02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਈਥਾਨੌਲ ਫੈਕਟਰੀ ’ਤੇ ਐੱਫਸੀਆਈ ਚੌਲਾਂ ਦੀ ਕਥਿਤ ਦੁਰਵਰਤੋਂ ਦੇ ਦੋਸ਼, ਭਾਕਿਏ ਨੇ ਜਾਂਚ ਮੰਗੀ

ਅਜੀਤ ਡੈਸਕ 15-07-2026

ਐੱਸ.ਪੀ. ਨੂੰ ਸ਼ਿਕਾਇਤ ਸੌਂਪੀ, ਕਾਰਵਾਈ ਦੀ ਮੰਗ; ਫੈਕਟਰੀ ਗੇਟ ’ਤੇ ਧਰਨੇ ਦੀ ਚਿਤਾਵਨੀ
ਡੱਬਵਾਲੀ, 14 ਜੁਲਾਈ (ਇਕਬਾਲ ਸਿੰਘ ਸ਼ਾਂਤ)-ਭਾਰਤੀ ਕਿਸਾਨ ਏਕਤਾ (ਭਾਕਿਏ) ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਪੰਨੀਵਾਲਾ ਰੂਲਦੂ ਸਥਿਤ ਈ-20 ਗ੍ਰੀਨ ਫਿਊਲਜ਼ ਪ੍ਰਾਈਵੇਟ ਲਿਮਟਿਡ ਈਥਾਨੌਲ ਫੈਕਟਰੀ ’ਤੇ ਐੱਫਸੀਆਈ ਦੇ ਰਿਆਇਤੀ ਚੌਲਾਂ ਦੀ ਕਥਿਤ ਦੁਰਵਰਤੋਂ ਦੇ ਗੰਭੀਰ ਦੋਸ਼ ਲਗਾਏ ਹਨ। ਅੱਜ ਜਥੇਬੰਦੀ ਨੇ ਐੱਸਪੀ ਡੱਬਵਾਲੀ ਨੂੰ ਸ਼ਿਕਾਇਤ ਦੇ ਕੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਨਾਲ ਹੀ 9 ਜੁਲਾਈ ਨੂੰ ਖੇਤੀਬਾੜੀ ਯੂਰੀਆ ਦੀ ਕਥਿਤ ਸਨਅਤੀ ਵਰਤੋਂ ਸਬੰਧੀ ਦਰਜ ਐੱਫਆਈਆਰ ਦੇ ਬਾਵਜੂਦ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਾ ਹੋਣ ’ਤੇ ਵੀ ਨਾਰਾਜ਼ਗੀ ਜਤਾਈ। ਜਥੇਬੰਦੀ ਨੇ ਮੁੱਖ ਮੰਤਰੀ ਨੂੰ ਵੀ ਸ਼ਿਕਾਇਤ ਭੇਜ ਕੇ ਉੱਚ ਪੱਧਰੀ ਜਾਂਚ ਮੰਗੀ ਹੈ। ਇੱਥੇ ਇੱਕ ਨਿੱਜੀ ਹੋਟਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਔਲਖ ਨੇ ਕਿਹਾ ਕਿ ਕਿਸਾਨਾਂ ਨੂੰ ਸਬਸਿਡੀ ’ਤੇ ਮਿਲਣ ਵਾਲੀ ਖੇਤੀਬਾੜੀ ਗ੍ਰੇਡ (ਨੀਮ ਪਰਤ) ਯੂਰੀਆ ਖਾਦ ਦੀ ਲੰਬੇ ਸਮੇਂ ਤੋਂ ਕਥਿਤ ਤੌਰ ’ਤੇ ਸਨਅਤੀ ਵਰਤੋਂ ਦੇ ਦੋਸ਼ ਲਗਾਏ ਹਨ। ਉਨ੍ਹਾਂ ਦੱਸਿਆ ਕਿ ਭਾਕਿਯੂ ਅਤੇ ਖੇਤੀਬਾੜੀ ਵਿਭਾਗ ਦੀ ਸਾਂਝੀ ਕਾਰਵਾਈ ਮਗਰੋਂ ਸਦਰ ਥਾਣਾ ਡੱਬਵਾਲੀ ਵਿੱਚ ਐੱਫਆਈਆਰ ਦਰਜ ਹੋ ਚੁੱਕੀ ਹੈ, ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ। ਔਲਖ ਨੇ ਦੋਸ਼ ਲਾਇਆ ਕਿ ਓਪਨ ਮਾਰਕੀਟ ਸੇਲਜ਼ ਸਕੀਮ (ਓਐੱਮਐੱਸਐੱਸ) ਤਹਿਤ ਐੱਫਸੀਆਈ ਤੋਂ ਈਥਾਨੌਲ ਬਣਾਉਣ ਲਈ ਖਰੀਦੇ ਚੌਲ ਫੈਕਟਰੀ ’ਚ ਵਰਤਣ ਦੀ ਬਜਾਏ ਕਥਿਤ ਤੌਰ ’ਤੇ ਖੁੱਲ੍ਹੇ ਬਾਜ਼ਾਰ ਵਿੱਚ ਵੇਚ ਦਿੱਤੇ ਗਏ। ਉਨ੍ਹਾਂ ਮੁਤਾਬਕ ਫਰਵਰੀ, ਮਾਰਚ ਅਤੇ ਜੂਨ ਦੌਰਾਨ ਕਾਲਾਂਵਾਲੀ ਐੱਫਸੀਆਈ ਗੋਦਾਮ ਤੋਂ ਕਰੀਬ 5 ਲੱਖ ਗੱਟੇ ਚੌਲ ਚੁੱਕੇ ਗਏ। ਦੋਸ਼ ਹੈ ਕਿ ਇਹ ਚੌਲ ਫੈਕਟਰੀ ਵਿੱਚ ਪੁੱਜਣ ਦੀ ਬਜਾਏ ਕਾਲਾਂਵਾਲੀ, ਸਿਰਸਾ, ਫੱਗੂ, ਰੋੜੀ, ਮੁਸਾਹਿਬਵਾਲਾ, ਰਾਮਾਂ ਮੰਡੀ, ਸੰਗਤ ਅਤੇ ਹੋਰ ਥਾਵਾਂ ਦੇ ਰਾਈਸ ਸ਼ੈਲਰਾਂ ਵਿੱਚ ਉਤਾਰੇ ਗਏ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰੀ ਰੇਟ ’ਤੇ ਖਰੀਦੇ ਚੌਲ ਮਹਿੰਗੇ ਭਾਅ ਵੇਚ ਕੇ ਪ੍ਰਤੀ ਕੁਇੰਟਲ 600 ਤੋਂ 700 ਰੁਪਏ ਤੱਕ ਦਾ ਕਥਿਤ ਮੁਨਾਫ਼ਾ ਕਮਾਇਆ ਗਿਆ ਅਤੇ ਬਾਅਦ ਵਿੱਚ ਟੁੱਟੇ ਚੌਲ ਖਰੀਦ ਕੇ ਕਾਗਜ਼ੀ ਕਾਰਵਾਈ ਪੂਰੀ ਕਰ ਦਿੱਤੀ ਗਈ। ਔਲਖ ਨੇ ਚਿਤਾਵਨੀ ਦਿੱਤੀ ਕਿ ਜੇ ਯੂਰੀਆ ਮਾਮਲੇ ਵਿੱਚ ਗ੍ਰਿਫ਼ਤਾਰੀਆਂ ਨਾ ਹੋਈਆਂ ਅਤੇ ਚੌਲਾਂ ਦੇ ਕਥਿਤ ਦੁਰਵਰਤੋਂ ਮਾਮਲੇ ਵਿੱਚ ਕਾਰਵਾਈ ਨਾ ਹੋਈ ਤਾਂ ਫੈਕਟਰੀ ਦੇ ਮੁੱਖ ਗੇਟ ਨੂੰ ਜਿੰਦਰਾ ਲਗਾ ਕੇ ਧਰਨਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਗੁਰਪਿੰਦਰ ਸਿੰਘ ਕਾਹਲੋਂ, ਗੁਰਜਿੰਦਰ ਸਿੰਘ, ਜਸਬੀਰ ਸਿੰਘ ਚੋਰਮਾਰ, ਕੁਲਦੀਪ ਸਿੰਘ ਸਰਾਂ, ਸੋਨੂ ਸਰਾਂ ਅਤੇ ਹਰਪਾਲ ਸਿੰਘ ਮੌਜੂਦ ਸਨ।

ਪਿਛਲੀ ਖ਼ਬਰ ਅਜੇ ਕੁਮਾਰ ਬਣੇ ਟੋਹਾਣਾ ਦੇ ਨਵੇਂ ਸੀ.ਆਈ.ਏ. ਇੰਚਾਰਜ ਅਗਲੀ ਖ਼ਬਰ ਸਫ਼ਾਈ ਬਣਾਈ ਰੱਖਣਾ ਸਰਕਾਰ ਅਤੇ ਹਰ ਨਾਗਰਿਕ ਦੋਵਾਂ ਦੀ ਨੈਤਿਕ ਜ਼ਿੰਮੇਵਾਰੀ ਹੈ: ਸੁਮਨ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।