01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

‘ਫੀਫਾ ਵਿਸ਼ਵ ਕੱਪ’ ਦੇ ਰੰਗ ‘ਚ ਰੰਗਿਆ ਜਾ ਚੁੱਕਿਐ ਵੈਨਕੂਵਰ

ਅਜੀਤ ਡੈਸਕ 19-06-2026
ਵੈਨਕੂਵਰ, 18 ਜੂਨ (ਮਲਕੀਤ ਸਿੰਘ)-’ਫ਼ੀਫ਼ਾ ਵਿਸ਼ਵ ਕੱਪ 2026’ ਦੀ ਮੇਜ਼ਬਾਨੀ ਕਰ ਰਹੇ ਕੈਨੇਡਾ ਦਾ ਮਹਾਨਗਰ ਵੈਨਕੂਵਰ ਫੁੱਟਬਾਲ ਦੇ ਇਸ ਮਹਾਕੁੰਭ ‘ਚ ਪੂਰੀ ਤਰ੍ਹਾਂ ਰੰਗਿਆ ਜਾ ਚੁੱਕਿਆ ਹੈ । ‘ਅਜੀਤ’ ਦੇ ਉਕਤ ਪੱਤਰਕਾਰ ਵੱਲੋਂ ਅੱਜ ਵੈਨਕੂਵਰ ਦੇ ਵੱਖ ਵੱਖ ਹਿੱਸਿਆਂ ਦੇ ਕੀਤੇ ਗਏ ਸੰਖੇਪਕ ਦੌਰੇ ਦੌਰਾਨ ਵੇਖਿਆ ਗਿਆ ਕਿ ਵਿਸ਼ਵ ਕੱਪ ਕਾਰਨ ਵੈਨਕੂਵਰ ਦੇ ਪ੍ਰਾਹੁਣਚਾਰੀ ਖੇਤਰ ਡਾਊਨ ਟਾਊਨ ਵਿੱਚ ਵੀ ਰੌਣਕ ਕਾਫ਼ੀ ਵਧ ਗਈ ਹੈ। ਸ਼ਹਿਰ ਵਿੱਚ ਕਰੀਬ 78 ਹੋਟਲਾਂ ਚੋਂ ਬਹੁਗਿਣਤੀ ਹੋਟਲ ਸੈਲਾਨੀਆਂ ਦੀ ਆਰਜੀ ਰਿਹਾਇਸ਼ ਲਈ ਬੁੱਕ ਹੋ ਚੁੱਕੇ ਹਨ। ਮੈਚਾਂ ਵਾਲੇ ਦਿਨ ਦੇਸ਼-ਵਿਦੇਸ਼ ਤੋਂ ਪੁੱਜ ਰਹੇ ਹੋਰਨਾਂ ਦਰਸ਼ਕਾਂ ਕਾਰਨ ਹੋਟਲਾਂ ਵਿੱਚ ਕਮਰਿਆਂ ਦੀ ਮੰਗ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਵੈਨਕੂਵਰ ਦੇ ਡਾਊਨਟਾਊਨ ਇਲਾਕੇ ਵਿੱਚ ਸਥਿਤ ਰੋਬਸਨ ਸਟਰੀਟ, ਗ੍ਰੈਨਵਿਲ ਸਟਰੀਟ, ਯੇਲਟਾਊਨ, ਗੈਸਟਾਊਨ, ਕੈਨੇਡਾ ਪਲੇਸ ਅਤੇ ਬੀਸੀ ਪਲੇਸ ਦੇ ਆਲੇ-ਦੁਆਲੇ ਸਭ ਤੋਂ ਵੱਧ ਰੌਣਕ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਇਲਾਕਿਆਂ ਦੇ ਸੈਂਕੜੇ ਰੈਸਟੋਰੈਂਟਾਂ, ਬਾਰਾਂ ਅਤੇ ਕੈਫ਼ਿਆਂ ਵਿੱਚ ਵੱਡੀਆਂ ਐਲਈਡੀ ਸਕ੍ਰੀਨਾਂ ਲਗਾ ਕੇ ਮੈਚਾਂ ਦੇ ਸਿੱਧੇ ਪ੍ਰਸਾਰਣ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਕਈ ਕਾਰੋਬਾਰੀਆਂ ਨੇ ਆਪਣੇ ਕੰਮ ਦੇ ਘੰਟੇ ਵਧਾਉਣ ਦੇ ਨਾਲ-ਨਾਲ ਵਾਧੂ ਸਟਾਫ਼ ਵੀ ਤਾਇਨਾਤ ਕੀਤਾ ਗਿਆ ਹੈ।
