12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

12-08-2026

12-08-2026

ਅਜੀਤ ਡੈਸਕ 12-08-2026

ਕਰੰਟ ਤੋਂ ਰੱਖੋ ਬਚਾਅ

ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਹਰ ਵਰ੍ਹੇ ਵੇਖਣ/ਸੁਣਨ 'ਚ ਆਉਂਦਾ ਹੈ ਕਿ ਬਰਸਾਤਾਂ ਦੇ ਦਿਨਾਂ ਵਿਚ ਅਕਸਰ ਹੀ ਕਰੰਟ ਲੱਗਣ ਦੀਆਂ ਘਟਨਾਵਾਂ ਹੋਣ ਕਰਕੇ ਅਨੇਕਾਂ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਜਾਣਾ ਪੈਂਦਾ ਹੈ। ਕਰੰਟ ਲੱਗਣ ਤੋਂ ਬਚਣ ਲਈ ਸਾਨੂੰ ਸਭ ਨੂੰ ਮਿਲ ਕੇ ਇਸ ਪਾਸੇ ਉਪਰਾਲਾ ਕਰਨਾ ਚਾਹੀਦਾ ਹੈ। ਜੇਕਰ ਅਸੀਂ ਸਭ ਮਿਲ ਕੇ ਸਾਵਧਾਨੀ ਵਰਤਣੀ ਸ਼ੁਰੂ ਕਰ ਦੇਈਏ ਤਾਂ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਜਾਣ ਤੋਂ ਬਚਾਇਆ ਜਾ ਸਕਦਾ ਹੈ। ਇਸ ਲਈ ਸਾਨੂੰ ਬਰਸਾਤਾਂ ਦੇ ਦਿਨਾਂ ਵਿਚ ਬਿਜਲੀ ਦੀਆਂ ਤਾਰਾਂ ਦੇ ਨੰਗੇ ਜੋੜਾਂ ਨੂੰ ਢਕ ਕੇ ਰੱਖਣਾ ਚਾਹੀਦਾ ਹੈ। ਕਿਸੇ ਚੰਗੇ ਮਿਸਤਰੀ ਤੋਂ ਘਰ ਦੇ ਬਿਜਲੀ ਨਾਲ ਚੱਲਣ ਵਾਲੇ ਸਾਰੇ ਉਪਕਰਨਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਕਿਤੇ ਕੋਈ ਉਪਕਰਨ ਕਰੰਟ ਤਾਂ ਨਹੀਂ ਮਾਰ ਰਿਹਾ। ਇਸ ਤੋਂ ਇਲਾਵਾ ਬਰਸਾਤ ਸਮੇਂ ਬਿਜਲੀ ਦੇ ਉਪਕਰਨਾਂ ਨੂੰ ਪੂਰੀ ਸਾਵਧਾਨੀ ਰੱਖ ਕੇ ਹੀ ਵਰਤਣਾ ਚਾਹੀਦਾ ਹੈ। ਸੋ, ਜੇਕਰ ਬਰਸਾਤਾਂ ਦੇ ਦਿਨਾਂ ਵਿਚ ਅਸੀਂ ਸਾਰੇ ਸਾਵਧਾਨੀ ਵਰਤ ਕੇ ਬਿਜਲੀ ਦੇ ਉਪਕਰਨਾਂ ਦੀ ਵਰਤੋਂ ਕਰਨੀ ਸੁਰੂ ਕਰ ਦੇਈਏ ਤਾਂ ਅਨੇਕਾਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਇਸੇ ਵਿਚ ਹੀ ਸਭ ਦੀ ਭਲਾਈ ਹੈ।

