08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਗੋਲਡੀ ਬਰਾੜ ਦੇ ਨਾਂਅ 'ਤੇ 2 ਕਰੋੜ ਦੀ ਫਿਰੌਤੀ ਮੰਗਣ ਵਾਲੇ 2 ਮੁਲਜ਼ਮ ਗਿ੍ਫ਼ਤਾਰ

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸ. ਪੀ. ਵੀਨੀਤ ਅਹਲਾਵਤ ਨਾਲ ਡੀ. ਐਸ. ਪੀ. ਇੰਦਰਜੀਤ ਸਿੰਘ, ਡੀ. ਐਸ. ਪੀ. ਓਾਕਾਰ ਸਿੰਘ ਬਰਾੜ ਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਪੁਸ਼ਪ ਬਾਲੀ | ਤਸਵੀਰ : ਜੀ. ਪੀ. ਸਿੰਘ <br/> 30-03-2026
ਜਲੰਧਰ/ਨਕੋਦਰ, 29 ਮਾਰਚ (ਸ਼ੈਲੀ/ਗੁਰਵਿੰਦਰ ਸਿੰਘ)-ਜਲੰਧਰ ਦਿਹਾਤੀ ਪੁਲਿਸ ਨੇ ਗੋਲਡੀ ਬਰਾੜ ਦੇ ਨਾਂਅ 'ਤੇ ਇਕ ਐਨ. ਆਰ. ਆਈ. ਬਜ਼ੁਰਗ ਜੋੜੇ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ 2 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਦੋਸ਼ੀਆਂ ਦੀ ਪਹਿਚਾਣ ਤੀਰਥ ਸਿੰਘ ਪੁੱਤਰ ਬਲਵਿੰਦਰ ਸਿੰਘ, ਵਾਸੀ ਬਹਾਦਰਪੁਰ, ਥਾਣਾ ਬਿਲਗਾ, ਜ਼ਿਲ੍ਹਾ ਜਲੰਧਰ ਅਤੇ ਜਸ਼ਨਦੀਪ ਸਿੰਘ ਉਰਫ ਜਸ਼ਨ ਪੁੱਤਰ ਅਮਰਜੀਤ ਸਿੰਘ, ਵਾਸੀ ਧਰਮਕੋਟ, ਥਾਣਾ ਸਦਰ ਨਵਾਂ ਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਦੱਸੀ ਗਈ ਹੈ | ਇਸ ਸੰਬੰਧੀ ਐਸ. ਪੀ. ਜਾਂਚ ਵੀਨੀਤ ਅਹਲਾਵਤ ਨੇ ਦੱਸਿਆ ਕਿ ਬੀਤੀ 21 ਮਾਰਚ ਨੂੰ ਬਲਜਿੰਦਰ ਕੌਰ ਪਤਨੀ ਪਵਿੱਤਰ ਸਿੰਘ ਵਾਸੀ ਪਿੰਡ ਸ਼ੰਕਰ, ਥਾਣਾ ਸਦਰ ਨਕੋਦਰ ਨੇ ਦਰਖ਼ਾਸਤ ਦਿੱਤੀ ਕਿ ਕਰੀਬ 11:30 ਵਜੇ ਰਾਤ ਸਮੇਂ ਉਸ ਦੇ ਪਤੀ ਨੂੰ ਇਕ ਅਣਪਛਾਤੇ ਵਿਦੇਸ਼ੀ ਨੰਬਰ ਤੋਂ ਫੋਨ ਆਇਆ, ਜਿਸ ਵਿਚ ਕਾਲਰ ਨੇ ਆਪਣੇ ਆਪ ਨੂੰ ਗੋਲਡੀ ਬਰਾੜ ਗਰੁੱਪ ਨਾਲ ਸੰਬੰਧਿਤ ਦੱਸਦਿਆਂ 2 ਕਰੋੜ ਰੁਪਏ ਦੀ ਮੰਗ ਕੀਤੀ ਅਤੇ 10 ਦਿਨਾਂ ਵਿਚ ਪੈਸੇ ਤਿਆਰ ਰੱਖਣ ਲਈ ਕਿਹਾ, ਨਹੀਂ ਤਾਂ ਗੰਭੀਰ ਨਤੀਜਿਆਂ ਦੀ ਧਮਕੀ ਦਿੱਤੀ | ਇਸ ਤੋਂ ਬਾਅਦ, 21 ਮਾਰਚ ਨੂੰ ਉਸ ਦੇ ਪੁੱਤਰ ਰਣਜੀਤ ਸਿੰਘ, ਜੋ ਕਿ ਵਿਦੇਸ਼ ਵਿਚ ਰਹਿੰਦਾ ਹੈ, ਨੇ ਦੱਸਿਆ ਕਿ ਉਸ ਨੂੰ ਵੀ ਇਕ ਵਿਦੇਸ਼ੀ ਨੰਬਰ ਤੋਂ ਕਾਲ ਤੇ ਵਟਸਐਪ ਮੈਸੇਜ ਪ੍ਰਾਪਤ ਹੋਇਆ, ਜਿਸ ਵਿਚ ਇਕ ਦਿਨ ਵਿਚ 1.5 ਕਰੋੜ ਰੁਪਏ ਦੀ ਮੰਗ ਕੀਤੀ ਗਈ ਅਤੇ ਧਮਕੀ ਦਿੱਤੀ ਗਈ ਕਿ ਪਿੰਡ ਸ਼ੰਕਰ ਵਿਚ ਉਸਦੇ ਘਰ 'ਤੇ ਗੋਲੀਆਂ ਚਲਾਈਆਂ ਜਾਣਗੀਆਂ | ਦੋਸ਼ੀਆਂ ਵਲੋਂ ਉਸ ਦੀ ਜਾਇਦਾਦ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜਿਸ ਵਿਚ ਇਕ ਫਾਰਚੂਨਰ ਗੱਡੀ ਤੇ ਵੱਡੀ ਕੋਠੀ ਦਾ ਜ਼ਿਕਰ ਸੀ | ਐਸ. ਪੀ. ਵੀਨੀਤ ਅਹਲਾਵਤ ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਸਦਰ ਨਕੋਦਰ ਵਿਖੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਗੀ | ਉਨ੍ਹਾਂ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਮਲੇ ਨੂੰ ਹੱਲ ਕਰਨ ਲਈ ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਨਕੋਦਰ ਉਂਕਾਰ ਸਿੰਘ ਬਰਾੜ ਤੇ ਡੀ. ਐਸ. ਪੀ. (ਤਫਤੀਸ਼) ਇੰਦਰਜੀਤ ਸਿੰਘ ਦੀ ਦੇਖ-ਰੇਖ ਹੇਠ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ | ਟੀਮ ਵਿਚ ਸੀ. ਆਈ. ਏ. ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਤੇ ਸਬ-ਇੰਸਪੈਕਟਰ ਦਿਲਬਾਗ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਨਕੋਦਰ ਵੀ ਸ਼ਾਮਿਲ ਸਨ | ਉਨ੍ਹਾਂ ਦੱਸਿਆ ਕਿ ਟੀਮ ਵਲੋਂ ਆਧੁਨਿਕ, ਮਨੁੱਖੀ ਤੇ ਟੈਕਨੀਕਲ ਢੰਗਾਂ ਦੀ ਵਰਤੋਂ ਕਰਦੇ ਹੋਏ ਪਿੰਡ ਸ਼ੰਕਰ ਵਿਚ ਰਹਿੰਦੇ ਇਕ ਐਨ. ਆਰ. ਆਈ. ਬਜ਼ੁਰਗ ਜੋੜੇ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਦੋਵੇਂ ਦੋਸ਼ੀਆਂ ਨੂੰ ਟਰੇਸ ਕਰਕੇ ਗਿ੍ਫਤਾਰ ਕੀਤਾ ਗਿਆ | ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸ਼ਿਕਾਇਤਕਰਤਾ ਦਾ ਪੁੱਤਰ ਰਣਜੀਤ ਸਿੰਘ ਵਿਦੇਸ਼ ਵਿਚ ਰਹਿੰਦਾ ਹੈ, ਜਦਕਿ ਉਸਦੇ ਬਜ਼ੁਰਗ ਮਾਤਾ-ਪਿਤਾ ਪਿੰਡ ਸ਼ੰਕਰ ਵਿਚ ਰਹਿੰਦੇ ਹਨ | ਦੋਸ਼ੀ ਤੀਰਥ ਸਿੰਘ, ਜੋ ਕਿ ਸਹੁਰੇ ਪਰਿਵਾਰ ਵਲੋਂ ਰਿਸ਼ਤੇਦਾਰ ਹੈ ਅਤੇ ਕੈਨੇਡਾ ਦਾ ਵਸਨੀਕ ਹੈ, ਫਰਵਰੀ ਮਹੀਨੇ ਵਿਚ ਆਪਣੇ ਪਰਿਵਾਰ ਸਮੇਤ ਭਾਰਤ ਆਇਆ ਸੀ | ਉਸ ਨੇ ਜਸ਼ਨਦੀਪ ਸਿੰਘ ਉਰਫ ਜਸ਼ਨ, ਜੋ ਕਿ ਪਿੰਡ ਧਰਮਕੋਟ ਦਾ ਟੈਕਸੀ ਡਰਾਈਵਰ ਹੈ, ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ | ਦੋਸ਼ੀ ਤੀਰਥ ਸਿੰਘ ਵਲੋਂ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਤੇ ਜਾਇਦਾਦ ਬਾਰੇ ਅੰਦਰੂਨੀ ਜਾਣਕਾਰੀ ਦਿੱਤੀ ਗਈ | ਦੋਸ਼ੀਆਂ ਨੇ ਧਮਕੀਆਂ ਦੇ ਕੇ ਪੈਸੇ ਵਸੂਲ ਕਰਨ ਦੀ ਯੋਜਨਾ ਬਣਾਈ | ਯੋਜਨਾ ਅਨੁਸਾਰ ਜਸ਼ਨਦੀਪ ਸਿੰਘ ਨੂੰ 25 ਲੱਖ ਰੁਪਏ ਤੇ ਤੀਰਥ ਸਿੰਘ ਨੂੰ 1.25 ਕਰੋੜ ਰੁਪਏ ਮਿਲਣੇ ਸਨ | ਦੋਸ਼ੀ ਜਸ਼ਨਦੀਪ ਸਿੰਘ ਵਲੋਂ ਆਨਲਾਈਨ ਅੰਤਰਰਾਸ਼ਟਰੀ ਈ-ਸਿਮ ਪ੍ਰਾਪਤ ਕਰਕੇ ਆਪਣੇ ਘਰ ਤੋਂ ਹੀ ਕਾਲਾਂ ਤੇ ਮੈਸੇਜ ਭੇਜਦਾ ਸੀ | ਤੀਰਥ ਸਿੰਘ, ਜੋ ਕਿ ਵਿਦੇਸ਼ ਵਿਚ ਟਰਾਂਸਪੋਰਟ ਦਾ ਚੰਗਾ ਕਾਰੋਬਾਰ ਕਰਦਾ ਹੈ, ਪੈਸੇ ਦੇ ਲਾਲਚ ਵਿਚ ਆ ਕੇ ਇਸ ਅਪਰਾਧ ਵਿਚ ਸ਼ਾਮਿਲ ਹੋ ਗਿਆ | ਉਨ੍ਹਾਂ ਕਿਹਾ ਕਿ ਦੋਵੇਂ ਦੋਸ਼ੀਆਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਅਤੇ ਅਦਾਲਤ 'ਚ ਪੇਸ਼ ਕਰ ਰਿਮਾਂਡ ਹਾਸਿਲ ਕਰਕੇ ਮਾਮਲੇ ਸੰਬੰਧੀ ਪੁੱਛਗਿੱਛ ਕੀਤੀ ਜਾਵੇਗੀ |
ਪਿਛਲੀ ਖ਼ਬਰ ਰਾਜਾ ਗਾਰਡਨ 'ਚ ਮੈਨਹੋਲ ਦੇ ਢੱਕਣ ਚੋਰੀ <br/> ਅਗਲੀ ਖ਼ਬਰ ਮੋਦੀ ਸਰਕਾਰ ਦੀਆਂ ਕਲਿਆਣਕਾਰੀ ਨੀਤੀਆਂ ਨਾਲ ਹਰ ਵਰਗ ਦਾ ਵਿਕਾਸ ਹੋਇਆ-ਸ਼ਵੇਤ ਮਲਿਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।