ਸਿਰਸਾ, 30 ਮਾਰਚ (ਭੁਪਿੰਦਰ ਪੰਨੀਵਾਲੀਆ)- ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਕਮੇਟੀ ਦੀ ਬਲਾਕ ਕਮੇਟੀ ਨੇ ਕੁਲਦੀਪ ਸਿੰਘ ਸੁਖਚੈਨ ਦੀ ਪ੍ਰਧਾਨਗੀ ਹੇਠ ਮਾਰਕੀਟ ਕਮੇਟੀ ਕਾਲਾਂਵਾਲੀ ਦੇ ਸਕੱਤਰ ਰਾਹੀਂ ਸਰਕਾਰ ਨੂੰ ਇੱਕ ਮੰਗ ਪੱਤਰ ਸੌਂਪਿਆ | ਇਸ ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਅਨਾਜ ਮੰਡੀਆਂ ਵਿੱਚ ਆਪਣੀਆਂ ਫਸਲਾਂ ਵੇਚਣ ਲਈ ਕਿਸਾਨਾਂ 'ਤੇ ਲਗਾਏ ਜਾ ਰਹੇ ਸਖ਼ਤ ਨਿਯਮ ਉਨ੍ਹਾਂ ਲਈ ਕਾਫ਼ੀ ਮੁਸ਼ਕਲਾਂ ਪੈਦਾ ਕਰਦੇ ਹਨ | ਸਰਕਾਰ ਨੂੰ ਇਨ੍ਹਾਂ ਨਿਯਮਾਂ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਆਪਣੀਆਂ ਫਸਲਾਂ ਸਮੇਂ ਸਿਰ ਅਤੇ ਆਸਾਨੀ ਨਾਲ ਵੇਚ ਸਕਣ | ਇਸ ਤੋਂ ਇਲਾਵਾ ਮੇਰੀ ਫਸਲ ਮੇਰਾ ਬਿਓਰਾ ਪੋਰਟਲ ਨੂੰ ਜਲਦੀ ਖੋਲਿ੍ਹਆ ਜਾਣਾ ਚਾਹੀਦਾ ਹੈ | ਕਿਸਾਨ ਆਗੂ ਕੁਲਦੀਪ ਸਿੰਘ ਸੁਖਚੈਨ ਨੇ ਕਿਹਾ ਕਿ ਜੇਕਰ ਸਰਕਾਰ ਇਸ ਮੁੱਦੇ ਨੂੰ ਤੁਰੰਤ ਹੱਲ ਨਹੀਂ ਕਰਦੀ ਹੈ ਤਾਂ ਕਿਸਾਨ ਸੰਗਠਨ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਜਗਦੀਪ ਸਿੰਘ ਲੱਕੜਵਾਲੀ, ਕੁਲਦੀਪ ਸਿੰਘ ਸੁਖਚੈਨ, ਜਸਵੰਤ ਸਿੰਘ ਸੁਖਚੈਨ, ਬਿੰਦਰ ਸਿੰਘ ਸਿੰਘਪੁਰਾ, ਬੀਰਾ ਸਿੰਘ ਰਾਮਪੁਰਾ ਢਾਣੀ, ਗੁਰਨਾਮ ਸਿੰਘ ਦੇਸੂ, ਹਰਬੰਸ ਸਿੰਘ ਰਾਮਪੁਰਾ ਢਾਣੀ ਅਤੇ ਬਿੰਦਰ ਸਿੰਘ ਸੁਖਚੈਨ ਮੌਜੂਦ ਸਨ |