10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

54.7 ਕਰੋੜ ਡਾਲਰ ਦੇ ਮੈਡੀਕੇਅਰ ਘਪਲੇ ਦਾ ਮੁੱਖ ਦੋਸ਼ੀ ਐਫ.ਬੀ.ਆਈ. ਦੀ ‘ਮੋਸਟ ਵਾਂਟੇਡ’ ਸੂਚੀ ’ਚ

ਅਜੀਤ ਡੈਸਕ 10-07-2026
ਨਿਊਯਾਰਕ, 9 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕਾ ਵਿਚ ਸਿਹਤ ਸੇਵਾਵਾਂ ਨਾਲ ਜੁੜੇ ਸਭ ਤੋਂ ਵੱਡੇ ਵਿੱਤੀ ਘਪਲਿਆਂ ਵਿਚੋਂ ਇੱਕ ਮਾਮਲੇ ਵਿਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫ. ਬੀ. ਆਈ.) ਨੇ ਖਾਲਿਦ ਅਹਿਮਦ ਸਤਾਰੀ ਨੂੰ ਆਪਣੀ ‘ਅਤੀ ਲੋੜੀਂਦੇ ਧੋਖਾਧੜੀਆਂ’ ਦੀ ਸੂਚੀ ਵਿਚ ਸ਼ਾਮਲ ਕਰ ਦਿੱਤਾ ਹੈ। ਉਸ ਦੀ ਗ੍ਰਿਫ਼ਤਾਰੀ ਅਤੇ ਸਜ਼ਾ ਦਿਵਾਉਣ ਵਿੱਚ ਮਦਦਗਾਰ ਜਾਣਕਾਰੀ ਦੇਣ ਵਾਲੇ ਲਈ 1,50,000 ਅਮਰੀਕੀ ਡਾਲਰ ਤੱਕ ਇਨਾਮ ਰੱਖਿਆ ਗਿਆ ਹੈ। ਐਫ.ਬੀ.ਆਈ. ਦੇ ਦੋਸ਼ਾਂ ਅਨੁਸਾਰ ਸਤਾਰੀ ਨੇ 2016 ਤੋਂ 2019 ਤੱਕ ਅਮਰੀਕਾ ਵਿਚ ਕਈ ਜੈਨੇਟਿਕ ਟੈਸਟਿੰਗ ਲੈਬਾਂ ਚਲਾਈਆਂ ਅਤੇ ਇੱਕ ਸੁਚੱਜੀ ਸਾਜ਼ਿਸ਼ ਰਾਹੀਂ ਮੈਡੀਕੇਅਰ ਨੂੰ 54.7 ਕਰੋੜ ਡਾਲਰ ਤੋਂ ਵੱਧ ਦੇ ਜਾਅਲੀ ਅਤੇ ਗੈਰ-ਜ਼ਰੂਰੀ ਜੈਨੇਟਿਕ ਟੈਸਟਾਂ ਦੇ ਬਿੱਲ ਭੇਜੇ। ਜਾਂਚ ਵਿਚ ਸਾਹਮਣੇ ਆਇਆ ਕਿ ਮਰੀਜ਼ਾਂ ਨੂੰ ਟੈਲੀਮਾਰਕੀਟਿੰਗ ਕੰਪਨੀਆਂ, ਟੈਲੀਮੈਡੀਸਿਨ ਨੈੱਟਵਰਕ ਅਤੇ ਪੇਸ਼ੇਵਰ ਰਿਕਰੂਟਰਾਂ ਰਾਹੀਂ ਲੱਭਿਆ ਜਾਂਦਾ ਸੀ, ਜਦਕਿ ਡਾਕਟਰਾਂ ਅਤੇ ਹੋਰ ਲੋਕਾਂ ਨੂੰ ਲੱਖਾਂ ਡਾਲਰ ਦੇ ਗੈਰਕਾਨੂੰਨੀ ਕਿਕਬੈਕ ਅਤੇ ਰਿਸ਼ਵਤਾਂ ਦਿੱਤੀਆਂ ਜਾਂਦੀਆਂ ਸਨ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਹਰ ਇੱਕ ਜੈਨੇਟਿਕ ਟੈਸਟ ਦੇ ਬਦਲੇ ਮੈਡੀਕੇਅਰ ਤੋਂ 10 ਹਜ਼ਾਰ ਤੋਂ 20 ਹਜ਼ਾਰ ਡਾਲਰ ਤੱਕ ਦੀ ਅਦਾਇਗੀ ਲਈ ਗਈ, ਜਿਸ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਿਆ। ਸਤਾਰੀ ਖ਼ਿਲਾਫ਼ 2019 ਵਿੱਚ ਹੈਲਥ ਕੇਅਰ ਫਰੌਡ, ਵਾਇਰ ਫਰੌਡ, ਮਨੀ ਲਾਂਡਰਿੰਗ, ਅਮਰੀਕੀ ਸਰਕਾਰ ਨਾਲ ਧੋਖਾਧੜੀ ਅਤੇ ਗੈਰਕਾਨੂੰਨੀ ਕਿਕਬੈਕ ਦੇਣ-ਲੈਣ ਸਮੇਤ ਕਈ ਫੈਡਰਲ ਦੋਸ਼ ਦਰਜ ਕੀਤੇ ਗਏ ਸਨ। ਜ਼ਮਾਨਤ ਮਿਲਣ ਤੋਂ ਬਾਅਦ ਵੀ ਉਸ ’ਤੇ ਮੁੜ ਧੋਖਾਧੜੀ ਵਾਲੀਆਂ ਗਤੀਵਿਧੀਆਂ ਜਾਰੀ ਰੱਖਣ ਦੇ ਦੋਸ਼ ਲੱਗੇ, ਜਿਸ ਤੋਂ ਬਾਅਦ 2022 ਵਿਚ ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਗਿਆ। ਐਫ.ਬੀ.ਆਈ. ਮੁਤਾਬਕ ਖਾਲਿਦ ਸਤਾਰੀ ਦੇ ਸੰਬੰਧ ਫਲੋਰੀਡਾ ਦੇ ਡੈਲਰੇ ਬੀਚ ਨਾਲ ਹਨ ਅਤੇ ਉਹ ਹਿਊਸਟਨ, ਐਟਲਾਂਟਾ, ਦੁਬਈ, ਜਾਰਡਨ ਅਤੇ ਇਜ਼ਰਾਈਲ/ਫ਼ਲਸਤੀਨ ਖੇਤਰ ਵਿੱਚ ਵੀ ਜਾ ਸਕਦਾ ਹੈ।
ਪਿਛਲੀ ਖ਼ਬਰ ਐਮਬਾਪੇ ਖ਼ਿਲਾਫ਼ ਨਸਲੀ ਟਿੱਪਣੀਆਂ ’ਤੇ ਵਿਵਾਦ ਹੋਰ ਭਖਿਆ ਅਗਲੀ ਖ਼ਬਰ ਆਪਣੇ ਬੱਚੇ ਦੀ ਕਾਤਲ ਰੋਜ਼ਦੀਪ ਨੂੰ ਸਥਾਨਕ ਲੋਕਾਂ ਨੇ ਘੇਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।