25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

25-09-2026

25-09-2026

ਅਜੀਤ ਡੈਸਕ 25-09-2026

ਸਾਫ਼ ਪਾਣੀ ਹਰ ਜੀਵ ਦਾ ਅਧਿਕਾਰ

ਅਸੀਂ ਅਕਸਰ ਸਾਫ਼ ਪਾਣੀ ਦੀ ਮਹੱਤਤਾ ਬਾਰੇ ਗੱਲ ਕਰਦੇ ਹਾਂ, ਪਰ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ ਕਿ ਹਰ ਜੀਵ ਪਾਣੀ 'ਤੇ ਨਿਰਭਰ ਕਰਦਾ ਹੈ | ਮਨੁੱਖਾਂ ਕੋਲ ਪਾਣੀ ਸਾਫ਼ ਕਰਨ ਲਈ ਫ਼ਿਲਟਰ ਅਤੇ ਪੀਣ ਲਈ ਸਾਫ਼ ਪਾਣੀ ਦੀਆਂ ਸਹੂਲਤਾਂ ਹਨ, ਪਰ ਜਾਨਵਰਾਂ ਕੋਲ ਅਜਿਹੇ ਵਿਕਲਪ ਨਹੀਂ ਹੁੰਦੇ | ਉਹ ਬੋਲ ਨਹੀਂ ਸਕਦੇ ਅਤੇ ਨਾ ਹੀ ਆਪਣੀ ਪਿਆਸ ਬਾਰੇ ਦੱਸ ਸਕਦੇ ਹਨ | ਪ੍ਰਦੂਸ਼ਿਤ ਅਤੇ ਦੂਸ਼ਿਤ ਪਾਣੀ ਪੀਣ ਕਾਰਨ ਕਈ ਜਾਨਵਰ ਬਿਮਾਰ ਹੋ ਜਾਂਦੇ ਹਨ ਅਤੇ ਕਈਆਂ ਦੀ ਜਾਨ ਵੀ ਚਲੀ ਜਾਂਦੀ ਹੈ | ਮਨੁੱਖ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਰਹਿਣ ਵਾਲੇ ਜੀਵਾਂ ਦੀ ਵੀ ਦੇਖਭਾਲ ਕਰੀਏ | ਸਾਫ਼ ਪਾਣੀ ਸਿਰਫ਼ ਮਨੁੱਖਾਂ ਦੀ ਲੋੜ ਨਹੀਂ, ਸਗੋਂ ਹਰ ਜੀਵ ਲਈ ਜ਼ਰੂਰੀ ਹੈ | ਅਸੀਂ ਸੁਰੱਖਿਅਤ ਥਾਵਾਂ 'ਤੇ ਸਾਫ਼ ਪਾਣੀ ਦੇ ਕਟੋਰੇ ਰੱਖ ਸਕਦੇ ਹਾਂ ਅਤੇ ਜਾਨਵਰਾਂ ਤੱਕ ਸਾਫ਼ ਪਾਣੀ ਪਹੁੰਚਾਉਣ ਵਾਲੇ ਯਤਨਾਂ ਵਿਚ ਸਹਿਯੋਗ ਕਰ ਸਕਦੇ ਹਾਂ | ਸਾਡੀ ਇਕ ਛੋਟੀ ਜਿਹੀ ਨੇਕੀ ਕਿਸੇ ਹੋਰ ਜੀਵ ਦੀ ਜ਼ਿੰਦਗੀ ਬਚਾਉਣ ਦਾ ਕਾਰਨ ਬਣ ਸਕਦੀ ਹੈ |


-ਤਰਨਜੀਤ ਕੌਰ
(ਸ਼ਾਹਪੁਰ)


