15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਨਿਊਜਰਸੀ ’ਚ ਚੋਣ ਦਸਤਾਵੇਜ਼ਾਂ ਨਾਲ ਛੇੜਛਾੜ ਦੇ 2 ਮਾਮਲੇ, ਸਾਬਕਾ ਮੇਅਰਾਂ ’ਤੇ ਕਾਨੂੰਨੀ ਸ਼ਿਕੰਜਾ

ਨਿਊਯਾਰਕ, 14 ਅਗਸਤ (ਰਾਜੂ ਸਹਿਬਾਜ਼ਪੁਰਾ)-ਨਿਊ ਜਰਸੀ ’ਚ ਚੋਣ ਪ੍ਰਕਿਰਿਆ ਨਾਲ ਜੁੜੇ ਦਸਤਾਵੇਜ਼ਾਂ ਵਿਚ ਕਥਿਤ ਧੋਖਾਧੜੀ ਦੇ 2 ਵੱਖ-ਵੱਖ ਮਾਮਲੇ ਸਾਹਮਣੇ ਆਏ ਹਨ। ਇਕ ਮਾਮਲੇ ’ਚ ਲੰਬਰਟਨ ਦੀ ਸਾਬਕਾ ਮੇਅਰ ਤੇ ਮੌਜੂਦਾ ਟਾਊਨਸ਼ਿਪ ਕਮੇਟੀ ਮੈਂਬਰ ਜੀਨਾ ਲਾਪਲਾਕਾ ਤੇ ਉਸ ਦੇ ਪਤੀ ’ਤੇ ਨਾਮਜ਼ਦਗੀ ਪਟੀਸ਼ਨ ’ਚ ਜਾਅਲੀ ਦਸਤਖ਼ਤ ਵਰਤਣ ਦੇ ਦੋਸ਼ ਲੱਗੇ ਹਨ।

ਅਜੀਤ ਡੈਸਕ 15-08-2026
ਨਿਊਯਾਰਕ, 14 ਅਗਸਤ (ਰਾਜੂ ਸਹਿਬਾਜ਼ਪੁਰਾ)-ਨਿਊ ਜਰਸੀ ’ਚ ਚੋਣ ਪ੍ਰਕਿਰਿਆ ਨਾਲ ਜੁੜੇ ਦਸਤਾਵੇਜ਼ਾਂ ਵਿਚ ਕਥਿਤ ਧੋਖਾਧੜੀ ਦੇ 2 ਵੱਖ-ਵੱਖ ਮਾਮਲੇ ਸਾਹਮਣੇ ਆਏ ਹਨ। ਇਕ ਮਾਮਲੇ ’ਚ ਲੰਬਰਟਨ ਦੀ ਸਾਬਕਾ ਮੇਅਰ ਤੇ ਮੌਜੂਦਾ ਟਾਊਨਸ਼ਿਪ ਕਮੇਟੀ ਮੈਂਬਰ ਜੀਨਾ ਲਾਪਲਾਕਾ ਤੇ ਉਸ ਦੇ ਪਤੀ ’ਤੇ ਨਾਮਜ਼ਦਗੀ ਪਟੀਸ਼ਨ ’ਚ ਜਾਅਲੀ ਦਸਤਖ਼ਤ ਵਰਤਣ ਦੇ ਦੋਸ਼ ਲੱਗੇ ਹਨ। ਦੂਜੇ ਮਾਮਲੇ ’ਚ ਪਲੇਨਫੀਲਡ ਦੇ ਸਾਬਕਾ ਮੇਅਰ ਉਮੀਦਵਾਰ ਹੈਨਰੀਲਿਨ ਇਬੇਜ਼ਿਮ ਨੇ ਫ਼ਰਜ਼ੀ ਵੋਟਰ ਰਜਿਸਟ੍ਰੇਸ਼ਨ ਅਰਜ਼ੀਆਂ ਤਿਆਰ ਕਰਨ ਨਾਲ ਸਬੰਧਤ ਜਾਲਸਾਜ਼ੀ ਦਾ ਦੋਸ਼ ਮੰਨ ਲਿਆ ਹੈ। ਬਰਲਿੰਗਟਨ ਕਾਊਂਟੀ ਪ੍ਰੋਸੀਕਿਊਟਰ ਦਫ਼ਤਰ ਅਨੁਸਾਰ 47 ਸਾਲਾ ਲਾਪਲਾਕਾ ਤੇ ਉਸ ਦੇ 49 ਸਾਲਾ ਪਤੀ ਜੇਸਨ ਕਾਰਟੀ ਨੇ ਕਥਿਤ ਤੌਰ ’ਤੇ ਜੂਨ 2026 ਦੀ ਲੰਬਰਟਨ ਟਾਊਨਸ਼ਿਪ ਕਮੇਟੀ ਡੈਮੋਕ੍ਰੇਟਿਕ ਪ੍ਰਾਇਮਰੀ ਲਈ ਲੋੜੀਂਦੇ ਦਸਤਖ਼ਤ ਪੂਰੇ ਕਰਨ ਵਾਸਤੇ ਗ਼ਲਤ ਜਾਣਕਾਰੀ ਵਾਲੀ ਪਟੀਸ਼ਨ ਦਾਖ਼ਲ ਕੀਤੀ ਸੀ। ਕਾਰਟੀ ਵੱਲੋਂ ਨਗਰ ਕਲਰਕ ਕੋਲ ਜਮ੍ਹਾਂ ਕਰਵਾਈ ਪਟੀਸ਼ਨ ਨਾਲ ਲੱਗੇ ਹਲਫ਼ਨਾਮੇ ਵਿਚ ਲਾਪਲਾਕਾ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਖ਼ੁਦ ਲੋਕਾਂ ਕੋਲੋਂ ਦਸਤਖ਼ਤ ਕਰਵਾਏ ਸਨ। ਪਰ ਜਾਂਚ ਦੌਰਾਨ ਪਟੀਸ਼ਨ ਵਿਚ ਦਰਜ ਕਈ ਵਿਅਕਤੀਆਂ ਨੇ ਦੱਸਿਆ ਕਿ ਨਾ ਉਨ੍ਹਾਂ ਨੇ ਦਸਤਖ਼ਤ ਕੀਤੇ ਤੇ ਨਾ ਹੀ ਕਿਸੇ ਨੂੰ ਆਪਣੇ ਵੱਲੋਂ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਸ਼ੱਕੀ ਦਸਤਖ਼ਤਾਂ ਤੋਂ ਬਿਨਾਂ ਲਾਪਲਾਕਾ ਚੋਣ ਲੜਨ ਲਈ ਲੋੜੀਂਦੀ ਗਿਣਤੀ ਪੂਰੀ ਨਹੀਂ ਕਰ ਸਕਦੀ ਸੀ। ਲਾਪਲਾਕਾ ਉੱਤੇ ਸਹੁੰ ਹੇਠ ਝੂਠਾ ਬਿਆਨ ਦੇਣ, ਝੂਠੀ ਪਟੀਸ਼ਨ ਦਾਖ਼ਲ ਕਰਨ ਅਤੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਸਮੇਤ ਕਈ ਦੋਸ਼ ਲਗਾਏ ਗਏ ਹਨ। ਉਸ ਦੇ ਪਤੀ ਨੂੰ ਵੀ ਇਸੇ ਮਾਮਲੇ ਵਿੱਚ ਮੁਲਜ਼ਮ ਬਣਾਇਆ ਗਿਆ ਹੈ। ਦੋਵਾਂ ਨੂੰ 21 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣਾ ਹੈ। ਇਹ ਦੋਸ਼ ਅਜੇ ਅਦਾਲਤ ਵਿੱਚ ਸਾਬਤ ਨਹੀਂ ਹੋਏ। ਇਸ ਤੋਂ ਪਹਿਲਾਂ ਲਾਪਲਾਕਾ ਨੇ ਆਪਣੇ ਛੋਟੇ ਬੱਚੇ ਨੂੰ ਕਾਰ ਵਿੱਚ ਬਿਠਾ ਕੇ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾਉਣ ਦਾ ਦੋਸ਼ ਮੰਨਿਆ ਸੀ। ਜਾਂਚ ਵੇਲੇ ਉਸ ਦੇ ਖ਼ੂਨ ਵਿੱਚ ਸ਼ਰਾਬ ਦੀ ਮਾਤਰਾ 0.30 ਫ਼ੀਸਦੀ ਮਿਲੀ ਸੀ, ਜੋ ਕਾਨੂੰਨੀ ਹੱਦ ਤੋਂ ਤਿੰਨ ਗੁਣਾ ਤੋਂ ਵੀ ਵੱਧ ਸੀ। ਉਸ ਨੂੰ ਪਹਿਲੀ ਵਾਰ ਅਪਰਾਧ ਕਰਨ ਵਾਲਿਆਂ ਲਈ ਬਣੇ ਪ੍ਰੋਗਰਾਮ ਤਹਿਤ ਤਿੰਨ ਸਾਲ ਦੀ ਨਿਗਰਾਨੀ ਹੇਠ ਰੱਖਿਆ ਗਿਆ ਸੀ। ਇਸੇ ਦੌਰਾਨ ਪਲੇਨਫੀਲਡ ਦੇ 71 ਸਾਲਾ ਸਾਬਕਾ ਮੇਅਰ ਉਮੀਦਵਾਰ ਹੈਨਰੀਲਿਨ ਇਬੇਜ਼ਿਮ ਨੇ ਤੀਜੇ ਦਰਜੇ ਦੀ ਜਾਲਸਾਜ਼ੀ ਦਾ ਦੋਸ਼ ਕਬੂਲ ਕਰ ਲਿਆ ਹੈ। ਸਰਕਾਰੀ ਦਸਤਾਵੇਜ਼ਾਂ ਅਨੁਸਾਰ ਉਹ ਕੂੜੇ ਵਾਲੇ ਥੈਲੇ ਵਿੱਚ ਕਰੀਬ ਇੱਕ ਹਜ਼ਾਰ ਸ਼ੱਕੀ ਵੋਟਰ ਰਜਿਸਟ੍ਰੇਸ਼ਨ ਅਰਜ਼ੀਆਂ ਲੈ ਕੇ ਐਲਿਜ਼ਾਬੈਥ ਦੇ ਡਾਕਘਰ ਪਹੁੰਚਿਆ ਸੀ। ਉਸ ਦਾ ਇਰਾਦਾ ਇਹ ਅਰਜ਼ੀਆਂ ਯੂਨੀਅਨ ਕਾਊਂਟੀ ਦੇ ਵੋਟਰ ਰਜਿਸਟ੍ਰੇਸ਼ਨ ਅਧਿਕਾਰੀ ਨੂੰ ਭੇਜਣ ਦਾ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਅਰਜ਼ੀਆਂ ਵਿੱਚ ਕਈ ਲੋਕਾਂ ਦੀ ਨਿੱਜੀ ਜਾਣਕਾਰੀ ਉਨ੍ਹਾਂ ਦੀ ਆਗਿਆ ਤੋਂ ਬਿਨਾਂ ਵਰਤੀ ਗਈ ਸੀ। ਵੱਡੀ ਗਿਣਤੀ ਵਿੱਚ ਫਾਰਮਾਂ ਉੱਤੇ ਕੇਵਲ ਤਿੰਨ ਜਾਂ ਚਾਰ ਵਿਅਕਤੀਆਂ ਦੀ ਲਿਖਾਈ ਹੋਣ ਦੇ ਸੰਕੇਤ ਵੀ ਮਿਲੇ। ਇਬੇਜ਼ਿਮ ਵੱਲੋਂ ਦੋਸ਼ ਮੰਨਣ ਮਗਰੋਂ ਸਰਕਾਰੀ ਵਕੀਲਾਂ ਨੇ ਉਸ ਲਈ ਅਦਾਲਤੀ ਨਿਗਰਾਨੀ ਦੀ ਸਜ਼ਾ ਦੀ ਸਿਫ਼ਾਰਸ਼ ਕਰਨ ਉੱਤੇ ਸਹਿਮਤੀ ਦਿੱਤੀ। ਨਿਊ ਜਰਸੀ ਦੇ ਅਟਾਰਨੀ ਜਨਰਲ ਦਫ਼ਤਰ ਨੇ ਕਿਹਾ ਹੈ ਕਿ ਨਿਰਪੱਖ ਚੋਣਾਂ ਲੋਕਤੰਤਰ ਦੀ ਬੁਨਿਆਦ ਹਨ ਅਤੇ ਵੋਟਰਾਂ ਦੀ ਇੱਛਾ ਨਾਲ ਧੋਖਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਜਵਾਬਦੇਹ ਬਣਾਇਆ ਜਾਣਾ ਜ਼ਰੂਰੀ ਹੈ। ਇਹ ਦੋਵੇਂ ਮਾਮਲੇ ਵੱਖਰੇ ਹਨ, ਪਰ ਇਨ੍ਹਾਂ ਨੇ ਚੋਣ ਦਸਤਾਵੇਜ਼ਾਂ ਦੀ ਜਾਂਚ, ਉਮੀਦਵਾਰਾਂ ਦੀ ਜਵਾਬਦੇਹੀ ਅਤੇ ਲੋਕਾਂ ਦੇ ਭਰੋਸੇ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਅਮਰੀਕਾ ਵਲੋਂ ਸੁਖਬੀਰ ਸਿੰਘ ਬਾਦਲ ’ਤੇ ਹਮਲੇ ਦੀ ਸਖਤ ਨਿੰਦਾ - ਦੋਸ਼ੀ ਨੂੰ ਮਿਲੇ ਮਿਸਾਲੀ ਸਜ... ਅਗਲੀ ਖ਼ਬਰ ਰਾਣੀ ਮੁਖਰਜੀ ਨੂੰ ਮੈਲਬੌਰਨ ’ਚ ‘ਡਾਕਟਰ ਆਫ਼ ਲੈਟਰਜ਼’ ਨਾਲ ਨਵਾਜ਼ਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।