08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਆਦਮਪੁਰ ਹਲਕਾ ਇੰਚਾਰਜ ਦੀ ਨਿਯੁਕਤੀ ’ਚ ਦੇਰੀ–ਅਕਾਲੀ ਉਮੀਦਵਾਰਾਂ ਦੀ ਵਧੀ ਬੇਚੈਨੀ, ਵਰਕਰ ਵੀ ਹੋ ਰਹੇ ਨੇ ਨਾਰਾਜ਼।

ਅਜੀਤ ਡੈਸਕ 08-07-2026
ਆਦਮਪੁਰ,7 ਜੁਲਾਈ (ਹਰਪ੍ਰੀਤ ਸਿੰਘ)-ਵਿਧਾਨ ਸਭਾ ਹਲਕਾ ਆਦਮਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਹਲਕਾ ਇੰਚਾਰਜ ਦੀ ਨਿਯੁਕਤੀ ਕਰਨ ਵਿੱਚ ਕੀਤੀ ਜਾ ਰਹੀ ਬੇਲੋੜੀ ਦੇਰੀ ਕਾਰਨ ਪਾਰਟੀ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਵਿੱਚ ਨਿਰਾਸ਼ਾ ਅਤੇ ਹਲਚਲ ਵਧਦੀ ਜਾ ਰਹੀ ਹੈ। ਜਿੱਥੇ ਇੱਕ ਪਾਸੇ ਹਲਕਾ ਇੰਚਾਰਜ ਦੀ ਦੌੜ ਵਿੱਚ ਸ਼ਾਮਲ ਮੁੱਖ ਅਕਾਲੀ ਆਗੂ ਲੰਬੇ ਸਮੇਂ ਤੋਂ ਹਾਈਕਮਾਂਡ ਦੇ ਫੈਸਲੇ ਦੀ ਉਮੀਦ ਵਿੱਚ ਬੈਠੇ ਹਨ, ਉੱਥੇ ਹੀ ਦੂਜੇ ਪਾਸੇ ਇਸ ਦੇਰੀ ਕਾਰਨ ਹਲਕੇ ਦੇ ਅਣਥੱਕ ਵਰਕਰ ਵੀ ਹੁਣ ਤੰਗ ਆ ਚੁੱਕੇ ਹਨ ਅਤੇ ਉਨ੍ਹਾਂ ਵਿੱਚ ਭਾਰੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਸੂਤਰਾਂ ਮੁਤਾਬਕ, ਹਲਕੇ ਵਿੱਚ ਪੱਕਾ ਲੀਡਰ (ਇੰਚਾਰਜ) ਨਾ ਹੋਣ ਕਾਰਨ ਅਕਾਲੀ ਦਲ ਦੀਆਂ ਸਥਾਨਕ ਗਤੀਵਿਧੀਆਂ ਪੂਰੀ ਤਰ੍ਹਾਂ ਮੱਠੀਆਂ ਪੈ ਚੁੱਕੀਆਂ ਹਨ। ਆਮ ਵਰਕਰਾਂ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਮੁਖੀ ਦੇ ਉਹ ਫੀਲਡ ਵਿੱਚ ਜਾ ਕੇ ਕਿਸ ਦੇ ਹੱਕ ਵਿੱਚ ਪ੍ਰਚਾਰ ਕਰਨ? ਵਰਕਰਾਂ ਵਿੱਚ ਇਹ ਚਰਚਾ ਆਮ ਹੈ ਕਿ ਜੇਕਰ ਹਾਈਕਮਾਂਡ ਨੇ ਜਲਦੀ ਕੋਈ ਫੈਸਲਾ ਨਾ ਲਿਆ, ਤਾਂ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਨੂੰ ਇਸ ਦਾ ਵੱਡਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ ਅਤੇ ਸਾਨੂੰ ਫੀਲਡ ਵਿੱਚ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਤੱਕ ਹਲਕੇ ਦਾ ਕੋਈ ਵਾਲੀ-ਵਾਰਿਸ ਤੈਅ ਨਹੀਂ ਹੁੰਦਾ, ਉਦੋਂ ਤੱਕ ਵਰਕਰ ਕਿਸ ਦੇ ਬੈਨਰ ਹੇਠ ਲਾਮਬੰਦ ਹੋਣ? ਹਾਈਕਮਾਂਡ ਦੀ ਇਹ ਦੇਰੀ ਵਰਕਰਾਂ ਦਾ ਮਨੋਬਲ ਤੋੜ ਰਹੀ ਹੈ।
