ਆਸਟ੍ਰੇਲੀਆ ਦੀ ਕੌਮੀ ਜਨਗਣਨਾ ਅੱਜ, ਸਿੱਖ ਤੇ ਪੰਜਾਬੀ ਭਾਈਚਾਰੇ ਲਈ ਵੀ ਅਹਿਮ ਮੌਕਾ
ਸਿਡਨੀ, 10 ਅਗਸਤ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ’ਚ 11 ਅਗਸਤ 2026 ਨੂੰ ਕੌਮੀ ਜਨਗਣਨਾ ਹੋਣ ਜਾ ਰਹੀ ਹੈ। ਹਰ ਪੰਜ ਸਾਲ ਬਾਅਦ ਹੋਣ ਵਾਲੀ ਇਹ ਜਨਗਣਨਾ ਦੇਸ਼ ਦੀ ਆਬਾਦੀ, ਭਾਸ਼ਾਵਾਂ, ਧਾਰਮਿਕ ਵਿਸ਼ਵਾਸਾਂ, ਸੱਭਿਆਚਾਰਕ ਪਿਛੋਕੜ ਤੇ ਸਮਾਜਿਕ ਬਣਤਰ ਨਾਲ ਸਬੰਧਤ ਅਹਿਮ ਅੰਕੜੇ ਇਕੱਠੇ ਕਰਨ ਦਾ ਸਭ ਤੋਂ ਵੱਡਾ ਸਰਕਾਰੀ ਉਪਰਾਲਾ ਹੈ।
ਸਿਡਨੀ, 10 ਅਗਸਤ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ’ਚ 11 ਅਗਸਤ 2026 ਨੂੰ ਕੌਮੀ ਜਨਗਣਨਾ ਹੋਣ ਜਾ ਰਹੀ ਹੈ। ਹਰ ਪੰਜ ਸਾਲ ਬਾਅਦ ਹੋਣ ਵਾਲੀ ਇਹ ਜਨਗਣਨਾ ਦੇਸ਼ ਦੀ ਆਬਾਦੀ, ਭਾਸ਼ਾਵਾਂ, ਧਾਰਮਿਕ ਵਿਸ਼ਵਾਸਾਂ, ਸੱਭਿਆਚਾਰਕ ਪਿਛੋਕੜ ਤੇ ਸਮਾਜਿਕ ਬਣਤਰ ਨਾਲ ਸਬੰਧਤ ਅਹਿਮ ਅੰਕੜੇ ਇਕੱਠੇ ਕਰਨ ਦਾ ਸਭ ਤੋਂ ਵੱਡਾ ਸਰਕਾਰੀ ਉਪਰਾਲਾ ਹੈ। ਇਸ ਲਈ ਆਸਟ੍ਰੇਲੀਆ ਵੱਸਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਲਈ ਵੀ ਇਹ ਦਿਨ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਸਿੱਖ ਤੇ ਪੰਜਾਬੀ ਭਾਈਚਾਰੇ ਵੱਲੋਂ ਜਨਗਣਨਾ ਵਿਚ ਆਪਣੀ ਪਹਿਚਾਣ ਨੂੰ ਸਹੀ ਢੰਗ ਨਾਲ ਦਰਜ ਕਰਵਾਉਣਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਜਨਗਣਨਾ ਦੇ ਅੰਕੜਿਆਂ ਰਾਹੀਂ ਸਰਕਾਰ ਤੇ ਹੋਰ ਸੰਸਥਾਵਾਂ ਨੂੰ ਵੱਖ-ਵੱਖ ਭਾਈਚਾਰਿਆਂ ਦੀ ਭਾਸ਼ਾਈ, ਸੱਭਿਆਚਾਰਕ ਤੇ ਧਾਰਮਿਕ ਮੌਜੂਦਗੀ ਬਾਰੇ ਤਸਵੀਰ ਮਿਲਦੀ ਹੈ। ਇਨ੍ਹਾਂ ਅੰਕੜਿਆਂ ਦੀ ਵਰਤੋਂ ਭਵਿੱਖ ਦੀਆਂ ਨੀਤੀਆਂ, ਕਮਿਊਨਿਟੀ ਸੇਵਾਵਾਂ ਤੇ ਸਰਕਾਰੀ ਯੋਜਨਾਬੰਦੀ ’ਚ ਕੀਤੀ ਜਾਂਦੀ ਹੈ। ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ ਵੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਘਰ ਵਿਚ ਪੰਜਾਬੀ ਭਾਸ਼ਾ ਵਰਤੀ ਜਾਂਦੀ ਹੈ ਤਾਂ ਭਾਸ਼ਾ ਵਾਲੇ ਸਵਾਲ ਵਿਚ ਆਪਣੀ ਅਸਲ ਭਾਸ਼ਾ ਪੰਜਾਬੀ ਦਰਜ ਕਰਨੀ ਚਾਹੀਦੀ ਹੈ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਅਨੁਸਾਰ ਘਰ ਵਿਚ ਵਰਤੀ ਜਾਣ ਵਾਲੀ ਭਾਸ਼ਾ ਦਾ ਸਵਾਲ ਆਸਟ੍ਰੇਲੀਆ ਵਿਚ ਅੰਗਰੇਜ਼ੀ ਤੋਂ ਇਲਾਵਾ ਵਰਤੀਆਂ ਜਾਣ ਵਾਲੀਆਂ ਭਾਸ਼ਾਵਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਹੈ। ਜਨਗਣਨਾ ਦੇ ‘ਵੰਸ਼’ ਵਾਲੇ ਸਵਾਲ ’ਚ ਹਰ ਵਿਅਕਤੀ ਨੂੰ ਆਪਣੀ ਅਸਲ ਸੱਭਿਆਚਾਰਕ/ਵੰਸ਼ੀ ਵਿਰਾਸਤ ਅਨੁਸਾਰ ਜਵਾਬ ਦੇਣਾ ਚਾਹੀਦਾ ਹੈ। ‘ਵੰਸ਼’ ਦੇ ਸਵਾਲ ’ਚ ਸਿੱਖ ਤੇ ਪੰਜਾਬੀ ਦੋਨੋਂ ਭਰਨੇ ਹੋਣਗੇ। 2021 ਦੀ ਜਨਗਣਨਾ ਵਿਚ ਆਸਟ੍ਰੇਲੀਆ ਭਰ ’ਚ 2,39,033 ਲੋਕਾਂ ਨੇ ਘਰ ’ਚ ਪੰਜਾਬੀ ਵਰਤਣ ਦੀ ਜਾਣਕਾਰੀ ਦਿੱਤੀ ਸੀ, ਜਿਸ ਨਾਲ ਪੰਜਾਬੀ ਦੇਸ਼ ਦੀਆਂ ਪ੍ਰਮੁੱਖ ਗੈਰ-ਅੰਗਰੇਜ਼ੀ ਭਾਸ਼ਾਵਾਂ ਵਿਚ ਸ਼ਾਮਲ ਹੋਈ। ਇੱਥੇ ਗੋਰਤਲਬ ਹੈ ਕੇ ਇਹ ਸਿਰਫ਼ ਇਕ ਫਾਰਮ ਭਰਨ ਦੀ ਕਾਰਵਾਈ ਨਹੀਂ, ਸਗੋਂ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਸਮਾਜ ਵਿਚ ਆਪਣੀ ਭਾਸ਼ਾ, ਵਿਰਾਸਤ ਤੇ ਪਛਾਣ ਨੂੰ ਅੰਕੜਿਆਂ ਵਿਚ ਦਰਜ ਕਰਵਾਉਣ ਦਾ ਇੱਕ ਮਹੱਤਵਪੂਰਨ ਮੌਕਾ ਹੈ।