ਜਲੰਧਰ, 30 ਮਾਰਚ (ਐੱਮ. ਐੱਸ. ਲੋਹੀਆ)-ਕਮਲ ਵਿਹਾਰ ਦੇ ਖੇਤਰ 'ਚ ਰਹਿੰਦੇ ਇਕ ਵਿਅਕਤੀ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ, ਜਿਸ ਸੰਬੰਧੀ ਇਲਾਕੇ ਦੇ ਲੋਕਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਤਾਂ ਮੌਕੇ 'ਤੇ ਪਹੁੰਚੀ ਲੈਦਰ ਕੰਪਲੈਕਸ ਚੌਕੀ ਦੀ ਪੁਲਿਸ ਨੇ ਮਿ੍ਤਕ ਦੇਹ ਨੂੰ ਕਬਜ਼ੇ 'ਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ | ਮੌਕੇ 'ਤੇ ਪਹੁੰਚੇ ਲੈਦਰ ਕੰਪਲੈਕਸ ਚੌਕੀ ਇੰਚਾਰਜ ਯੁਵਰਾਜ ਸਿੰਘ ਨੇ ਜਾਣਕਾਰੀ ਦਿੱਤੀ ਕਿ ਮਿ੍ਤਕ ਦੀ ਪਛਾਣ ਜੁਗਿੰਦਰ ਪਾਲ (60) ਵਾਸੀ ਕਮਲ ਵਿਹਾਰ ਵਜੋਂ ਹੋਈ ਹੈ | ਉਨ੍ਹਾਂ ਕਿਹਾ ਕਿ ਮੁੱਢਲੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਜੁਗਿੰਰਪਾਲ ਬਿਮਾਰ ਸੀ | ਪਰਿਵਾਰਕ ਅਨੁਸਾਰ ਜੁਗਿੰਦਰ ਪਾਲ ਘਰ ਦੀ ਉਪਰਲੀ ਮੰਜ਼ਿਲ 'ਤੇ ਰਹਿੰਦਾ ਸੀ, ਜਿਸ ਦੀ ਬਿਮਾਰੀ ਦੇ ਚੱਲਦੇ ਰਾਤ ਨੂੰ ਮੌਤ ਹੋ ਗਈ | ਪਰਿਵਾਰਕ ਮੈਂਬਰਾਂ ਨੂੰ ਇਸ ਸੰਬੰਧੀ ਅੱਜ ਸਵੇਰੇ ਕਰੀਬ 11 ਵਜੇ ਉਦੋਂ ਪਤਾ ਲੱਗਾ ਜਦੋਂ ਉਹ ਜੁਗਿੰਦਰ ਪਾਲ ਨੂੰ ਬੁਲਾਉਣ ਗਏ | ਚੌਕੀ ਇੰਚਾਰਜ ਨੇ ਦੱਸਿਆ ਕਿ ਫਿਲਹਾਲ ਜੁਗਿੰਦਰ ਪਾਲ ਦੀ ਮੌਤ ਕੁਦਰਤੀ ਹੋਈ ਲਗ ਰਹੀ ਹੈ, ਪਰ ਉਨ੍ਹਾਂ ਵਲੋਂ ਪੋਸਟਮਾਰਟਮ ਤੋਂ ਬਾਅਦ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |