ਗੂਹਲਾ ਚੀਕਾ, 30 ਮਾਰਚ (ਓ.ਪੀ. ਸੈਣੀ)-ਐਸ.ਡੀ.ਐਮ. ਕੈਪਟਨ ਪ੍ਰਮੇਸ ਸਿੰਘ ਨੇ ਸੋਮਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿਯੂ ਮਾਜਰਾ ਦੇ ਵਿਦਿਆਰਥੀ ਹਰਸ਼ਦੀਪ ਦੇ ਪਰਿਵਾਰ ਨੂੰ ਇਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ, ਜਿਸ ਨੇ ਪਿਛਲੇ ਸਾਲ 12ਵੀਂ ਜਮਾਤ ਵਿੱਚ ਹਰਿਆਣਾ ਵਿਚ ਟਾਪ ਕੀਤਾ ਸੀ | ਐਸ.ਡੀ.ਐਮ. ਨੇ ਦੱਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿਛਲੇ ਸਾਲ 12ਵੀਂ ਜਮਾਤ ਦੇ ਨਤੀਜੇ ਐਲਾਨੇ ਜਾਣ ਵਾਲੇ ਦਿਨ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਗੱਲ ਕੀਤੀ ਸੀ ਅਤੇ ਹਰਸਦੀਪ ਨੂੰ ਹਰਿਆਣਾ ਵਿਚ ਉਸ ਦੇ ਪਹਿਲੇ ਸਥਾਨ ਲਈ ਵਧਾਈ ਦਿੱਤੀ ਸੀ | ਮੁੱਖ ਮੰਤਰੀ ਨੇ ਇਕ ਲੱਖ ਰੁਪਏ ਦੀ ਸਕਾਲਰਸ਼ਿਪ ਦਾ ਐਲਾਨ ਵੀ ਕੀਤਾ ਸੀ | ਐਸ.ਡੀ.ਐਮ. ਨੇ ਆਪਣੇ ਸਬ-ਡਿਵੀਜਨ ਦਫਤਰ ਵਿਚ ਹਰਸਦੀਪ ਦੇ ਪਰਿਵਾਰ ਨੂੰ ਇਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ | ਐਸ.ਡੀ.ਐਮ. ਨੇ ਕਿਹਾ ਕਿ ਹਰਸਦੀਪ ਦੇ ਹਰਿਆਣਾ ਵਿਚ ਪਹਿਲੇ ਸਥਾਨ ਨੇ ਇਲਾਕੇ ਦੇ ਬੱਚਿਆਂ ਨੂੰ ਬਹੁਤ ਪ੍ਰੇਰਿਤ ਕੀਤਾ ਹੈ | ਉਨ੍ਹਾਂ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਨ ਅਤੇ ਆਪਣੇ ਪਿੰਡ, ਜ਼ਿਲ੍ਹੇ, ਰਾਜ ਅਤੇ ਦੇਸ ਦਾ ਨਾਮ ਰੌਸਨ ਕਰਨ ਦੀ ਅਪੀਲ ਕੀਤੀ |