01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਲੰਡਨ ਇੰਡੀਅਨ ਫ਼ਿਲਮ ਫੈਸਟੀਵਲ 2026 ’ਚ ਮਨਾਇਆ ਜਾਵੇਗਾ ਫ਼ਿਲਮ ‘ਲਗਾਨ’ ਦੇ 25 ਸਾਲ ਪੂਰੇ ਹੋਣ ਦਾ ਜਸ਼ਨ

ਅਜੀਤ ਡੈਸਕ 05-07-2026
ਲੰਡਨ, 4 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਲਾਨਾ ਲੰਡਨ ਇੰਡੀਅਨ ਫ਼ਿਲਮ ਫੈਸਟੀਵਲ ’ਚ ਫ਼ਿਲਮ ‘ਲਗਾਨ’ ਦੀ 25ਵੀਂ ਵਰ੍ਹੇਗੰਢ ਦੇ ਮੌਕੇ ’ਤੇ ਇਸਦੀ ਇਕ ਵਿਸ਼ੇਸ਼ ਆਈ ਮੈਕਸ ਸਕ੍ਰੀਨਿੰਗ ਕੀਤੀ ਜਾਵੇਗੀ ਤੇ ਫ਼ਿਲਮ ਦੇ ਮੁੱਖ ਅਦਾਕਾਰ ਤੇ ਨਿਰਮਾਤਾ ਆਮਿਰ ਖ਼ਾਨ ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚ ਰਹੇ ਹਨ। ਜਿਹਨਾਂ ਨਾਲ ਇਕ ਵਿਸ਼ੇਸ਼ ਗੱਲਬਾਤ ਦਾ ਆਯੋਜਨ ਕੀਤਾ ਜਾਵੇਗਾ। ਹੁਣ ਆਪਣੇ 17ਵੇਂ ਸਾਲ ’ਚ ਪ੍ਰਵੇਸ਼ ਕਰ ਚੁੱਕੇ ਇਸ ਫੈਸਟੀਵਲ ਦੀ ਸ਼ੁਰੂਆਤ ਅਗਲੇ ਹਫ਼ਤੇ ਫ਼ਿਲਮ ‘52 ਬਲੂ’ ਦੇ ਯੂਰਪੀਅਨ ਪ੍ਰੀਮੀਅਰ ਨਾਲ ਹੋਵੇਗੀ। ਇਸ ਫ਼ਿਲਮ ’ਚ ਆਦਿਲ ਹੁਸੈਨ ਅਤੇ ਨੇਹਾ ਧੂਪੀਆ ਮੁੱਖ ਭੂਮਿਕਾਵਾਂ ’ਚ ਹਨ ਤੇ ਇਸਦਾ ਨਿਰਦੇਸ਼ਨ ਮਿਸਰ ਦੇ ਮਸ਼ਹੂਰ ਫ਼ਿਲਮਸਾਜ਼ ਅਲੀ ਅਲ ਅਰਬੀ ਨੇ ਕੀਤਾ ਹੈ। ਯੂ.ਕੇ. ਦੇ 6 ਵੱਖ-ਵੱਖ ਸ਼ਹਿਰਾਂ ਵਿਚ ‘ਲਿਫ’ 2026 ’ਚ ਪਹਿਲੀ ਵਾਰ ਭਾਰਤੀ ਫ਼ਿਲਮਾਂ ਦੀ ਇਕ ਅਜਿਹੀ ਨਵੀਂ ਪੀੜ੍ਹੀ ਦੀਆਂ ਫ਼ਿਲਮਾਂ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ, ਜਿਨ੍ਹਾਂ ਨੇ ਆਪਣੀ ਸਿਰਜਣਾਤਮਕ ਪ੍ਰਕਿਰਿਆ ’ਚ ਏ.