ਨਕੋਦਰ, 21 ਜਨਵਰੀ (ਤਿਲਕਰਾਜ ਸ਼ਰਮਾ, ਗੁਰਵਿੰਦਰ ਸਿੰਘ)-ਥਾਣਾ ਸਦਰ ਪੁਲਿਸ ਨੇ ਨਸ਼ਾ ਤਸਕਰੀ ਕਰਨ ਵਾਲੇ ਇੱਕ ਜੋੜੇ ਨੂੰ ਗਿ੍ਫ਼ਤਾਰ ਕਰ ਕੇ 7 ਕਿੱਲੋਗ੍ਰਾਮ ਅਫ਼ੀਮ, 4900 ਰੁਪਏ ਡਰੱਗ ਮਨੀ ਤੇ ਅਪਰਾਧ 'ਚ ਵਰਤੀ ਗਈ ਗੱਡੀ ਜ਼ਬਤ ਕਰਕੇ ਦੋਵੇਂ ਪਤੀ-ਪਤਨੀ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਜਲੰਧਰ ਦਿਹਾਤੀ ਸ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਹ ਕਾਰਵਾਈ ਮੁਕੇਸ਼ ਕੁਮਾਰ ਪੀ.ਸੀ.ਐਸ. ਪੁਲਿਸ ਕਪਤਾਨ (ਸਥਾਨਕ/ਤਫ਼ਤੀਸ਼) ਜਲੰਧਰ ਦਿਹਾਤੀ ਅਤੇ ਉਂਕਾਰ ਸਿੰਘ ਬਰਾੜ ਡੀ.ਐਸ.ਪੀ. ਸਬ-ਡਵੀਜ਼ਨ ਨਕੋਦਰ ਦੀ ਨਿਗਰਾਨੀ ਹੇਠ ਕੀਤੀ ਗਈ ਜਿਸ 'ਚ ਸਬ-ਇੰਸਪੈਕਟਰ ਦਿਲਬਾਗ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਨਕੋਦਰ, ਪੁਲਿਸ ਟੀਮ ਦੀ ਸਰਗਰਮ ਸ਼ਮੂਲੀਅਤ ਸੀ | 20 ਜਨਵਰੀ ਨੂੰ ਡੀ.ਐਸ.ਪੀ. ਉਂਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਬਜੂਹਾ ਖੁਰਦ ਤੋਂ ਪਿੰਡ ਜੁਗਰਾਲ ਨੂੰ ਜਾਣ ਵਾਲੀ ਸੜਕ 'ਤੇ ਸ਼ੱਕੀ ਗੈਂਗਸਟਰਾਂ ਅਤੇ ਅਪਰਾਧੀਆਂ ਦੀ ਜਾਂਚ ਅਤੇ ਨਿਗਰਾਨੀ ਕਰ ਰਹੀ ਸੀ | ਇਸ ਦੌਰਾਨ ਇੱਕ ਇੰਡੈਵਰ ਗੱਡੀ ਨੂੰ ਵੇਖਿਆ ਗਿਆ | ਪੁਲਿਸ ਪਾਰਟੀ ਨੂੰ ਵੇਖ ਕੇ ਇੱਕ ਆਦਮੀ ਤੇ ਇੱਕ ਔਰਤ ਇੱਕ ਕਿੱਟ ਬੈਗ ਲੈ ਕੇ ਬਿਨਾਂ ਦਰਵਾਜ਼ਿਆਂ ਦੇ ਨਿਰਮਾਣ ਅਧੀਨ ਘਰ 'ਚ ਤੇਜ਼ੀ ਨਾਲ ਦਾਖ਼ਲ ਹੋਏ | ਸ਼ੱਕ ਹੋਣ 'ਤੇ ਪੁਲਿਸ ਟੀਮ ਨੇ ਤੁਰੰਤ ਉਨ੍ਹਾਂ ਦਾ ਪਿੱਛਾ ਕੀਤਾ | ਘਰ 'ਚ ਦਾਖਲ ਹੋਣ 'ਤੇ ਪੁਲਿਸ ਨੇ ਔਰਤ ਨੂੰ ਪੌੜੀਆਂ ਹੇਠਾਂ ਰੇਤ 'ਚ ਆਪਣੇ ਹੱਥਾਂ ਨਾਲ ਟੋਆ ਪੁੱਟਦੇ ਵੇਖਿਆ ਜਦੋਂ ਕਿ ਇੱਕ ਆਦਮੀ ਕਿੱਟ ਬੈਗ ਨੂੰ ਜ਼ਮੀਨ ਹੇਠਾਂ ਛੁਪਾਉਣ ਦੀ ਤਿਆਰੀ ਕਰ ਰਿਹਾ ਸੀ | ਦੋਵਾਂ ਨੂੰ ਮੌਕੇ ਤੋਂ ਫੜ ਲਿਆ ਗਿਆ | ਦੋਸ਼ੀਆਂ ਦੀ ਪਛਾਣ ਧਰਮਿੰਦਰ ਸਿੰਘ ਚੀਮਾ ਵਾਸੀ ਪਿੰਡ ਬਜੂਹਾ ਖੁਰਦ ਥਾਣਾ ਸਦਰ ਨਕੋਦਰ, ਚਰਨਜੀਤ ਕੌਰ ਪਤਨੀ ਧਰਮਿੰਦਰ ਸਿੰਘ ਚੀਮਾ ਵਾਸੀ ਬਜੂਹਾ ਕਲਾਂ ਦੇ ਰੂਪ 'ਚ ਹੋਈ | ਐਸ.ਐਸ.ਪੀ. ਨੇ ਦੱਸਿਆ ਕਿ ਡਰੱਗ ਨੈੱਟਵਰਕ ਦੇ ਅੱਗੇ ਅਤੇ ਪਿੱਛੇ ਸੰਬੰਧਾਂ ਦਾ ਪਤਾ ਲਗਾਉਣ ਲਈ ਪੁਲਿਸ ਰਿਮਾਂਡ ਪ੍ਰਾਪਤ ਕਰਨ ਤੋਂ ਬਾਅਦ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੱੁਛਗਿੱਛ ਕੀਤੀ ਜਾਵੇਗੀ |