ਪੰਜਾਬ ਦਾ ਇਤਿਹਾਸ ਚੋਣਵਾਂ ਵਿਸ਼ਾਂ ਕਿਉਂ?
ਪੰਜਾਬ ਯੂਨੀਵਰਸਿਟੀ ਵਲੋਂ ਐੱਮ.ਏ. ਇਤਿਹਾਸ ਦੇ ਪਾਠਕ੍ਰਮ ਵਿਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1966 ਤੱਕ ਦੇ ਪੰਜਾਬ ਦੇ ਇਤਿਹਾਸ ਨੂੰ  ਚੋਣਵੇਂ ਵਿਸ਼ੇ ਵਜੋਂ ਰੱਖਣਾ ਗੰਭੀਰ ਵਿਚਾਰ ਦੀ ਮੰਗ ਕਰਦਾ ਹੈ | ਇੰਨੇ ਵਿਸ਼ਾਲ ਅਤੇ ਮਹੱਤਵਪੂਰਨ ਇਤਿਹਾਸਕ ਦੌਰ ਨੂੰ  ਚੋਣਵੇਂ ਵਿਸ਼ੇ ਤੱਕ ਸੀਮਤ ਕਰਨਾ ਬਹੁਤ ਚਿੰਤਾਜਨਕ ਹੈ | ਪੰਜਾਬ ਦਾ ਇਤਿਹਾਸ ਸਿਰਫ਼ ਬੀਤੇ ਸਮੇਂ ਦੀਆਂ ਘਟਨਾਵਾਂ ਦਾ ਵੇਰਵਾ ਨਹੀਂ, ਸਗੋਂ ਪੰਜਾਬ ਦੀ ਪਹਿਚਾਣ, ਸੱਭਿਆਚਾਰ ਅਤੇ ਵਿਰਾਸਤ ਨੂੰ  ਸਮਝਣ ਦੀ ਕੁੰਜੀ ਹੈ | ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਿੱਖ ਗੁਰੂ ਸਾਹਿਬਾਨ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਤੇ 1966 ਤੱਕ ਦੇ ਪੰਜਾਬ ਦੇ ਰਾਜਨੀਤਕ ਤੇ ਸਮਾਜਿਕ ਵਿਕਾਸ ਤੱਕ ਦਾ ਇਤਿਹਾਸ ਸਾਡੀ ਸਾਂਝੀ ਵਿਰਾਸਤ ਦਾ ਅਟੁੱਟ ਹਿੱਸਾ ਹੈ | ਅੱਜ ਦੀ ਪੀੜ੍ਹੀ ਦਾ ਵਾਧੂ ਇਤਿਹਾਸਕ ਸਾਹਿਤ ਨਾਲ ਸੰਪਰਕ ਸੀਮਤ ਹੋ ਰਿਹਾ ਹੈ | ਅਜਿਹੇ ਵਿਚ ਸਿਲੇਬਸ ਹੀ ਉਹ ਮੁੱਖ ਮਾਧਿਅਮ ਹੈ, ਜਿਸ ਰਾਹੀਂ ਵਿਦਿਆਰਥੀ ਆਪਣੀਆਂ ਜੜ੍ਹਾਂ ਅਤੇ ਵਿਰਾਸਤ ਨਾਲ ਜਾਣੂ ਹੁੰਦੇ ਹਨ | ਇਸ ਲਈ ਅਜਿਹੇ ਮਹੱਤਵਪੂਰਨ ਵਿਸ਼ੇ ਨੂੰ  ਚੋਣਵੇਂ ਰੂਪ ਵਿਚ ਰੱਖਣਾ ਇਸ ਦੀ ਪਹੁੰਚ ਨੂੰ  ਸੀਮਤ ਕਰ ਸਕਦਾ ਹੈ | ਇਹ ਕਿਸੇ ਇਕ ਧਰਮ ਜਾਂ ਭਾਈਚਾਰੇ ਦੀ ਗੱਲ ਨਹੀਂ, ਸਗੋਂ ਇਤਿਹਾਸ ਨੂੰ  ਉਸ ਦੀ ਪੂਰਨਤਾ ਅਤੇ ਤੱਥਾਂ ਦੇ ਆਧਾਰ 'ਤੇ ਸਮਝਣਾ ਹੈ | ਪੰਜਾਬ ਦੀ ਵਿਰਾਸਤ ਨੂੰ  ਜਾਣਨਾ ਸਿਰਫ਼ ਅਤੀਤ ਨੂੰ  ਯਾਦ ਕਰਨਾ ਨਹੀਂ, ਸਗੋਂ ਆਪਣੀ ਪਹਿਚਾਣ ਨੂੰ  ਸਮਝਣਾ ਹੈ | ਪੰਜਾਬ ਦਾ ਇਤਿਹਾਸ ਪੜ੍ਹੇ ਬਿਨਾਂ ਭਾਰਤ ਦਾ ਇਤਿਹਾਸ ਨਹੀਂ ਸਮਝਿਆ ਜਾ ਸਕਦਾ | ਪਰ ਪਤਾ ਨਹੀਂ ਯੂਨੀਵਰਸਿਟੀ ਹਰ ਵਾਰ ਪੰਜਾਬ ਦੇ ਇਤਿਹਾਸ ਨੂੰ  ਹੀ ਕਿਉਂ ਨਿਸ਼ਾਨਾ ਬਣਾ ਲੈਂਦੀ ਹੈ?


-ਪਰਮਜੀਤ ਕੌਰ ਸਰਾਂ
ਨੈਤਿਕਤਾ ਦੀ ਅਹਿਮੀਅਤ 


ਅੱਜ ਦੇ ਤੇਜ਼ ਰਫ਼ਤਾਰ ਅਤੇ ਭੌਤਿਕਵਾਦੀ ਦੌਰ ਵਿਚ ਨੈਤਿਕਤਾ ਮਹਿਜ ਇਕ ਅਜਿਹਾ ਸ਼ਬਦ ਬਣ ਕੇ ਰਹਿ ਗਿਆ ਹੈ, ਜਿਸ ਬਾਰੇ ਗੱਲਾਂ ਤਾਂ ਬਹੁਤ ਹੁੰਦੀਆਂ ਹਨ ਪਰ ਅਮਲ ਘੱਟ ਹੀ ਹੁੰਦਾ ਹੈ | ਨੈਤਿਕਤਾ ਦਾ ਅਰਥ ਹੈ ਉਹ ਕਦਰਾਂ-ਕੀਮਤਾਂ ਅਤੇ ਅਸੂਲ ਜੋ ਇਨਸਾਨ ਨੂੰ  ਚੰਗੇ-ਮਾੜੇ, ਸਹੀ-ਗਲਤ ਦੀ ਪਛਾਣ ਕਰਵਾਉਂਦੇ ਹਨ | ਇਹ ਕੋਈ ਬਾਹਰੋਂ ਥੋਪਿਆ ਗਿਆ ਨਿਯਮ ਨਹੀਂ, ਸਗੋਂ ਮਨੁੱਖ ਦੀ ਅੰਤਰ-ਆਤਮਾ ਦੀ ਅਵਾਜ਼ ਹੈ |
ਮਨੁੱਖ ਅਤੇ ਪਸ਼ੂ ਵਿਚ ਇਹੀ ਫਰਕ ਹੈ ਕਿ ਮਨੁੱਖ ਕੋਲ ਨੈਤਿਕਤਾ ਹੈ | ਜੇ ਮਨੁੱਖ ਵਿਚੋਂ ਨੈਤਿਕਤਾ ਕੱਢ ਦਿੱਤੀ ਜਾਵੇ ਤਾਂ ਉਹ ਸਿਰਫ਼ ਆਪਣੇ ਸੁਆਰਥ ਲਈ ਜੀਣ ਵਾਲਾ ਪ੍ਰਾਣੀ ਬਣ ਕੇ ਰਹਿ ਜਾਂਦਾ ਹੈ | ਇਕ ਡਾਕਟਰ ਜੇ ਨੈਤਿਕਤਾ ਭੁੱਲ ਜਾਵੇ ਤਾਂ ਮਰੀਜ਼ ਉਸ ਲਈ ਗਾਹਕ ਬਣ ਜਾਂਦਾ ਹੈ, ਇਕ ਅਧਿਆਪਕ ਨੈਤਿਕਤਾ ਭੁੱਲ ਜਾਵੇ ਤਾਂ ਵਿਦਿਆਰਥੀ ਉਸ ਲਈ ਸਿਰਫ਼ ਤਨਖਾਹ ਦਾ ਜ਼ਰੀਆ ਬਣ ਜਾਂਦਾ ਹੈ, ਅਤੇ ਇਕ ਪੱਤਰਕਾਰ ਜੇ ਨੈਤਿਕਤਾ ਛੱਡ ਦੇਵੇ ਤਾਂ ਖ਼ਬਰ ਸੱਚ ਦੀ ਥਾਂ ਵਿਕਾਊ ਮਾਲ ਬਣ ਜਾਂਦੀ ਹੈ | ਇਸ ਲਈ ਹਰ ਪੇਸ਼ੇ, ਹਰ ਰਿਸ਼ਤੇ ਅਤੇ ਹਰ ਸਮਾਜ ਦੀ ਨੀਂਹ ਨੈਤਿਕਤਾ ਉੱਤੇ ਹੀ ਖੜ੍ਹੀ ਹੈ | ਅੱਜ ਅਸੀਂ ਦੇਖ ਰਹੇ ਹਾਂ ਕਿ ਪਰਿਵਾਰਾਂ ਵਿਚ ਕਲੇਸ਼, ਸਮਾਜ ਵਿਚ ਭਿ੍ਸ਼ਟਾਚਾਰ ਅਤੇ ਦੇਸ਼ ਵਿਚ ਨਫ਼ਰਤ ਵਧ ਰਹੀ ਹੈ | ਇਸ ਦਾ ਮੁੱਖ ਕਾਰਨ ਨੈਤਿਕ ਕਦਰਾਂ-ਕੀਮਤਾਂ ਦਾ ਪਤਨ ਹੈ | ਅਸੀਂ ਆਪਣੇ ਬੱਚਿਆਂ ਨੂੰ  ਵੱਡੇ ਸਕੂਲਾਂ ਵਿਚ ਪੜ੍ਹਾ ਰਹੇ ਹਾਂ, ਵੱਡੀਆਂ ਡਿਗਰੀਆਂ ਦਿਵਾ ਰਹੇ ਹਾਂ, ਪਰ ਉਨ੍ਹਾਂ ਨੂੰ  ਇਮਾਨਦਾਰੀ, ਹਮਦਰਦੀ, ਸਤਿਕਾਰ ਅਤੇ ਸਬਰ ਵਰਗੇ ਗੁਣ ਦੇਣਾ ਭੁੱਲ ਰਹੇ ਹਾਂ | ਸਾਨੂੰ ਸਮਝਣਾ ਹੋਵੇਗਾ ਕਿ ਡਿਗਰੀ ਤੋਂ ਬਿਨਾਂ ਨੌਕਰੀ ਨਹੀਂ ਮਿਲ ਸਕਦੀ, ਪਰ ਨੈਤਿਕਤਾ ਤੋਂ ਬਿਨਾਂ ਜ਼ਿੰਦਗੀ ਦਾ ਕੋਈ ਅਰਥ ਨਹੀਂ ਰਹਿੰਦਾ | ਨੈਤਿਕਤਾ ਦੀ ਸ਼ੁਰੂਆਤ ਘਰ ਤੋਂ ਹੁੰਦੀ ਹੈ | ਜਦੋਂ ਬਜ਼ੁਰਗ ਆਪਣੇ ਜੀਵਨ ਵਿਚ ਤਿਆਗ, ਸੱਚ ਅਤੇ ਸਬਰ ਦਾ ਪ੍ਰਗਟਾਵਾ ਕਰਦੇ ਹਨ, ਤਾਂ ਬੱਚੇ ਆਪਣੇ ਆਪ ਉਹ ਸਿੱਖ ਜਾਂਦੇ ਹਨ | ਸਾਡੇ ਬਜ਼ੁਰਗਾਂ ਨੇ ਘੱਟ ਸਾਧਨਾਂ ਵਿਚ ਵੀ ਉੱਚੇ ਕਿਰਦਾਰ ਨਾਲ ਜ਼ਿੰਦਗੀ ਜੀਵੀ ਹੈ | ਉਨ੍ਹਾਂ ਨੇ ਸਾਨੂੰ ਸਿਖਾਇਆ ਕਿ ਭੁੱਖੇ ਰਹਿ ਲਵੋ ਪਰ ਬੇਈਮਾਨੀ ਨਾ ਕਰੋ, ਝੁਕ ਜਾਓ ਪਰ ਕਿਸੇ ਦਾ ਹੱਕ ਨਾ ਮਾਰੋ | ਇਹੀ ਨੈਤਿਕਤਾ ਹੈ | ਅੰਤ ਵਿਚ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਤਰੱਕੀ ਕੇਵਲ ਪੈਸੇ ਜਾਂ ਤਕਨਾਲੋਜੀ ਨਾਲ ਨਹੀਂ ਮਾਪੀ ਜਾਂਦੀ, ਸਗੋਂ ਇਸ ਗੱਲ ਨਾਲ ਮਾਪੀ ਜਾਂਦੀ ਹੈ ਕਿ ਅਸੀਂ ਇਨਸਾਨ ਵਜੋਂ ਕਿੰਨੇ ਨੈਤਿਕ ਹਾਂ | 


