ਜਲੰਧਰ, 29 ਜੁਲਾਈ (ਜਤਿੰਦਰ ਪੰਮੀ)–ਥਾਣਾ ਡਵੀਜ਼ਨ ਨੰਬਰ 5 ਵਿੱਚ ਲੰਮੇਂ ਸਮੇਂ ਤੋਂ ਖੜ੍ਹੇ ਲਾਵਾਰਿਸ ਤੇ ਪੁਲਿਸ ਵਲੋਂ ਜ਼ਬਤ ਕੀਤੇ ਗਏ ਕਰੀਬ 345 ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨਿਲਾਮੀ ਕਰਵਾਈ ਗਈ। ਇਹ ਨਿਲਾਮੀ ਏ. ਡੀ. ਸੀ.ਪੀ. ਟ੍ਰੈਫਿਕ ਗੁਰਬਾਜ਼ ਸਿੰਘ ਤੇ ਏ. ਸੀ. ਪੀ. ਟ੍ਰੈਫਿਕ ਅਜੇ ਸਿੰਘ ਦੀ ਨਿਗਰਾਨੀ ਹੇਠ ਨੇਪਰੇ ਚਾੜ੍ਹੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਸੀ. ਪੀ. ਟ੍ਰੈਫਿਕ ਅਜੇ ਸਿੰਘ ਨੇ ਦੱਸਿਆ ਕਿ ਉਕਤ ਵਾਹਨ ਪੁਲਿਸ ਵਲੋਂ ਵੱਖ-ਵੱਖ ਕੇਸਾਂ ’ਚ ਜ਼ਬਤ ਕੀਤੇ ਗਏ ਸਨ। ਇਨ੍ਹਾਂ ਦੀ ਨਿਲਾਮੀ ਕਰਵਾਉਣ ਤੋਂ ਪਹਿਲਾਂ ਵਾਹਨਾਂ ਦੇ ਮਾਲਕਾਂ ਨੂੰ ਅਸਲ ਦਸਤਾਵੇਜ਼ ਦਿਖਾ ਕੇ ਆਪਣੇ ਵਾਹਨ ਵਾਪਸ ਲੈ ਕੇ ਜਾਣ ਦਾ ਮੌਕਾ ਦਿੱਤਾ ਗਿਆ ਸੀ। ਉਪਰੰਤ ਬਾਕੀ ਵਾਹਨਾਂ ਦੀ ਨਿਲਾਮੀ ਸੰਬੰਧਤ ਅਧਿਕਾਰੀਆਂ ਦੀ ਨਿਗਰਾਨੀ ਹੇਠ ਨਿਯਮਾਂ ਅਨੁਸਾਰ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਨਿਲਾਮੀ ਦੌਰਾਨ ਕੁੱਲ 345 ਵਾਹਨਾਂ ਦੀ ਬੋਲੀ ਕੀਤੀ ਗਈ, ਜਿਨ੍ਹਾਂ ਵਿੱਚ 297 ਸਕੂਟਰ, 30 ਮੋਟਰਸਾਈਕਲ, 4 ਮਾਰੂਤੀ ਕਾਰਾਂ, 2 ਬੁਲਟ ਤੇ ਰਾਜਦੂਤ ਮੋਟਰਸਾਈਕਲ, 3 ਆਟੋ ਅਤੇ 9 ਸਕੂਟਰੀਆਂ ਸ਼ਾਮਲ ਹਨ। ਏ. ਸੀ. ਪੀ. ਅਜੇ ਸਿੰਘ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵਲੋਂ ਅਜਿਹੀ ਕਾਰਵਾਈ ਦਾ ਮੁੱਖ ਉਦੇਸ਼ ਪੁਲਿਸ ਯਾਰਡ ਵਿੱਚ ਖੜ੍ਹੇ ਲਾਵਾਰਿਸ ਤੇ ਬੇਕਾਰ ਵਾਹਨਾਂ ਦਾ ਨਿਯਮਾਂ ਅਨੁਸਾਰ ਨਿਪਟਾਰਾ ਕਰਕੇ ਰਿਕਾਰਡ ਸੁਚਾਰੂ ਬਣਾਉਣਾ ਅਤੇ ਉਪਲਬਧ ਜਗ੍ਹਾ ਦੀ ਸਹੀ ਵਰਤੋਂ ਕਰਨਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਪੁਰਾਣੇ ਵਾਹਨਾਂ ਦੀ ਨਿਲਾਮੀ ਕਰਵਾਈ ਜਾਵੇਗੀ।