ਹਲਕੇ ਦੇ ਇਕ ਸੀਨੀਅਰ ਅਕਾਲੀ ਵਰਕਰ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਆਗੂਆਂ ਦੀ ਆਪਸੀ ਖਿੱਚੋਤਾਨ ਵਧੀ , ਇੰਚਾਰਜ ਦੀ ਕੁਰਸੀ ਖਾਲੀ ਹੋਣ ਕਾਰਨ ਹਲਕੇ ਅੰਦਰ ਟਿਕਟ ਦੇ ਚਾਹਵਾਨ ਆਗੂਆਂ ਵਿੱਚ ਅੰਦਰੂਨੀ ਖਿੱਚੋਤਾਣ ਵੀ ਵਧ ਗਈ ਹੈ। ਹਰ ਕੋਈ ਆਪਣੇ ਪੱਧਰ ‘ਤੇ ਹਾਈਕਮਾਂਡ ਤੱਕ ਪਹੁੰਚ ਬਣਾਉਣ ਵਿੱਚ ਲੱਗਾ ਹੋਇਆ ਹੈ। ਪਰ ਪਾਰਟੀ ਲੀਡਰਸ਼ਿਪ ਵੱਲੋਂ ਫੈਸਲਾ ਲਟਕਾਉਣ ਕਰਕੇ ਆਗੂਆਂ ਦਾ ਸਬਰ ਵੀ ਹੁਣ ਜਵਾਬ ਦੇ ਰਿਹਾ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜਿੰਨੀ ਦੇਰੀ ਹੋਵੇਗੀ, ਪਾਰਟੀ ਅੰਦਰਲੀ ਧੜੇਬੰਦੀ ਉੱਨੀ ਹੀ ਜ਼ਿਆਦਾ ਮਜ਼ਬੂਤ ਹੁੰਦੀ ਜਾਵੇਗੀ। ਇਕ ਪਾਸੇ ਜਿੱਥੇ ਅਕਾਲੀ ਦਲ ਅਜੇ ਤੱਕ ਆਪਣਾ ਹਲਕਾ ਇੰਚਾਰਜ ਤੈਅ ਨਹੀਂ ਕਰ ਸਕਿਆ, ਉੱਥੇ ਹੀ ਵਿਰੋਧੀ ਪਾਰਟੀਆਂ ਦੇ ਆਗੂ ਹਲਕੇ ਵਿੱਚ ਲਗਾਤਾਰ ਸਰਗਰਮ ਹਨ ਅਤੇ ਅਕਾਲੀ ਦਲ ਦੀ ਇਸ ਕਮਜ਼ੋਰੀ ਦਾ ਫਾਇਦਾ ਚੁੱਕਦੇ ਹੋਏ ਵਰਕਰਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ।
ਆਦਮਪੁਰ ਦੇ ਸਮੂਹ ਅਕਾਲੀ ਵਰਕਰਾਂ ਅਤੇ ਟਕਸਾਲੀ ਆਗੂਆਂ ਨੇ ਪਾਰਟੀ ਪ੍ਰਧਾਨ ਅਤੇ ਹਾਈਕਮਾਂਡ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਜਲਦੀ ਤੋਂ ਜਲਦੀ ਹਲਕਾ ਆਦਮਪੁਰ ਦੇ ਇੰਚਾਰਜ ਦਾ ਐਲਾਨ ਕੀਤਾ ਜਾਵੇ, ਤਾਂ ਜੋ ਪਾਰਟੀ ਨੂੰ ਦੁਬਾਰਾ ਪੈਰਾਂ ’ਤੇ ਕੀਤਾ ਜਾ ਸਕੇ।
ਪਿਛਲੀ ਖ਼ਬਰ ਪੀਰ ਬਾਬਾ ਗੋਦੜੀ ਸ਼ਾਹ ਦੇ ਸਾਲਾਨਾ ਮੇਲੇ ਸੰਬੰਧੀ ਕਰਵਾਇਆ ਛਿੰਝ ਮੇਲਾ ਵਿਧਾਇਕ ਲਾਡੀ ਸ਼ੇਰੋਵਾਲੀਆ ਵਲੋਂ ਮੁੱਖ ਮਹਿਮਾਨ ਵਜ... ਅਗਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਨੇ ਮੁੱਖ ਮੰਤਰੀ ਅਤੇ ਰਾਜਪਾਲ ਦੇ ਨਾਂਅ ਸੌਂਪੇ ਮੰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।