ਜਲੰਧਰ, 29 ਜੁਲਾਈ (ਪਵਨ ਖਰਬੰਦਾ)-ਨਿਊ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂ ਤੇਗ਼ ਬਹਾਦਰ ਨਗਰ ਜਲੰਧਰ ਵਿਖੇ ਗੁਰੂ ਪੂਰਨਿਮਾ ਦਾ ਪਾਵਨ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਕਵਿਤਾਵਾਂ, ਭਾਸ਼ਣ, ਗੀਤ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਗੁਰੂ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਆਪਣੇ ਗੁਰੂਜਨਾਂ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਕੀਤਾ। ਸੱਤਵੀਂ ‘ਸੀ’ ਜਮਾਤ ਦੀ ਵਿਦਿਆਰਥਣ ਨਿਆਸਾ ਨੇ ਗੁਰੂ ਵੰਦਨਾ ਉੱਤੇ ਮਨਮੋਹਕ ਨ੍ਰਿਤ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੇ ਮੱਥੇ ‘ਤੇ ਰੋਲੀ ਅਤੇ ਚੰਦਨ ਦਾ ਤਿਲਕ ਲਗਾਇਆ ਅਤੇ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕਰਦਿਆਂ ਨਿੱਘਾ ਸਨਮਾਨ ਕੀਤਾ। ਇਸ ਮੌਕੇ ਸਕੂਲ ਵਿੱਚ ਭਾਰਤੀ ਗੁਰੂ-ਸ਼ਿਸ਼ ਪਰੰਪਰਾ ਅਤੇ ਸੱਭਿਆਚਾਰ ਦੀ ਸੁੰਦਰ ਝਲਕ ਦੇਖਣ ਨੂੰ ਮਿਲੀ। ਸਕੂਲ ਦੇ ਡਾਇਰੈਕਟਰ ਸੁਸ਼ਮਾ ਹਾਂਡਾ ਨੇ ਵਿਦਿਆਰਥੀਆਂ ਨੂੰ ਆਪਣੇ ਗੁਰੂਜਨਾਂ ਦੇ ਨਾਲ-ਨਾਲ ਮਾਤਾ-ਪਿਤਾ ਦਾ ਵੀ ਆਦਰ ਅਤੇ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਅਤੇ ਮਾਪਿਆਂ ਦਾ ਸਤਿਕਾਰ ਹੀ ਮਨੁੱਖ ਦੇ ਚੰਗੇ ਚਰਿੱਤਰ ਅਤੇ ਉੱਜਲ ਭਵਿੱਖ ਦੀ ਮਜ਼ਬੂਤ ਨੀਂਹ ਹੁੰਦਾ ਹੈ। ਸਮਾਗਮ ਦੇ ਅੰਤ ਵਿੱਚ ਵਿਦਿਆਰਥੀਆਂ ਨੇ ਆਪਣੇ ਗੁਰੂਜਨਾਂ ਪ੍ਰਤੀ ਦਿਲੋਂ ਧੰਨਵਾਦ ਪ੍ਰਗਟ ਕੀਤਾ । ਸਮਾਗਮ ਦਾ ਸਮਾਪਨ ਰਾਸ਼ਟਰੀ ਗੀਤ ਨਾਲ ਕੀਤਾ ਗਿਆ ।