20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ

ਅਜੀਤ ਡੈਸਕ 19-06-2026
ਟੋਹਾਣਾ, 18 ਜੂਨ (ਮਨਜੀਤ ਸਿੰਘ)-ਗੁਰਦੁਆਰਾ ਗੁਰੂ ਨਾਨਕ ਦਰਬਾਰ, ਗੁਪਤਾ ਕਾਲੋਨੀ ਟੋਹਾਣਾ ਵਿਖੇ ਸਰਬੱਤ ਸੰਗਤਾਂ ਵਲੋਂ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ, ਭਾਵਨਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਤੇ ਗੁਰੂ ਚਰਨਾਂ ਵਿਚ ਨਤਮਸਤਕ ਹੋ ਕੇ ਅਸੀਸਾਂ ਪ੍ਰਾਪਤ ਕੀਤੀਆਂ। ਗੁਰਦੁਆਰਾ ਗੁਰੂ ਨਾਨਕ ਦਰਬਾਰ ਗੁਪਤਾ ਕਾਲੋਨੀ ਦੀਆਂ ਬੀਬੀਆਂ ਦੇ ਜਥੇ ਵਲੋਂ ਪਿਛਲੇ ਪੰਦਰਾਂ ਦਿਨਾਂ ਤੋਂ ਰੋਜ਼ਾਨਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾ ਰਹੇ ਸਨ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਬਾਅਦ ਭਾਈ ਅਜੈਬ ਸਿੰਘ-ਕਸ਼ਮੀਰ ਸਿੰਘ ਅਤੇ ਮਾਸਟਰ ਜੋਗਿੰਦਰ ਸਿੰਘ-ਭਾਈ ਹਰਭਜਨ ਸਿੰਘ ਦੇ ਰਾਗੀ ਜਥਿਆਂ ਵੱਲੋਂ ਗੁਰੂ ਇਤਿਹਾਸ ਅਤੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਰਾਗੀ ਜਥਿਆਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ, ਸਹਿਨਸ਼ੀਲਤਾ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਪਰੰਤ ਹੈੱਡ ਗ੍ਰੰਥੀ ਭਾਈ ਅਜੈਬ ਸਿੰਘ ਵਲੋਂ ਅਰਦਾਸ ਕੀਤੀ। ਇਸ ਮੌਕੇ ਗੁਰਦੁਵਾਰਾ ਗੁਰੂ ਨਾਨਕ ਦਰਬਾਰ ਗੁਪਤਾ ਕਾਲੋਨੀ ਟੋਹਾਣਾ ਦੇ ਪ੍ਰਧਾਨ ਡਾ. ਅਮਰੀਕ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮਨੁੱਖਤਾ ਲਈ ਸੱਚ, ਸੇਵਾ ਤੇ ਧਰਮ ਦੀ ਰੱਖਿਆ ਕਰਨ ਅਤੇ ਆਪਣੇ ਧਰਮ ਵਿਚ ਪ੍ਰਪੱਕ ਰਹਿਣ ਦਾ ਸੰਦੇਸ਼ ਦਿੰਦੀ ਹੋਈ ਸਾਨੂੰ ਗੁਰੂ ਸਾਹਿਬ ਦੇ ਦੱਸੇ ਮਾਰਗ ‘ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ। ਡਾ. ਅਮਰੀਕ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਪਹੁੰਚੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਉਹ ਗੁਰੂ ਘਰ ਦੀਆਂ ਧਾਰਮਿਕ ਗਤੀਵਿਧੀਆਂ ਅਤੇ ਗੁਰਪੁਰਬ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਹਾਜ਼ਰੀ ਭਰਿਆ ਕਰੋ ਅਤੇ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ। ਇਸ ਮੌਕੇ ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰਿਆਣਾ ਸਰਕਾਰ ਨੂੰ ਬੇਨਤੀ ਕੀਤੀ ਕਿ ਸਿੱਖ ਧਰਮ ਦੇ ਯੋਧਿਆਂ, ਸੂਰਬੀਰਾਂ ਤੇ ਬਹਾਦਰਾਂ ਦੀਆਂ ਇਤਿਹਾਸਿਕ ਕੁਰਬਾਨੀਆਂ ਤੋਂ ਹਰਿਆਣੇ ਦੇ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਕੋਈ ਨਿਵੇਕਲਾ ਪ੍ਰੋਗਰਾਮ ਉਲੀਕਿਆ ਜਾਵੇ ਤਾਂ ਜੋ ਹਰਿਆਣੇ ਦੇ ਲੋਕ ਸਿੱਖ ਧਰਮ ਸੰਬੰਧੀ ਵੱਧ ਤੋਂ ਵੱਧ ਜਾਣਕਾਰੀ ਹਾਸਿਲ ਕਰਨ। ਇਸ ਮੌਕੇ ਨੌਜਵਾਨ ਸਭਾ ਵਲੋਂ ਗੁਰਪ੍ਰੀਤ ਸਿੰਘ ਲੱਕੀ, ਦਿਲਪ੍ਰੀਤ ਸਿੰਘ, ਕ੍ਰਿਸ਼ਨ ਸਿੰਘ ਢੱਟ, ਇੰਦਰਜੀਤ ਸਿੰਘ, ਜਗਮੀਤ ਸਿੰਘ ਤੋਂ ਇਲਾਵਾ ਹੋਰ ਕਈ ਨੌਜਵਾਨਾਂ ਨੇ ਸੇਵਾ ਨਿਭਾਈ। ਇਸ ਸਮੇਂ ਉਂਕਾਰ ਸਿੰਘ (ਉਂਕਾਰ ਗੈਸ ਸਰਵਿਸ), ਦਲਜੀਤ ਸਿੰਘ, ਡਾ. ਮਨਜੀਤ ਸਿੰਘ, ਮਾਸਟਰ ਹਰਪਾਲ ਸਿੰਘ, ਬਲਕਾਰ ਸਿੰਘ ਗੋਲਡੀ ਸਮੇਤ ਹੋਰ ਪਤਵੰਤਿਆਂ ਨੇ ਹਾਜ਼ਰੀ ਭਰੀ। ਸ਼ਹੀਦੀ ਪੁਰਬ ਮੌਕੇ ਠੰਢਾ-ਮਿੱਠਾ ਜਲ ਅਤੇ ਛੋਲਿਆਂ ਦਾ ਪ੍ਰਸ਼ਾਦ ਵੀ ਵਰਤਾਇਆ ਗਿਆ।
ਪਿਛਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਨੇ ਫਤਿਹਪੁਰ ਪੁੰਡਰੀ ਬੱਸ ਅੱਡੇ ’ਤੇ ਵਾਟਰ ਕੂਲਰ ਲਗਾਇਆ ਅਗਲੀ ਖ਼ਬਰ ਅਧਿਕਾਰੀ ਪੋਰਟਲ ’ਤੇ ਸਮਾਧਾਨ ਕੈਂਪ ਦੀ ਰਿਪੋਰਟ ਅੱਪਡੇਟ ਕਰਨ-ਵਿਸ਼ਰਾਮ ਕੁਮਾਰ ਮੀਨਾ ਮਿੰਨੀ ਸਕੱਤਰੇਤ ਵਿਖੇ ਸਮਾਧਾਨ ਸੀਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।