ਅਮਰੀਕਾ ਸਮੇਤ ਚਾਰ ਦੇਸ਼ਾਂ ’ ਚ ਹੋਵੇਗਾ 2031 ਦਾ ਮਹਿਲਾ ਫੁੱਟਬਾਲ ਵਿਸ਼ਵ ਕੱਪ
ਨਿਊਯਾਰਕ, 24 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ’ਚ ਮਹਿਲਾ ਫੁੱਟਬਾਲ ਵਿਸ਼ਵ ਕੱਪ ਦੀ ਵਾਪਸੀ ਪੱਕੀ ਹੋ ਗਈ ਹੈ। ਫੀਫਾ ਨੇ 2031 ਦੇ ਟੂਰਨਾਮੈਂਟ ਦੀ ਮੇਜ਼ਬਾਨੀ ਅਮਰੀਕਾ, ਮੈਕਸੀਕੋ, ਕੋਸਟਾ ਰੀਕਾ ਤੇ ਜਮਾਇਕਾ ਨੂੰ ਸਾਂਝੇ ਤੌਰ ’ਤੇ ਸੌਂਪ ਦਿੱਤੀ ਹੈ।
ਨਿਊਯਾਰਕ, 24 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ’ਚ ਮਹਿਲਾ ਫੁੱਟਬਾਲ ਵਿਸ਼ਵ ਕੱਪ ਦੀ ਵਾਪਸੀ ਪੱਕੀ ਹੋ ਗਈ ਹੈ। ਫੀਫਾ ਨੇ 2031 ਦੇ ਟੂਰਨਾਮੈਂਟ ਦੀ ਮੇਜ਼ਬਾਨੀ ਅਮਰੀਕਾ, ਮੈਕਸੀਕੋ, ਕੋਸਟਾ ਰੀਕਾ ਤੇ ਜਮਾਇਕਾ ਨੂੰ ਸਾਂਝੇ ਤੌਰ ’ਤੇ ਸੌਂਪ ਦਿੱਤੀ ਹੈ। ਅਮਰੀਕਾ ਦੀ ਅਗਵਾਈ ਹੇਠ ਹੋਣ ਵਾਲੇ ਇਸ ਵਿਸ਼ਵ ਕੱਪ ਵਿਚ ਪਹਿਲੀ ਵਾਰ 48 ਟੀਮਾਂ ਖੇਡਣਗੀਆਂ ਤੇ ਕੁੱਲ 104 ਮੈਚ ਹੋਣਗੇ। ਇਸੇ ਦੌਰਾਨ 2035 ਦੀ ਮੇਜ਼ਬਾਨੀ ਇੰਗਲੈਂਡ, ਸਕਾਟਲੈਂਡ, ਵੇਲਜ਼ ਤੇ ਉੱਤਰੀ ਆਇਰਲੈਂਡ ਨੂੰ ਦਿੱਤੀ ਗਈ ਹੈ। ਫੀਫਾ ਦੀਆਂ 211 ਮੈਂਬਰ ਫੁੱਟਬਾਲ ਸੰਸਥਾਵਾਂ ਨੇ ਦੋਵਾਂ ਪ੍ਰਸਤਾਵਾਂ ਨੂੰ ਸਾਂਝੀ ਸਹਿਮਤੀ ਨਾਲ ਮਨਜ਼ੂਰੀ ਦਿੱਤੀ। ਇਨ੍ਹਾਂ ਦੇ ਮੁਕਾਬਲੇ ਕੋਈ ਹੋਰ ਦਾਅਵੇਦਾਰ ਨਹੀਂ ਸੀ। ਅਮਰੀਕਾ ਵਿਚ ਆਖ਼ਰੀ ਵਾਰ ਮਹਿਲਾ ਵਿਸ਼ਵ ਕੱਪ 2003 ’ਚ ਹੋਇਆ ਸੀ। ਇਸ ਤੋਂ ਪਹਿਲਾਂ ਉਸ ਨੇ 1999 ਦਾ ਟੂਰਨਾਮੈਂਟ ਵੀ ਕਰਵਾਇਆ ਸੀ। ਮੌਜੂਦਾ ਯੋਜਨਾ ਅਨੁਸਾਰ, 2031 ਦੇ ਮੁਕਾਬਲੇ ਜੂਨ ਦੇ ਅੱਧ ਵ’ਚ ਸ਼ੁਰੂ ਹੋਣਗੇ ਤੇ ਫਾਈਨਲ ਜੁਲਾਈ ਦੇ ਅੱਧ ਤੋਂ ਅਖ਼ੀਰਲੇ ਹਿੱਸੇ ਵਿਚਾਲੇ ਹੋਵੇਗਾ। ਅਮਰੀਕਾ ਵਿਚ 80 ਤੋਂ ਵੱਧ ਮੈਚ ਕਰਵਾਉਣ ਦੀ ਸੰਭਾਵਨਾ ਹੈ, ਜਦਕਿ ਬਾਕੀ ਮੈਚ ਤਿੰਨ ਹੋਰ ਮੇਜ਼ਬਾਨ ਦੇਸ਼ਾਂ ’ਚ ਹੋਣਗੇ। ਮੈਚਾਂ ਦੀ ਅੰਤਿਮ ਵੰਡ ਤੇ ਪੱਕੀਆਂ ਤਰੀਕਾਂ ਅਜੇ ਤੈਅ ਨਹੀਂ ਹੋਈਆਂ ਹਨ। ਬਰਤਾਨੀਆ ਨੂੰ ਮਿਲੀ 2035 ਦੀ ਮੇਜ਼ਬਾਨੀ ਲੈਸਟਰ (ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ)-ਸਾਲ 2035 ਦੇ ਮਹਿਲਾ ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਬਰਤਾਨੀਆ ਨੂੰ ਮਿਲੀ ਹੈ।ਇੰਗਲੈਂਡ, ਸਕਾਟਲੈਂਡ, ਵੇਲਜ਼ ਤੇ ਉੱਤਰੀ ਆਇਰਲੈਂਡ ਦੀਆਂ ਫੁੱਟਬਾਲ ਐਸੋਸੀਏਸ਼ਨਾਂ ਵਲੋਂ ‘ਆਲ ਟੂਗੈਦਰ’ ਦੇ ਨਾਂਅ ਹੇਠ ਇਸ ਫ਼ੈਸਲੇ ਨੂੰ ਪ੍ਰਵਾਨਗੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਬਰਤਾਨੀਆ ਵਿਚ ਪਹਿਲੀ ਵਾਰ ਮਹਿਲਾ ਫੁੱਟਬਾਲ ਵਿਸ਼ਵ ਕੱਪ ਕਰਵਾਇਆ ਜਾਵੇਗਾ।