ਗਲਾਸਗੋ, 23 ਜੂਨ (ਹਰਜੀਤ ਸਿੰਘ ਦੁਸਾਂਝ ਪੁਆਦੜਾ) - ਸਕਾਟਲੈਂਡ ਵਿੱਚ ਸੱਤਾਧਾਰੀ ਸਕਾਟਿਸ਼ ਨੈਸ਼ਨਲ ਪਾਰਟੀ ਦੇ ਸਾਬਕਾ ਮੁੱਖ ਕਾਰਜਕਾਰੀ ਪੀਟਰ ਮੁਰਿੱਲ ਨੂੰ ਪਾਰਟੀ ਦੇ ਚਾਰ ਲੱਖ ਪੌਂਡ ਤੋਂ ਵੱਧ ਫੰਡਾਂ ਦੀ ਹੇਰਾਫੇਰੀ ਕਰਨ ਦੇ ਮਾਮਲੇ ਵਿੱਚ ਪੰਜ ਸਾਲ ਤਿੰਨ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਫੈਸਲਾ ਐਡਿਨਬਰਗ ਹਾਈ ਕੋਰਟ ਨੇ ਮੰਗਲਵਾਰ ਨੂੰ ਸੁਣਾਇਆ। ਅਦਾਲਤ ਵਿੱਚ ਮੁਰੈਲ ਨੇ ਮੰਨਿਆ ਸੀ ਕਿ ਉਸ ਨੇ 2010 ਤੋਂ 2023 ਦਰਮਿਆਨ ਪਾਰਟੀ ਦੇ ਚਾਰ ਲੱਖ ਪੌਂਡ ਤੋਂ ਵੱਧ ਫੰਡ ਨਿੱਜੀ ਖਰਚਿਆਂ ਲਈ ਵਰਤੇ। ਜਾਂਚ ਮੁਤਾਬਕ ਰਕਮ ਮਹਿੰਗੇ ਵਾਹਨਾਂ, ਸਵਾ ਲੱਖ ਪੌਂਡ ਦਾ ਇੱਕ ਮੋਟਰਹੋਮ, ਲਗਜ਼ਰੀ ਘੜੀਆਂ, ਕਾਸਮੈਟਿਕਸ ਅਤੇ ਹੋਰ ਨਿੱਜੀ ਸਮਾਨ ਦੀ ਖਰੀਦ ਲਈ ਵਰਤੀ ਗਈ। ਸਜ਼ਾ ਸੁਣਾਉਂਦੇ ਹੋਏ ਲਾਰਡ ਯੰਗ ਨੇ ਇਸ ਨੂੰ ਸੋਚ ਸਮਝ ਕੇ ਕੀਤਾ ਗਿਆ ਬੇਈਮਾਨੀ ਦਾ ਅਪਰਾਧ ਅਤੇ ਭਰੋਸੇ ਦੀ ਗੰਭੀਰ ਉਲੰਘਣਾ ਕਰਾਰ ਦਿੱਤਾ। ਅਦਾਲਤ ਨੇ ਕਿਹਾ ਕਿ ਵੱਡੀਆਂ ਸੰਸਥਾਵਾਂ ਵਿੱਚ ਉੱਚ ਅਹੁਦਿਆਂ ‘ਤੇ ਬੈਠੇ ਲੋਕਾਂ ਵੱਲੋਂ ਅਧਿਕਾਰਾਂ ਦੇ ਦੁਰਵਰਤੋਂ ਨੂੰ ਰੋਕਣ ਲਈ ਅਜਿਹੀ ਸਜ਼ਾ ਲਾਜ਼ਮੀ ਹੈ। ਪੀਟਰ ਮੁਰਿੱਲ ਸਕਾਟਲੈਂਡ ਦੀ ਸਾਬਕਾ ਪਹਿਲੀ ਮੰਤਰੀ ਨਿਕੋਲਾ ਸਟਰਜਨ ਦੇ ਸਾਬਕਾ ਪਤੀ ਹਨ। ਸਟਰਜਨ ਨੇ ਪਹਿਲਾਂ ਹੀ ਕਿਹਾ ਸੀ ਕਿ ਉਨ੍ਹਾਂ ਨੂੰ ਮੁਰੈਲ ਵੱਲੋਂ ਪਾਰਟੀ ਦੇ ਪੈਸੇ ਦੀ ਗਲਤ ਵਰਤੋਂ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਸਾਬਕਾ ਸਕਾਟਿਸ਼ ਨੈਸ਼ਨਲ ਪਾਰਟੀ ਮੁਖੀ ਨੂੰ ਫੰਡਾਂ ਦੀ ਹੇਰਾਫੇਰੀ ਮਾਮਲੇ ਵਿੱਚ 5 ਸਾਲ ਕੈਦ
ਅਜੀਤ ਡੈਸਕ
24-06-2026