮੱਘਰ ਸਿੰਘ ਕਲਸੀ ਅਤੇ ਮਾਤਾ ਸਵ. ਸ਼੍ਰੀਮਤੀ ਗਿਆਨ ਕੌਰ ਦੇ ਘਰ ਹੋਇਆ। 1947 ਵਿੱਚ ਭਾਰਤ-ਪਾਕਿਸਤਾਨ ਵੰਡ ਉਪਰੰਤ ਉਹ ਆਪਣੇ ਪਰਿਵਾਰ ਸਮੇਤ ਜਲੰਧਰ ਆ ਕੇ ਵੱਸ ਗਏ। ਉਨ੍ਹਾਂ ਨੇ ਸਾਲ 1957 ’ਚ ਸਾਈਂ ਦਾਸ ਪਬਲਿਕ ਸਕੂਲ ਤੋਂ ਮੈਟ੍ਰਿਕ ਦੀ ਪੜ੍ਹਾਈ ਪੂਰੀ ਕੀਤੀ ਅਤੇ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ। ਇਸ ਉਪਰੰਤ ਉਹ ਆਪਣੇ ਪਿਤਾ ਸਵ. ਮੱਘਰ ਸਿੰਘ ਕਲਸੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਾਰੋਬਾਰ ਵਿੱਚ ਜੁਟ ਗਏ। ਸਾਲ 1964 ਵਿੱਚ ਬਸਤੀ ਬਾਵਾ ਖੇਲ ਵਿਖੇ ਕਲਸੀ ਮੈਟਲ ਵਰਕਸ ਦਾ ਯੂਨਿਟ ਸਥਾਪਤ ਕਰਕੇ ਪੰਪ ਬਣਾਉਣ ਦਾ ਕੰਮ ਸ਼ੁਰੂ ਕੀਤਾ। ਉਨ੍ਹਾਂ ਦੀ ਦੂਰਦਰਸ਼ਤਾ, ਗਿਆਨ, ਲਗਨ, ਮਿਹਨਤ, ਤਜਰਬੇ, ਇਮਾਨਦਾਰੀ ਅਤੇ ਸਮਰਪਣ ਸਦਕਾ ਕੰਪਨੀ ਨੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹਿਆ। ਸਫਲਤਾ ਦੀ ਇਸ ਉਡਾਣ ’ਚ ਉਨ੍ਹਾਂ ਦੇ ਭਰਾ ਸਵ. ਸੁਰਿੰਦਰ ਸਿੰਘ ਕਲਸੀ, ਕੁਲਵੰਤ ਸਿੰਘ ਕਲਸੀ ਅਤੇ ਰਾਜਿੰਦਰ ਪਾਲ ਸਿੰਘ ਕਲਸੀ ਨੇ ਵੀ ਉਨ੍ਹਾਂ ਦਾ ਭਰਪੂਰ ਸਾਥ ਦਿੱਤਾ। ਉਨ੍ਹਾਂ ਦੀ ਸਫਲਤਾ ਦੀ ਯਾਤਰਾ ’ਚ ਉਨ੍ਹਾਂ ਦੀ ਧਰਮਪਤਨੀ ਸਰਦਾਰਨੀ ਰਵਿੰਦਰ ਕੌਰ ਕਲਸੀ ਨੇ ਵੀ ਬੇਹੱਦ ਸ਼ਲਾਘਾਯੋਗ ਭੂਮਿਕਾ ਨਿਭਾਈ। ਉਨ੍ਹਾਂ ਦੇ ਹੋਣਹਾਰ ਸਪੁੱਤਰ ਗਗਨਦੀਪ ਸਿੰਘ ਕਲਸੀ ਅਤੇ ਮਨਵਦੀਪ ਸਿੰਘ ਕਲਸੀ ਅੱਜ ਪ੍ਰਸਿੱਧ ਉਦਯੋਗਪਤੀਆਂ ਵਜੋਂ ਆਪਣਾ ਵਿਸ਼ੇਸ਼ ਅਤੇ ਸਨਮਾਨਯੋਗ ਸਥਾਨ ਬਣਾ ਚੁੱਕੇ ਹਨ । ਉਨ੍ਹਾਂ ਦੀਆਂ ਨੂੰਹਾਂ ਸ਼੍ਰੀਮਤੀ ਮਨੀਤ ਕਲਸੀ ਅਤੇ ਸ਼੍ਰੀਮਤੀ ਸਿਮਰਨ ਕਲਸੀ ਨੇ ਵੀ ਉਨ੍ਹਾਂ ਤੋਂ ਹਮੇਸ਼ਾ ਇੱਕ ਪਿਤਾ ਵਰਗਾ ਅਪਾਰ ਸਨੇਹ ਪ੍ਰਾਪਤ ਕੀਤਾ। ਮਨਮੋਹਨ ਸਿੰਘ ਕਲਸੀ ਦੀ ਸ਼ਖ਼ਸੀਅਤ, ਕਾਰਜਸ਼ੈਲੀ ਅਤੇ ਸਮਾਜ ਪ੍ਰਤੀ ਸਮਰਪਣ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਦੀ ਚੌਥੀ ਬਰਸੀ ਮੌਕੇ ਸਮੂਹ ਕਲਸੀ ਪਰਿਵਾਰ ਅਤੇ ਉਨ੍ਹਾਂ ਨਾਲ ਜੁੜੇ ਸਾਰੇ ਸਨੇਹੀਆਂ ਵਲੋਂ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਜਾਂਦੀ ਹੈ। -ਅਜੀਤ ਬਿਊਰੋ