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਕੰਮ ਕਰਨ ਦੀ ਆਦਤ ਪਾਓ

ਅਸੀਂ 1960 ਦੇ ਲਗਭਗ ਬਚਪਨ ਵਿਚ ਵੇਖਿਆ ਹੈ ਕਿ ਮਾਪੇ ਤੇ ਅਧਿਆਪਕ ਬੱਚਿਆਂ ਤੋਂ ਖ਼ੂਬ ਕੰਮ ਲੈਂਦੇ ਸਨ ਤੇ ਉਨ੍ਹਾਂ ਨੂੰ ਕੰਮ ਕਰਦੇ ਵੇਖ ਕੇ ਖ਼ੁਸ਼ ਹੁੰਦੇ ਸਨ। ਇਸ ਨਾਲ ਬੱਚਿਆਂ ਨੂੰ ਕੰਮ ਕਰਨ ਦੀ ਆਦਤ ਪੈ ਜਾਂਦੀ ਸੀ ਤੇ ਕੰਮ ਕਰਦੇ ਸਮੇਂ ਉਨ੍ਹਾਂ ਨੂੰ ਕਿਸੇ ਕੋਲੋਂ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਸੀ। ਬੱਚੇ ਹੀ ਸਕੂਲ ਵਿਚ ਫੁੱਲਾਂ ਦੀਆਂ ਕਿਆਰੀਆਂ ਨੂੰ ਪਾਣੀ ਦਿੰਦੇ, ਕਲਾਸ ਦੇ ਬੈਂਚਾਂ ਦੀ ਸਾਫ਼-ਸਫ਼ਾਈ ਕਰ ਲੈਂਦੇ ਸਨ। ਅਧਿਆਪਕਾਂ ਦੇ ਕਹਿਣ ਤੇ ਪਾਣੀ ਪਿਆਉਣ ਜਾਂ ਕੁਰਸੀ ਮੇਜ਼ ਇਦਰ ਉਧਰ ਕਰਨ ਵਰਗੇ ਛੋਟੇ ਮੋਟੇ ਕੰਮ ਖ਼ੁਸ਼ੀ-ਖ਼ੁਸ਼ੀ ਕਰ ਦਿੰਦੇ ਸਨ। ਇਸੇ ਤਰ੍ਹਾਂ ਬੱਚੇ ਪੜ੍ਹਾਈ ਤੋਂ ਇਲਾਵਾ ਮਾਪਿਆਂ ਨਾਲ ਵੀ ਪੱਠੇ ਲਿਆਉਣ, ਕੁਤਰਣ ਤੇ ਦੁਕਾਨਾਂ 'ਤੇ ਕੰਮ ਕਾਰ ਵਿਚ ਹੱਸ ਕੇ ਹੱਥ ਵੰਡਾਉਂਦੇ ਸਨ। ਇਸ ਦੇ ਉਲਟ ਅੱਜਕਲ੍ਹ ਮਾਪੇ ਤੇ ਅਧਿਆਪਕ ਬੱਚਿਆਂ ਨੂੰ ਕੰਮ ਕਰਨਾ ਨਹੀਂ ਸਿਖਾਉਂਦੇ। ਸਕੂਲ ਵਿਚ ਅਧਿਆਪਕ ਬੱਚੇ ਨੂੰ ਪਾਣੀ ਦਾ ਗਿਲਾਸ ਲਿਆਉਣ ਲਈ ਵੀ ਕਹਿ ਦੇਣ ਤਾਂ ਬੱਚਾਂ ਨਾਹ ਹੀ ਕਰ ਦਿੰਦੇ ਹਨ। ਜੋ ਛੋਟੇ ਮੋਟਾ ਕੰਮ ਕਰ ਵੀ ਦੇਵੇ ਤਾਂ ਅਗਲੇ ਦਿਨ ਮਾਤਾ-ਪਿਤਾ ਆ ਕੇ ਅਧਿਆਪਕਾਂ ਨੂੰ ਬੁਰਾ ਭਲਾ ਕਹਿਣ ਲੱਗ ਪੈਂਦੇ ਹਨ। ਇਹ ਵਰਤਾਰਾ ਠੀਕ ਨਹੀਂ ਹੈ, ਬੱਚਿਆਂ ਨੂੰ ਕੰਮ ਕਰਨ ਵਿਚ ਸ਼ਰਮ ਮਹਿਸੂਸ ਹੋਣ ਲੱਗ ਪੈਂਦੀ ਹੈ।

