ਜਲੰਧਰ, 29 ਮਾਰਚ (ਸ਼ਿਵ)-ਭਾਜਪਾ ਦੇ ਸਾਬਕਾ ਸੰਸਦ ਮੈਂਬਰ ਤੇ ਸਾਬਕਾ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀਆਂ 11 ਸਾਲ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਨੂੰ ਇਤਿਹਾਸਕ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ 'ਚ ਹਰ ਵਰਗ ਲਈ ਕਲਿਆਣਕਾਰੀ ਯੋਜਨਾ ਲਾਗੂ ਕਰਕੇ ਭਲਾਈ ਦੇ ਕੰਮ ਕੀਤੇ ਗਏ ਹਨ ਤੇ ਇਸੇ ਕੰਮਾਂ ਕਰਕੇ ਦੇਸ਼ 'ਚ ਉਨ੍ਹਾਂ ਨੇ ਸਵਰਨ ਯੁੱਗ ਦੀ ਨੀਂਹ ਰੱਖੀ ਹੈ | ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਵੇਤ ਮਲਿਕ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੇ ਮੰਤਰ ਨਾਲ ਡਿਜੀਟਲ ਕ੍ਰਾਂਤੀ, ਇਕ ਮਜ਼ਬੂਤ ਰੱਖਿਆ ਨੀਤੀ, ਗ਼ਰੀਬ ਭਲਾਈ, ਰਿਹਾਇਸ਼, ਸਿਹਤ ਅਤੇ ਇਕ ਸਵੈ-ਨਿਰਭਰ ਭਾਰਤ ਰਾਹੀਂ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾ ਦਿੱਤਾ ਹੈ | ਸ੍ਰੀ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਉਸ ਸਮੇਂ ਹੋਰ ਵੀ ਪ੍ਰਭਾਵਸ਼ਾਲੀ ਸਾਬਤ ਹੋਈ ਜਦੋਂ ਵਿਸ਼ਵ ਕਈ ਚੁਨੌਤੀਆਂ ਨਾਲ ਜੂਝ ਰਿਹਾ ਸੀ ਤੇ ਉਨ੍ਹਾਂ ਮੁਸ਼ਕਿਲ ਹਾਲਾਤਾਂ ਵਿਚ ਵੀ ਨਾ ਸਿਰਫ਼ ਭਾਰਤ ਨੂੰ ਸੁਰੱਖਿਅਤ ਰੱਖਿਆ ਸਗੋਂ ਇਸ ਨੂੰ ਤਰੱਕੀ ਲਈ ਇਕ ਨਵੀਂ ਦਿਸ਼ਾ ਵੀ ਦਿੱਤੀ | ਅੱਜ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਰਾਹ 'ਤੇ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ | ਮਲਿਕ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੱਤਾ ਨੂੰ ਸੇਵਾ ਦੇ ਸਾਧਨ ਵਿਚ ਬਦਲ ਦਿੱਤਾ ਤੇ ਇਸ ਕਰਕੇ ਉਹ ਭਾਰਤੀ ਇਤਿਹਾਸ ਵਿਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਦਾ ਮਾਣ ਹਾਸਿਲ ਕਰ ਸਕੇ ਹਨ | ਭਾਜਪਾ ਆਗੂ ਨੇ ਸੂਬੇ ਦੀ 'ਆਪ' ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਲੋਕਾਂ ਦੀਆਂ ਆਸਾਂ 'ਤੇ ਖਰੀ ਨਹੀਂ ਉਤਰ ਸਕੀ ਹੈ | ਉਨ੍ਹਾਂ ਕਿਹਾ ਦਾਅਵਾ ਕੀਤਾ ਕਿ ਲੋਕ ਪੰਜਾਬ ਨੂੰ ਤਰੱਕੀ ਦੀ ਰਾਹ 'ਤੇ ਲੈ ਜਾਣ ਲਈ ਭਾਜਪਾ ਦੀ ਸਰਕਾਰ ਦੇਖਣਾ ਚਾਹੁੰਦੇ ਹਨ ਤਾਂ ਅਗਲੇ ਸਾਲ ਸੂਬੇ 'ਚ ਭਾਜਪਾ ਦੇ ਮੁੱਖ ਮੰਤਰੀ ਦੀ ਅਗਵਾਈ 'ਚ ਸਰਕਾਰ ਬਣੇਗੀ | ਇਸ ਮੌਕੇ ਰਾਕੇਸ਼ ਰਾਠੌਰ, ਅਸ਼ੋਕ ਸਰੀਨ, ਅਮਿੱਤ ਭਾਟੀਆ, ਰਾਜੇਸ਼ ਕਪੂਰ, ਅਮਰਜੀਤ ਸਿੰਘ ਗੋਲਡੀ ਤੇ ਹੋਰ ਹਾਜ਼ਰ ਸਨ |