ਆਈ. ਦੀ ਵਰਤੋਂ ਕੀਤੀ ਹੈ। ਆਮਿਰ ਖ਼ਾਨ ਨੇ ਫੈਸਟੀਵਲ ਤੋਂ ਪਹਿਲਾਂ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ‘ਲਗਾਨ’ ਨੂੰ ਬਹੁਤ ਭਰੋਸੇ, ਜਨੂੰਨ ਅਤੇ ਇਮਾਨਦਾਰੀ ਨਾਲ ਬਣਾਇਆ ਸੀ, ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਨੂੰ ਇੰਨੇ ਸਾਲਾਂ ਬਾਅਦ ਵੀ ਇੰਨਾ ਪਿਆਰ ਮਿਲੇਗਾ ਤੇ ਮਿਲਦਾ ਰਹੇਗਾ। ਉਨ੍ਹਾਂ ਕਿਹਾ ਕਿ “ਮੈਨੂੰ ਸੱਚਮੁੱਚ ਬਹੁਤ ਖੁਸ਼ੀ ਹੈ ਕਿ ਇਸ ਇਤਿਹਾਸਕ ਪੜਾਅ ਨੂੰ ਬੀ.ਐੱਫ.ਆਈ. (ਬ੍ਰਿਟਿਸ਼ ਫ਼ਿਲਮ ਇੰਸਟੀਚਿਊਟ) ਵਿਚ ਸਕ੍ਰੀਨਿੰਗ ਦੇ ਨਾਲ ਮਨਾਇਆ ਜਾ ਰਿਹਾ ਹੈ। ‘ਲਗਾਨ’ ਨੂੰ ਅੱਜ ਵੀ ਵੱਖ-ਵੱਖ ਪੀੜ੍ਹੀਆਂ ਤੇ ਵੱਖ-ਵੱਖ ਦੇਸ਼ਾਂ ਦੇ ਦਰਸ਼ਕਾਂ ਨਾਲ ਜੁੜਦੇ ਹੋਏ ਦੇਖਣਾ ਬਹੁਤ ਖ਼ਾਸ ਅਹਿਸਾਸ ਹੈ।”



ਇਸ ਕਲਾਸਿਕ ਫ਼ਿਲਮ ਦੇ ਨਾਲ-ਨਾਲ, ਫੈਸਟੀਵਲ ਵਿੱਚ ਪ੍ਰਿਯੰਕਾ ਸਾਹਾ ਦੀ ਪਹਿਲੀ ਫ਼ੀਚਰ ਫ਼ਿਲਮ “ਅਨਮੋਲ - ਲਵਿੰਗਲੀ ਯੂਅਰਜ਼” ਦਾ ਅੰਤਰਰਾਸ਼ਟਰੀ ਪ੍ਰੀਮੀਅਰ ਵੀ ਹੋਵੇਗਾ। ਇਸ ਫ਼ਿਲਮ ਵਿੱਚ ਨੌਜਵਾਨ ਮਾਪਿਆਂ ਦੀ ਉਸ ਵੇਲੇ ਬਹੁਤ ਵੱਡੀ ਪ੍ਰੀਖਿਆ ਹੁੰਦੀ ਹੈ ਜਦੋਂ ਉਨ੍ਹਾਂ ਦੇ ਨਵਜੰਮੇ ਬੱਚੇ ਦੀ ਲਿੰਗ ਪਛਾਣ ਉਨ੍ਹਾਂ ਨੂੰ ਆਪਣੀਆਂ ਹੀ ਮਾਨਤਾਵਾਂ ਅਤੇ ਪੱਖਪਾਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਿੰਦੀ ਹੈ। ਮੁੰਬਈ ਦੀ ਰਹਿਣ ਵਾਲੀ ਸਾਹਾ ਨੇ ਕਿਹਾ ਕਿ ਮੈਨੂੰ ਯਾਦ ਹੈ, ਮੈਂ ਬਚਪਨ ਦੀ ਇੱਕ ਅਜਿਹੀ ਕਹਾਣੀ ਵੱਲ ਹਮੇਸ਼ਾਂ ਆਕਰਸ਼ਿਤ ਰਹੀ ਹਾਂ ਜੋ ਸਿਰਫ਼ ਕਾਨਾਫੂਸੀਆਂ ਅਤੇ ਟੁਕੜਿਆਂ ਵਿੱਚ ਸੁਣਾਈ ਜਾਂਦੀ ਸੀ। ਮੈਂ ਗੰਭੀਰ ਸਮਾਜਿਕ ਮੁੱਦਿਆਂ ਨੂੰ ਉਭਾਰਨ, ਹਾਸ਼ੀਏ ‘ਤੇ ਪਏ ਲੋਕਾਂ ਦੀਆਂ ਆਵਾਜ਼ਾਂ ਨੂੰ ਬੁਲੰਦ ਕਰਨ ਅਤੇ ਸਿਨੇਮੈਟਿਕ ਕਹਾਣੀ ਸੁਣਾਉਣ ਦੇ ਦਾਇਰੇ ਨੂੰ ਵਧਾਉਣ ਲਈ ਆਪਣੇ ਮੰਚ ਦੀ ਵਰਤੋਂ ਕਰਨ ਲਈ ਵਚਨਬੱਧ ਹਾਂ। ਫੈਸਟੀਵਲ ਦੇ ਇੱਕ ‘ਸੈਂਟਰਲ ਗਾਲਾ’ ਵਿੱਚ 1990 ਦੇ ਦਹਾਕੇ ਦੇ ਪ੍ਰਸਿੱਧ ਟੈਲੀਵਿਜ਼ਨ ਹਿੱਟ ਸ਼ੋਅ “ਗੁੱਡਨੈੱਸ ਗ੍ਰੇਸ਼ੀਅਸ ਮੀ” ਦੇ ਪਿੱਛੇ ਰਹੇ ਯੂ ਕੇ ਦੇ ਸਭ ਤੋਂ ਮਸ਼ਹੂਰ ਦੱਖਣੀ ਏਸ਼ੀਆਈ ਵਿਰਾਸਤ ਦੇ ਹਾਸਰਸ ਕਲਾਕਾਰ ਸੰਜੀਵ ਭਾਸਕਰ, ਮੀਰਾ ਸਿਆਲ, ਨੀਨਾ ਵਾਡੀਆ ਅਤੇ ਕੁਲਵਿੰਦਰ ਘੀਰ ਦਾ ਸਟੇਜ ‘ਤੇ ਇੱਕ ਇਤਿਹਾਸਕ ਪੁਨਰ-ਮਿਲਣ ਦੇਖਣ ਨੂੰ ਮਿਲੇਗਾ।
ਇਸ ਦੇ ਨਾਲ ਹੀ ‘ਰਿਸਟੋਰੇਸ਼ਨਜ਼’ ਸੈਕਸ਼ਨ ਦੇ ਤਹਿਤ ਫ਼ਿਲਮ “ਇਨ ਵਿਚ ਐਨੀ ਗਿਵਸ ਇਟ ਦੋਜ਼ ਵਨਜ਼” ਦੀ ਸਕ੍ਰੀਨਿੰਗ ਹੋਵੇਗੀ। ਬੁਕਰ ਪੁਰਸਕਾਰ ਜੇਤੂ ਅਰੁੰਧਤੀ ਰਾਏ ਦੁਆਰਾ ਲਿਖੀ ਇਹ ਫ਼ਿਲਮ 1970 ਦੇ ਦਹਾਕੇ ਦੇ ਮੱਧ ਵਿੱਚ ਦਿੱਲੀ ਦੇ ਇੱਕ ਆਰਕੀਟੈਕਚਰ ਸਕੂਲ ਵਿੱਚ ਵਿਦਿਆਰਥੀਆਂ ਦੇ ਬੇਫਿਕਰੇ ਜੀਵਨ ਨੂੰ ਦਰਸਾਉਂਦੀ ਹੈ। ‘ਲਿਫ’ ਦੇ ਸੀ.ਈ.ਓ ਅਤੇ ਪ੍ਰੋਗਰਾਮਿੰਗ ਡਾਇਰੈਕਟਰ ਕੈਰੀ ਰਾਜਿੰਦਰ ਸਾਹਨੀ ਨੇ ਕਿਹਾ, “ਦੁਨੀਆ ਦੇ ਕੁਝ ਸਭ ਤੋਂ ਬਿਹਤਰੀਨ ਫ਼ਿਲਮ ਫੈਸਟੀਵਲਾਂ ਵਿੱਚੋਂ ਸੁਤੰਤਰ ਸਿਨੇਮਾ ਦੇ ਸ਼ਾਨਦਾਰ ਹੀਰਿਆਂ ਨੂੰ ਸਾਡੇ ਪੰਜ-ਸ਼ਹਿਰਾਂ ਦੇ ਫੈਸਟੀਵਲ ਵਿੱਚ ਇਕੱਠੇ ਲਿਆਉਣਾ ਦਰਸ਼ਕਾਂ ਲਈ ਇੱਕ ਤੋਹਫ਼ਾ ਹੈ। ਇਹ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਖੇਤਰ ਦੀ ਅਮੀਰ ਸਿਰਜਣਾਤਮਕਤਾ ਦਾ ਅਨੁਭਵ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ।
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸਕੱਤਰ ਜਨਰਲ ਮਨਦੀਪ ਸਿੰਘ ਸਿੱਧੂ ਦਾ ਇੰਗਲੈਂਡ ਪਹੁੰਚਣ ’ਤੇ ਨਿੱਘਾ ਸਵਾਗਤ ਅਗਲੀ ਖ਼ਬਰ ਮੈਲਬੌਰਨ ’ਚ ਪੰਜਾਬੀ ਨੌਜਵਾਨ ’ਤੇ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।