ਮੱਧਕਾਲੀ ਚੋਣਾਂ ਤੋਂ ਪਹਿਲਾਂ ਟਰੰਪ ਦੇ ਵੱਡੇ ਐਲਾਨ , 5 ਹਜ਼ਾਰ ਡਾਲਰ ਦੇ ਚੈੱਕਾਂ ਦਾ ਵਾਅਦਾ
ਨਿਊਯਾਰਕ, 15 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)– ਅਮਰੀਕਾ ਵਿਚ 3 ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਿਪਬਲਿਕਨ ਪਾਰਟੀ ਦੇ ਹੱਕ ਵਿਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਅਲਾਸਕਾ, ਐਰੀਜ਼ੋਨਾ ਅਤੇ ਮੋਂਟਾਨਾ ਵਿਚ ਰੈਲੀਆਂ ਦੌਰਾਨ ਉਨ੍ਹਾਂ ਨੇ ਆਰਥਿਕ ਰਾਹਤ, ਰਾਸ਼ਟਰੀ ਸੁਰੱਖਿਆ ਅਤੇ ਹਥਿਆਰ ਰੱਖਣ ਦੇ ਅਧਿਕਾਰਾਂ ਬਾਰੇ ਕਈ ਵੱਡੇ ਐਲਾਨ ਕੀਤੇ।
ਨਿਊਯਾਰਕ, 15 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)– ਅਮਰੀਕਾ ਵਿਚ 3 ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਿਪਬਲਿਕਨ ਪਾਰਟੀ ਦੇ ਹੱਕ ਵਿਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਅਲਾਸਕਾ, ਐਰੀਜ਼ੋਨਾ ਅਤੇ ਮੋਂਟਾਨਾ ਵਿਚ ਰੈਲੀਆਂ ਦੌਰਾਨ ਉਨ੍ਹਾਂ ਨੇ ਆਰਥਿਕ ਰਾਹਤ, ਰਾਸ਼ਟਰੀ ਸੁਰੱਖਿਆ ਅਤੇ ਹਥਿਆਰ ਰੱਖਣ ਦੇ ਅਧਿਕਾਰਾਂ ਬਾਰੇ ਕਈ ਵੱਡੇ ਐਲਾਨ ਕੀਤੇ। ਮੋਂਟਾਨਾ ਦੀ ਰੈਲੀ ਵਿਚ ਟਰੰਪ ਨੇ ਵਾਅਦਾ ਕੀਤਾ ਕਿ ਜੇਕਰ ਰਿਪਬਲਿਕਨ ਪਾਰਟੀ ਕਾਂਗਰਸ ਵਿਚ ਜਿੱਤ ਹਾਸਲ ਕਰਦੀ ਹੈ ਤਾਂ ਅਮਰੀਕੀਆਂ ਨੂੰ 5,000 ਡਾਲਰ ਦੇ ਚੈੱਕ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪੈਸਾ ਅਮਰੀਕਾ ਵਿਚ ਹੀ ਖਰਚਣਾ ਹੋਵੇਗਾ। ਹਾਲਾਂਕਿ ਰਕਮ ਦੇਣ ਦੀ ਪ੍ਰਕਿਰਿਆ, ਯੋਗਤਾ ਅਤੇ ਫੰਡਾਂ ਦੇ ਪ੍ਰਬੰਧ ਬਾਰੇ ਅਜੇ ਕੋਈ ਸਪੱਸ਼ਟ ਯੋਜਨਾ ਸਾਹਮਣੇ ਨਹੀਂ ਆਈ। ਟਰੰਪ ਨੇ ਮੋਂਟਾਨਾ ਵਿਚ ਆਧੁਨਿਕ ਹਥਿਆਰਾਂ ਦੀ ਜਾਂਚ ਲਈ ਰੱਖਿਆ ਵਿਭਾਗ ਦਾ ਨਵਾਂ ਕੇਂਦਰ ਬਣਾਉਣ ਦਾ ਐਲਾਨ ਵੀ ਕੀਤਾ। ਇਸ ਵਿਚ ਪੁਲਾੜ ਤਕਨੀਕ, ਇਲੈਕਟ੍ਰਾਨਿਕ ਜੰਗੀ ਪ੍ਰਣਾਲੀਆਂ ਅਤੇ ਤੇਜ਼ ਰਫ਼ਤਾਰ ਮਿਜ਼ਾਈਲਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਿਪਬਲਿਕਨ ਪਾਰਟੀ ਅਮਰੀਕੀ ਸੰਵਿਧਾਨ ਦੀ ਦੂਜੀ ਸੋਧ ਤਹਿਤ ਨਾਗਰਿਕਾਂ ਨੂੰ ਮਿਲੇ ਹਥਿਆਰ ਰੱਖਣ ਦੇ ਅਧਿਕਾਰਾਂ ਦੀ ਰੱਖਿਆ ਕਰੇਗੀ। ਐਰੀਜ਼ੋਨਾ ਵਿਚ ਟਰੰਪ ਨੇ ਕਤਰ ਦੇ ਸ਼ਾਹੀ ਪਰਿਵਾਰ ਵਲੋਂ ਤੋਹਫ਼ੇ ਵਿਚ ਦਿੱਤੇ ਬੋਇੰਗ 747 ਜਹਾਜ਼ ਦਾ ਬਚਾਅ ਕਰਦਿਆਂ ਕਿਹਾ ਕਿ ਜਦੋਂ ਕੋਈ ਇੰਨਾ ਵੱਡਾ ਤੋਹਫ਼ਾ ਦਿੰਦਾ ਹੈ ਤਾਂ ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ। ਟਰੰਪ ਨੇ ਐਰੀਜ਼ੋਨਾ ਵਿਚ ਗਵਰਨਰ ਦੇ ਅਹੁਦੇ ਲਈ ਐਂਡੀ ਬਿਗਸ ਅਤੇ ਮੋਂਟਾਨਾ ਵਿਚ ਸੈਨੇਟ ਉਮੀਦਵਾਰ ਕਰਟ ਆਲਮੇ ਤੇ ਪ੍ਰਤੀਨਿਧੀ ਸਭਾ ਦੇ ਉਮੀਦਵਾਰ ਐਰੋਨ ਫਲਿੰਟ ਲਈ ਵੋਟਾਂ ਮੰਗੀਆਂ। ਅਲਾਸਕਾ ਦੀ ਰੈਲੀ ਦੌਰਾਨ ਟਰੰਪ ਨੇ ਵਾਹਨਾਂ ਦੀ ਮੁਰੰਮਤ ਨਾਲ ਜੁੜੇ ਦੋ ਕਾਰੋਬਾਰੀਆਂ ਨੂੰ ਰਾਸ਼ਟਰਪਤੀ ਮੁਆਫ਼ੀ ਦੇਣ ਦਾ ਐਲਾਨ ਕੀਤਾ। ਇਨ੍ਹਾਂ ਨੇ ਡੀਜ਼ਲ ਵਾਹਨਾਂ ਦੇ ਪ੍ਰਦੂਸ਼ਣ ਨਿਯੰਤਰਣ ਨਿਯਮਾਂ ਦੀ ਉਲੰਘਣਾ ਦੇ ਦੋਸ਼ ਕਬੂਲ ਕੀਤੇ ਸਨ।