-ਗੌਰਵ ਮੁੰਜਾਲ, ਪੀ.ਸੀ.ਐਸ 
ਪੰਜਾਬੀ ਯੂਨੀਵਰਸਿਟੀ ਵਿਚ ਦਰੱਖਤ ਬਚਾਓ

 
ਪੰਜਾਬੀ ਭਾਸ਼ਾ ਦੇ ਨਾਮ ਦੇਸ਼ ਦੀ ਇਕੋ ਇਕ ਯੂਨੀਵਰਸਿਟੀ, ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਦੇ ਬਿਲਕੁੱਲ ਕੋਲ ਇਕ ਬਹੁਤ ਵੱਡੇ ਤੇ ਹਰੇ ਭਰੇ ਦਰੱਖਤ ਦੀ ਬਿਜਲੀ ਖੰਭੇ ਦੀ ਖਿੱਚ ਪਾਕੇ ਬਲੀ ਦਿੱਤੀ ਜਾ ਰਹੀ ਹੈ | ਹਰੇ ਭਰੇ ਦਰੱਖਤ ਵਿਚ ਤਾਰ ਖੁੱਭਣ ਕਰਕੇ ਕਾਫ਼ੀ ਹੱਦ ਤੱਕ ਜਖ਼ਮੀ ਹੋ ਚੁੱਕਾ ਹੈ | ਸਿਤਮ ਦੀ ਗੱਲ ਤਾਂ ਇਹ ਹੈ ਕਿ ਜੇਕਰ ਲੋਕਾਂ ਨੂੰ  ਸੇਧ ਦੇਣ ਵਾਲੇ ਅਦਾਰਿਆਂ ਵਿਚ ਇਹ ਹਾਲ ਹੈ ਤਾਂ ਆਮ ਥਾਵਾਂ ਤੇ ਕੀ ਹਾਲ ਹੁੰਦਾ ਹੋਵੇਗਾ | ਕੀ ਹਰ ਵਰ੍ਹੇ ਵਣ ਮਹਾਂਉਤਸਵ ਮਨਾਉਣੇ ਡਰਾਮਾ ਹੀ ਹੁੰਦੇ ਹਨ..? ਲੋੜ ਹੈ ਯੂਨੀਵਰਸਿਟੀ ਪ੍ਰਸ਼ਾਸਨ ਨੂੰ  ਤੁਰੰਤ ਇਸ ਪਾਸੇ ਧਿਆਨ ਦੇਣ ਦੀ ਤਾਂ ਜੋ ਖ਼ਰਾਬ ਹੋ ਰਹੇ ਦਰੱਖਤ ਨੂੰ  ਸਮਾਂ ਰਹਿੰਦੇ ਬਚਾਇਆ ਜਾ ਸਕੇ | 

-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਪਿਛਲੀ ਖ਼ਬਰ ਨਾਟਿਅਮ ਨੈਸ਼ਨਲ ਥੀਏਟਰ ਫ਼ੈਸਟੀਵਲ ਦੀ ਬਲਵੰਤ ਗਾਰਗੀ ਆਡੀਟੋਰੀਅਮ ’ਚ ਸ਼ੁਰੂਆਤ ਕੱਲ੍ਹ ਤੋਂ ਅਗਲੀ ਖ਼ਬਰ ਕੌਮੀ ਬਦਇੰਤਜ਼ਾਮੀ ਦਾ ਪਹਿਲਾ ਲੱਛਣ ਮਹਿੰਗਾਈ ਅਤੇ ਦੂਜਾ ਜੰਗ ਹੁੰਦਾ ਹੈ | ¸ਅਰਨੈਸਟ ਹੈਮਿੰਗਵੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।