ਨੂਰਮਹਿਲ, 2 ਜੂਨ (ਤਜਿੰਦਰ ਕੁਮਾਰ)-ਚੀਨ ਦੇ ਹੈਨਾਨ ਸ਼ਹਿਰ ਵਿੱਚ ਹੋਈ ਏਸ਼ੀਅਨ ਪਾਵਰਲਿਫਟਿੰਗ ਫੈਡਰੇਸ਼ਨ ਚੈਂਪੀਅਨਸ਼ਿਪ ਵਿੱਚ ਨੂਰਮਹਿਲ ਦੇ ਨਜ਼ਦੀਕੀ ਪਿੰਡ ਭੱਲੋਵਾਲ ਦੀ ਹੋਣਹਾਰ ਖਿਡਾਰਨ ਅਵਲੀਨ ਕੌਰ ਨੇ ਸਬ-ਜੂਨੀਅਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਚਾਰ ਚਾਂਦੀ ਦੇ ਤਗਮੇ ਜਿੱਤ ਕੇ ਦੇਸ਼, ਪੰਜਾਬ ਅਤੇ ਆਪਣੇ ਇਲਾਕੇ ਦਾ ਨਾਮ ਅੰਤਰਰਾਸ਼ਟਰੀ ਪੱਧਰ 'ਤੇ ਰੌਸ਼ਨ ਕੀਤਾ ਹੈ | ਚੈਂਪੀਅਨਸ਼ਿਪ ਦੌਰਾਨ ਅਵਲੀਨ ਕੌਰ ਨੇ ਸਕੁਆਟ ਵਿੱਚ 190 ਕਿੱਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਹਾਸਲ ਕੀਤਾ | ਇਸ ਤੋਂ ਇਲਾਵਾ ਬੈਂਚ ਪ੍ਰੈੱਸ ਵਿੱਚ 85 ਕਿੱਲੋਗ੍ਰਾਮ ਅਤੇ ਡੈੱਡਲਿਫਟ ਵਿੱਚ 150 ਕਿੱਲੋਗ੍ਰਾਮ ਭਾਰ ਚੁੱਕ ਕੇ ਵੀ ਚਾਂਦੀ ਦੇ ਤਗਮੇ ਆਪਣੇ ਨਾਮ ਕੀਤੇ | 425 ਕਿੱਲੋਗ੍ਰਾਮ ਦੇ ਕੁੱਲ ਭਾਰ ਨਾਲ ਉਸ ਨੇ ਓਵਰਆਲ ਵਰਗ ਵਿੱਚ ਵੀ ਚਾਂਦੀ ਦਾ ਤਗਮਾ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ | ਅਵਲੀਨ ਕੌਰ ਦੀ ਇਸ ਸ਼ਾਨਦਾਰ ਉਪਲਬਧੀ 'ਤੇ ਖੇਡ ਪ੍ਰੇਮੀਆਂ ਅਤੇ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ | ਵੱਖ-ਵੱਖ ਸਮਾਜਿਕ, ਰਾਜਨੀਤਿਕ ਅਤੇ ਖੇਡ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਜ਼ਿਕਰਯੋਗ ਹੈ ਕਿ ਅਵਲੀਨ ਕੌਰ ਪਾਵਰਕੌਮ ਵਿੱਚ ਸੇਵਾ ਨਿਭਾ ਰਹੇ ਗੁਰਵਿੰਦਰ ਸਿੰਘ ਦੀ ਸਪੁੱਤਰੀ ਹੈ | ਉਸ ਦੀ ਇਸ ਵੱਡੀ ਪ੍ਰਾਪਤੀ 'ਤੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ, ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਡਾ. ਨਵਜੋਤ ਦਾਹੀਆ, ਰਜਿੰਦਰ ਕਾਲੜਾ, ਦਿਨੇਸ਼ ਕੁਮਾਰ ਨਿੱਕੂ, ਨੰਦ ਕਿਸ਼ੋਰ, ਕੇ. ਐਸ. ਮੱਖਣ ਅਤੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਵਧਾਈਆਂ ਦਿੱਤੀਆਂ ਹਨ |