-ਪ੍ਰਿੰ. ਹਰਬੰਸ ਸਿੰਘ ਘਈ
ਸਠਿਆਲਾ।

ਗੀਤਾਂ 'ਚ ਗਾਲ਼ਾਂ ਸਹੀ ਨਹੀਂ

ਪੰਜਾਬੀ ਫ਼ਿਲਮਾਂ ਅਤੇ ਗੀਤਾਂ ਵਿਚ ਭੈਣ ਦੀ ਗਾਲ੍ਹ ਦੀ ਵਰਤੋਂ ਨਾ ਸਿਰਫ਼ ਇਕ ਗੰਭੀਰ ਸਮਾਜਿਕ ਸਮੱਸਿਆ ਹੈ, ਸਗੋਂ ਇਹ ਔਰਤ ਦੀ ਇੱਜ਼ਤ, ਮਰਿਆਦਾ ਅਤੇ ਆਤਮ-ਸਨਮਾਨ 'ਤੇ ਵੱਡਾ ਧੱਬਾ ਹੈ।
ਪੰਜਾਬੀ ਫ਼ਿਲਮਾਂ 'ਚ ਭੈਣ ਦੀਆਂ ਗਾਲ੍ਹਾਂ ਕੱਢਣ 'ਤੇ ਰੋਕ ਲਾਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਨ੍ਹਾਂ ਨਾਲ ਨਾ ਸਿਰਫ਼ ਸੱਭਿਆਚਾਰ 'ਤੇ ਨਕਾਰਾਤਮਕ ਅਸਰ ਪੈਂਦਾ ਹੈ, ਸਗੋਂ ਨੌਜਵਾਨਾਂ 'ਤੇ ਵੀ ਗ਼ਲਤ ਪ੍ਰਭਾਵ ਪੈਂਦਾ ਹੈ। ਜਦੋਂ ਫ਼ਿਲਮਾਂ ਵਿਚ ਭੈਣ-ਭਰਾ ਦੀ ਬੇਅਦਬੀ ਦਿਖਾਈ ਜਾਂਦੀ ਹੈ ਤਾਂ ਨੌਜਵਾਨ ਇਸ ਨੂੰ ਆਪਣੀ ਜ਼ਿੰਦਗੀ 'ਚ ਦੁਹਰਾਉਣ ਲੱਗਦੇ ਹਨ, ਜਿਸ ਨਾਲ ਪਰਿਵਾਰਕ ਅਤੇ ਸਮਾਜਿਕ ਰਿਸ਼ਤੇ ਖਰਾਬ ਹੁੰਦੇ ਹਨ।
ਫ਼ਿਲਮਾਂ ਬਣਾਉਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਕਹਾਣੀਆਂ ਵਿਚ ਐਸੀਆਂ ਗੱਲਾਂ ਨਾ ਪੇਸ਼ ਕਰਨ ਜੋ ਸਾਡੀ ਜਵਾਨ ਪੀੜ੍ਹੀ ਨੂੰ ਗ਼ਲਤ ਰਾਹ 'ਤੇ ਲੈ ਜਾਣ ਵਾਲੀਆਂ ਹੁੰਦੀਆਂ ਹਨ। ਸਿਰਫ਼ ਫ਼ਿਲਮਾਂ ਵਿਚ ਹੀ ਨਹੀਂ, ਸਗੋਂ ਪਰਿਵਾਰ, ਸਕੂਲ ਅਤੇ ਸਮਾਜਿਕ ਮੰਚ 'ਤੇ ਵੀ ਔਰਤ ਦੀ ਇੱਜ਼ਤ ਅਤੇ ਸਨਮਾਨ ਨੂੰ ਬਣਾਈ ਰੱਖਣਾ ਚਾਹੀਦਾ ਹੈ।

-ਰਿਤੂ ਗਰਗ

ਔਰਤਾਂ 'ਤੇ ਲਾਠੀਚਾਰਜ ਨਿੰਦਣਯੋਗ

ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਉਸ ਵਲੋਂ ਹੱਕ ਮੰਗ ਰਹੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਪੁਲਿਸ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਬਿਲਕੁਲ ਗੈਰ ਵਾਜਬ ਤੇ ਗੈਰ ਕਾਨੂੰਨੀ ਹੈ, ਕਿਉਂਕਿ ਹਰ ਭਾਰਤੀ ਨੂੰ ਸ਼ਾਂਤਮਈ ਢੰਗ ਨਾਲ ਆਪਣੀਆਂ ਹੱਕੀ ਮੰਗਾਂ ਵਾਸਤੇ ਪ੍ਰਦਰਸ਼ਨ ਕਰਨ ਦਾ ਪੂਰਾ ਸੰਵਿਧਾਨਿਕ ਹੱਕ ਹੈ।ਪਰ ਉਦੋਂ ਬੜਾ ਦੁੱਖ ਹੁੰਦਾ ਹੈ ਜਦੋ ਹੱਕ ਮੰਗ ਰਹੇ ਲੋਕਾਂ ਤੇ ਖਾਸ ਕਰ ਮਹਿਲਾਵਾਂ ਉੱਤੇ ਅੰਨੇਵਾਹ ਲਾਠੀਚਾਰਜ ਕੀਤਾ ਜਾਂਦਾ ਹੈ।
ਇਕ ਪਾਸੇ ਸਾਰੀਆਂ ਸਰਕਾਰਾਂ 'ਬੇਟੀ ਬਚਾਓ ਬੇਟੀ ਪੜ੍ਹਾਓ' ਵਰਗੇ ਨਾਅਰੇ ਮਾਰਦੀਆਂ ਨਹੀਂ ਥੱਕਦੀਆਂ। ਪਰ ਦੂਜੇ ਪਾਸੇ ਇਨਾਂ ਸਰਕਾਰਾਂ ਵਲੋਂ ਹੀ ਬੇਟੀਆਂ ਉੱਤੇ ਤਸ਼ੱਦਦ ਕੀਤਾ ਜਾਂਦਾ ਹੈ। ਜੋ ਬਿਲਕੁਲ ਗਲਤ ਹੈ।
ਸਰਕਾਰਾਂ ਨੂੰ ਲਾਠੀਚਾਰਜ ਕਰਨ ਦੀ ਬਜਾਏ ਗੱਲਬਾਤ ਰਾਹੀਂ ਮਸਲੇ ਨੂੰ ਨਜਿੱਠਣਾ ਚਾਹੀਦਾ ਹੈ। ਦਿੱਲੀ 'ਚ ਯੰਤਰ ਮੰਤਰ ਵਿਖੇ ਨੌਜਵਾਨ ਮੁੰਡੇ-ਕੁੜੀਆਂ ਉੱਤੇਅਤੇ ਪੰਜਾਬ ਦੇ ਖੰਨਾ ਵਿਖੇ ਮਨਰੇਗਾ ਮਜ਼ਦੂਰਾਂ ਉੱਤੇ ਅਤੇ ਬਰਨਾਲਾ ਚ ਸਫ਼ਾਈ ਸੇਵਕਾਂ ਉੱਤੇ ਕੀਤਾ ਗਿਆ ਲਾਠੀਆਂ ਦਾ ਬਲ ਪ੍ਰਯੋਗਲਾਠੀਚਾਰਜ ਦੀਆਂ ਕੁਝ ਕੁ ਚੁਣੀਂਦਾ ਉਦਾਹਰਨਾਂ ਹਨ। ਜੋ ਸ਼ਰਮਸਾਰ ਕਰਨ ਵਾਲੀਆਂ ਹਨ। ਜੋ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਉੱਤੇ ਧੱਬਾ ਹਨ ।

-ਲੈਕਚਰਾਰ ਅਜੀਤ ਖੰਨਾ,
ਐੱਮ ਏ, ਐੱਮ ਫ਼ਿਲ, ਐਮ ਜੇ ਐਮ ਸੀ, ਬੀ ਐਡ

ਪਿਛਲੀ ਖ਼ਬਰ ਪੰਜਾਬ ਦੀ ਪਿੱਠ ’ਚ ਛੁਰਾ ਮਾਰਿਆ-ਬਲਤੇਜ ਪੰਨੂ ਅਗਲੀ ਖ਼ਬਰ ਇਜਲਾਸ ਦਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।