04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਅਮਰੀਕਾ-ਇਜ਼ਰਾਈਲ ਦੇ ਹਾਕਮ ਕਸੂਰਵਾਰ ਹਨ ਜੰਗਬੰਦੀ ਟੁੱਟਣ ਲਈ - ਪਾਸਲਾ

ਅਜੀਤ ਡੈਸਕ 18-07-2026
ਜਲੰਧਰ, 17 ਜੁਲਾਈ (ਐੱਮ. ਐੱਸ. ਲੋਹੀਆ) - ‘ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ’ (ਆਰ.ਐੱਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਲੰਘੇ ਦਿਨੀਂ ਅਮਰੀਕਾ-ਈਰਾਨ ਦਰਮਿਆਨ ਹੋਈ ਜੰਗਬੰਦੀ ਟੁੱਟ ਜਾਣ ‘ਤੇ ਡੂੰਘਾ ਦੁੱਖ ਜਾਹਿਰ ਕਰਦਿਆਂ ਕਿਹਾ ਕਿ ਨਵੇਂ ਸਿਰਿਉਂ ਜੰਗ ਛਿੱੜ ਜਾਣ ਦੇ ਮੁੱਖ ਦੋਸ਼ੀ ਅਮਰੀਕਾ ਤੇ ਇਜ਼ਰਾਇਲ ਦੇ ਹਾਕਮ ਹਨ। ਉਨ੍ਹਾਂ ਕਿਹਾ ਕਿ ਇਹ ਗੱਲ ਵਾਰ-ਵਾਰ ਸੱਚ ਸਿੱਧ ਹੋ ਰਹੀ ਹੈ ਕਿ “ਜਦੋਂ ਤੱਕ ਸਾਮਰਾਜ ਦੀ ਹੋਂਦ ਕਾਇਮ ਹੈ ਉਦੋਂ ਤੱਕ ਸੰਸਾਰ ਦੇ ਲੋਕ ਅਮਨ-ਚੈਨ ਨਾਲ ਨਹੀਂ ਰਹਿ ਸਕਦੇ।” ਉਨ੍ਹਾਂ ਕਿਹਾ ਕਿ “ਸਾਮਰਾਜੀ ਅਮਰੀਕਾ ਨਾਲ ਯੁਧਨੀਤਕ ਸਾਂਝਾਂ ਕਾਇਮ ਕਰਨ ਦੇ ਨਤੀਜੇ ਵਜੋਂ ਮੋਦੀ ਸਰਕਾਰ ਵਲੋਂ ਕੂਟਨੀਤੀ ਦੇ ਖੇਤਰ ‘ਚ ਲਏ ਗਏ ਨਿਰਣਿਆਂ ਸਦਕਾ ਦੇਸ਼ ਦੇ ਵੱਕਾਰ ਨੂੰ ਭਾਰੀ ਸੱਟ ਵੱਜੀ ਹੈ।” ਪਾਸਲਾ ਨੇ ਦੇਸ਼ ਵਾਸੀਆਂ, ਖ਼ਾਸ ਕਰਕੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਅਮਰੀਕਾ ਤੇ ਦੂਜੇ ਅਮੀਰ ਦੇਸ਼ਾਂ ਨਾਲ ਕੀਤੇ ਜਾ ਰਹੇ, ਦੇਸ਼ ਦੀ ਖੇਤੀ, ਦਰਮਿਆਨੇ ਤੇ ਛੋਟੇ ਉਦਯੋਗ-ਕਾਰੋਬਾਰ ਅਤੇ ਪ੍ਰਚੂਨ ਵਪਾਰ ਨੂੰ ਤਬਾਹ ਕਰਨ ਵਾਲੇ ‘ਵਿਦੇਸ਼ ਵਪਾਰ ਸਮਝੌਤਿਆਂ’ ਖਿਲਾਫ ਨਿਰਣਾਇਕ ਲੋਕ ਯੁੱਧ ਵਿੱਢਣ। ਰਾਜ ਕਮੇਟੀ ਦੇ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਪਾਰਟੀ ਵਲੋਂ ਖੱਬੀਆਂ ਧਿਰਾਂ ਅਤੇ ‘ਬਹੁਜਨ ਲੈਫਟ ਫਰੰਟ’ ਦੇ ਸਹਿਯੋਗ ਨਾਲ ਪੰਜਾਬ ਵਿਧਾਨ ਸਭਾ ਦੀਆਂ 15 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਆਗੂਆਂ ਨੇ ਕਿਹਾ ਕਿ ਐਸ.ਆਈ.ਆਰ. ਤੇ ਦਲ ਬਦਲੀ ਸਮੇਤ ਲੋਕ ਰਾਜ, ਧਰਮ ਨਿਰਪੱਖਤਾ ਤੇ ਫੈਡਰਲਿਜ਼ਮ ਨੂੰ ਗੰਭੀਰ ਢਾਹ ਲਾ ਰਹੇ ਸੰਘ-ਭਾਜਪਾ ਤੇ ਮੋਦੀ ਸਰਕਾਰ ਦੇ ਹਰ ਹੱਲੇ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇਗੀ। ਆਗੂਆਂ ਨੇ ਪੰਜਾਬ ਦੀ ਧਰਤੀ ਤੋਂ ਹੋਣ ਜਾ ਰਹੇ ਦੋ ਕਿਸਾਨ ਸੰਗਠਨਾਂ ਦੇ ਰਲੇਵੇਂ ‘ਤੇ ਖੁਸ਼ੀ ਪ੍ਰਗਟ ਕਰਦਿਆਂ ਲੋਕ ਪੱਖੀ ਸਿਆਸੀ ਧਿਰਾਂ ਨੂੰ ਵੀ ਸਾਂਝ ਕਾਇਮ ਕਰਨ ਲਈ ਹੰਭਲਾ ਮਾਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ।
ਪਿਛਲੀ ਖ਼ਬਰ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੇ ਪੇਸ਼ ਕੀਤੀ ਸਿੱਖੀ ਸਿਦਕ ਦੀ ਬੇਮਿਸਾਲ ਉਦਾਹਰਣ-ਬਾਬਾ ਭਗਵਾਨ ਸਿੰਘ ਅਗਲੀ ਖ਼ਬਰ ਐਸ.ਆਈ.ਆਰ. ਸੰਬੰਧੀ ਸੋਧਿਆ ਹੋਇਆ ਸ਼ਡਿਊਲ ਜਾਰੀ -ਜ਼ਿਲ੍ਹਾ ਚੋਣ ਅਫ਼ਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।