ਜਲੰਧਰ, 22 ਜਨਵਰੀ (ਹਰਵਿੰਦਰ ਸਿੰਘ ਫੁੱਲ)-1984 ਦੇ ਦਿੱਲੀ ਸਿੱਖ ਕਤਲੇਆਮ ਦਾ ਦੋਸ਼ੀ ਸੱਜਣ ਕੁਮਾਰ ਜਿਸ ਤੇ ਲਗਾਤਾਰ 40 ਸਾਲ ਤੋਂ ਕੇਸ ਚੱਲ ਰਿਹਾ ਸੀ ਨੂੰ ਅੱਜ ਦਿੱਲੀ ਕੋਰਟ ਵੱਲੋਂ ਬਰੀ ਕਰਨ ਦੇ ਫ਼ੈਸਲੇ ਨੇ ਇਨਸਾਫ਼ ਪਸੰਦ ਕੌਮ ਸਿੱਖਾਂ ਨੂੰ ਬਹੁਤ ਹੀ ਨਿਰਾਸ਼ ਕੀਤਾ ਹੈ | ਇਸ ਫ਼ੈਸਲੇ ਨੇ ਇਹ ਸਾਬਤ ਕੀਤਾ ਹੈ ਕਿ ਇਸ ਦੇਸ ਵਿਚ ਸਿੱਖਾਂ ਲਈ ਕੋਈ ਇਨਸਾਫ਼ ਨਹੀਂ ਕਾਤਲਾਂ ਨੂੰ ਬਰੀ ਕੀਤਾ ਜਾਂਦਾ ਹੈ, ਬਲਾਤਕਾਰੀਆਂ ਨੂੰ ਲਗਾਤਾਰ ਪੈਰੋਲ ਮਿਲਦੀ ਹੈ, ਧਰਮੀ ਸਿੱਖ ਬੰਦੀਆਂ ਨੂੰ 32 ਸਾਲਾਂ ਤੋ ਇੱਕ ਵਾਰ ਵੀ ਪੈਰੋਲ ਨਹੀਂ ਮਿਲਦੀ, 3 ਸਾਲ ਤੋਂ ਵੱਧ ਸਮੇਂ ਤੋਂ ਭਾਈ ਅੰਮਿ੍ਤਪਾਲ ਸਿੰਘ 'ਤੇ ਬਿਨਾਂ ਕਿਸੇ ਕਾਰਨ ਤੋਂ ਐਨ ਐੱਸ ਏ ਲਾਈ ਹੋਈ ਹੈ, ਸੰਸਦ ਮੈਂਬਰ ਹੋਣ ਦੇ ਬਾਵਜੂਦ ਸੰਸਦ ਵਿਚ ਜਾਣ ਲਈ ਪੈਰੋਲ ਨਹੀਂ ਮਿਲ ਰਹੀ | ਉਕਤ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਹਰਵਿੰਦਰ ਸਿੰਘ ਚਿੱਟਕਾਰਾ, ਹਰਪਾਲ ਸਿੰਘ ਪਾਲੀ ਚੱਢਾ, ਅਮਨਦੀਪ ਸਿੰਘ ਬੱਗਾ ਨੇ ਇੱਕ ਸਾਂਝੇ ਬਿਆਨ ਵਿਚ ਕੀਤਾ | ਉਨ੍ਹਾਂ ਕਿਹਾ ਹੈ ਕਿ ਸਾਰੀਆਂ ਪਾਰਟੀਆਂ ਸਿੱਖ ਕੌਮ ਨਾਲ ਖੜੇ ਹੋਣ ਦੀਆਂ ਗੱਲਾਂ ਬਹੁਤ ਕਰਦੀਆਂ ਹਨ ਪਰ ਸਿੱਖਾਂ ਹੋ ਰਹੀ ਬੇਇਨਸਾਫ਼ੀ ਖ਼ਿਲਾਫ਼ ਕੋਈ ਬੋਲਣ ਲਈ ਤਿਆਰ ਨਹੀਂ, ਇਸ ਲਈ ਸਿੱਖਾਂ ਨੂੰ ਖ਼ੁਦ ਮਜ਼ਬੂਤ ਹੋਣਾ ਪਵੇਗਾ ਆਪਣੀ ਤਾਕਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਨਿੱਜੀ ਚੌਧਰਾਂ ਨੂੰ ਛੱਡ ਕੇ ਇਕੱਠੇ ਹੋਣਾ ਪਵੇਗਾ ਨਹੀਂ ਤਾਂ ਅਜੋਕੀ ਸਿੱਖ ਲੀਡਰਸ਼ਿਪ ਨੂੰ ਕੌਮ ਕਦੇ ਮੁਆਫ਼ ਨਹੀਂ ਕਰੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਸੋਨੂੰ, ਗੁਰਮੀਤ ਸਿੰਘ ਭਾਟੀਆ ਹਾਜ਼ਰ ਸਨ |