01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਜਹਾਜ਼ ਦੇ ਲੈਂਡਿੰਗ ਗੀਅਰ ਵਿਚ ਲੁਕ ਕੇ ਬਰਤਾਨੀਆ ਆਉਣ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਦੀ ਮੌਤ

ਅਜੀਤ ਡੈਸਕ 19-06-2026
ਲੈਸਟਰ (ਇੰਗਲੈਂਡ), 18 ਜੂਨ (ਸੁਖਜਿੰਦਰ ਸਿੰਘ ਢੱਡੇ)- ਮੋਰੱਕੋ ਤੋਂ ਬਰਤਾਨੀਆ ਆ ਰਹੇ ਇੱਕ ਯਾਤਰੀ ਜਹਾਜ਼ ਦੇ ਲੈਂਡਿੰਗ ਗੀਅਰ ਵਿੱਚ ਲੁਕ ਕੇ ਸਫ਼ਰ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਮੋਰੱਕੋ ਦੇ ਤਾਂਜੀਅਰ ਸ਼ਹਿਰ ਤੋਂ ਇੰਗਲੈਂਡ ਦੇ ਗੈਟਵਿਕ ਹਵਾਈ ਅੱਡੇ ਪਹੁੰਚੀ ਏਅਰ ਅਰਬੀਆ ਮੋਰੱਕੋ ਦੀ ਉਡਾਣ ਦੇ ਲੈਂਡਿੰਗ ਗੀਅਰ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਉਸ ਦੇ ਅੰਡਰਕੈਰੇਜ (ਲੈਂਡਿੰਗ ਗੀਅਰ) ਵਿੱਚ ਲੁਕ ਗਿਆ ਸੀ। ਜਹਾਜ਼ ਦੇ ਗੈਟਵਿਕ ਹਵਾਈ ਅੱਡੇ ‘ਤੇ ਉਤਰਣ ਮਗਰੋਂ ਕਰੀਬ 11:45 ਵਜੇ ਕਰਮਚਾਰੀਆਂ ਨੂੰ ਲਾਸ਼ ਮਿਲੀ, ਜਿਸ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮਾਹਿਰਾਂ ਅਨੁਸਾਰ ਲੈਂਡਿੰਗ ਗੀਅਰ ਵਿੱਚ ਲੁਕ ਕੇ ਸਫ਼ਰ ਕਰਨਾ ਬੇਹੱਦ ਖ਼ਤਰਨਾਕ ਹੁੰਦਾ ਹੈ। ਉਡਾਣ ਦੌਰਾਨ ਲੈਂਡਿੰਗ ਗੀਅਰ ਅੰਦਰ ਸਮੇਟਿਆ ਜਾਂਦਾ ਹੈ, ਜਿਸ ਕਾਰਨ ਵਿਅਕਤੀ ਦੇ ਕੁਚਲੇ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਉੱਚਾਈ ‘ਤੇ ਬਹੁਤ ਘੱਟ ਤਾਪਮਾਨ, ਆਕਸੀਜਨ ਦੀ ਕਮੀ ਅਤੇ ਹਵਾ ਦੇ ਘੱਟ ਦਬਾਅ ਕਾਰਨ ਵੀ ਜਾਨ ਜਾਣ ਦੀ ਸੰਭਾਵਨਾ ਹੁੰਦੀ ਹੈ। ਏਅਰ ਅਰਬੀਆ ਮੋਰੱਕੋ ਦੇ ਬੁਲਾਰੇ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਕੰਪਨੀ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੁਖਦਾਈ ਘਟਨਾ ਨਾਲ ਪ੍ਰਭਾਵਿਤ ਸਾਰੇ ਲੋਕਾਂ ਪ੍ਰਤੀ ਉਨ੍ਹਾਂ ਦੀਆਂ ਹਮਦਰਦੀਆਂ ਹਨ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੋਰੋਨਰ ਨੂੰ ਰਿਪੋਰਟ ਭੇਜੀ ਜਾਵੇਗੀ। ਉੱਧਰ ਗੈਟਵਿਕ ਹਵਾਈ ਅੱਡਾ ਪ੍ਰਬੰਧਨ ਨੇ ਵੀ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਹਵਾਈ ਅੱਡੇ ਦੀਆਂ ਐਮਰਜੈਂਸੀ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਪੁਲਿਸ ਅਤੇ ਹੋਰ ਅਧਿਕਾਰੀਆਂ ਦੀ ਸਹਾਇਤਾ ਕੀਤੀ।
ਪਿਛਲੀ ਖ਼ਬਰ ਪੌਲੀਨ ਹੈਨਸਨ ਵੱਲੋਂ ਨਸਲੀ ਬਿਆਨਬਾਜ਼ੀ ਅਗਲੀ ਖ਼ਬਰ ‘ਫੀਫਾ ਵਿਸ਼ਵ ਕੱਪ’ ਦੇ ਰੰਗ ‘ਚ ਰੰਗਿਆ ਜਾ ਚੁੱਕਿਐ ਵੈਨਕੂਵਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।