‘ਫ਼ੀਫ਼ਾ ਵਿਸ਼ਵ ਕੱਪ’ ਦੇ ਮੱਦੇਨਜ਼ਰ ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ਦੇ ਨਾਲ-ਨਾਲ ਸਥਾਨਕ ਹਵਾਈ ਅੱਡਿਆਂ, ਸਕਾਈਟ੍ਰੇਨ ਦੇ ਮੁੱਖ ਮੈਟਰੋ ਸਟੇਸ਼ਨਾਂ, ਬੱਸ ਅੱਡਿਆਂ ਅਤੇ ਹੋਰ ਆਵਾਜਾਈ ਕੇਂਦਰਾਂ ‘ਤੇ ਵੀ ਦਰਸ਼ਕਾਂ ਦੀ ਚਹਿਲ-ਪਹਿਲ ਕਾਫ਼ੀ ਵਧ ਗਈ ਹੈ। ਵੱਖ-ਵੱਖ ਦੇਸ਼ਾਂ ਤੋਂ ਪੁੱਜ ਰਹੇ ਫੁੱਟਬਾਲ ਪ੍ਰੇਮੀ ਆਪਣੀਆਂ ਟੀਮਾਂ ਦੇ ਝੰਡੇ ਅਤੇ ਰੰਗ ਬਿਰੰਗੀਆਂ ਜਰਸੀਆਂ ਪਹਿਨੀ ਘੁੰਮਦੇ ਨਜ਼ਰ ਆ ਰਹੇ ਹਨ। ਮੈਚਾਂ ਵਾਲੇ ਦਿਨ ਬੀਸੀ ਪਲੇਸ ਦੇ ਆਲੇ-ਦੁਆਲੇ ਟਰੈਫ਼ਿਕ ਨੂੰ ਸੁਚਾਰੂ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ । ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਅਸਥਾਈ ਟਰੈਫ਼ਿਕ ਪਾਬੰਦੀਆਂ ਲਾਗੂ ਕੀਤੀਆਂ ਜਾਂਦੀਆਂ ਹਨ, ਜਦਕਿ ਪੈਦਲ ਯਾਤਰੀਆਂ ਲਈ ਵਿਸ਼ੇਸ਼ ਰਸਤੇ ਬਣਾਏ ਗਏ ਹਨ ਪੀਐਨਈ ਵਿਖੇ ਬਣਾਏ ਗਏ ਫ਼ੀਫ਼ਾ ਫੈਨ ਫੈਸਟੀਵਲ ਵਿੱਚ ਵਿਸ਼ਾਲ ਸਕਰੀਨਾਂ ਰਾਹੀਂ ਟੂਰਨਾਮੈਂਟ ਦੇ 70 ਤੋਂ ਵੱਧ ਮੈਚਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਲਗਭਗ 10 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਐਂਫੀਥੀਏਟਰ ਤੋਂ ਇਲਾਵਾ ਫੈਸਟੀਵਲ ਦੇ ਹੋਰ ਹਿੱਸਿਆਂ ਵਿੱਚ ਵੀ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਹਨ, ਜਿੱਥੇ ਹਰ ਰੋਜ਼ ਹਜ਼ਾਰਾਂ ਫੁੱਟਬਾਲ ਪ੍ਰੇਮੀ ਮੈਚਾਂ ਦਾ ਆਨੰਦ ਮਾਣ ਰਹੇ ਹਨ। ਇਸ ਦੌਰਾਨ 20 ਤੋਂ ਵੱਧ ਸੰਗੀਤਕ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਵੀ ਕਰਵਾਈਆਂ ਜਾ ਰਹੀਆਂ ਹਨ ਹੁਣ ਤੱਕ ਵੈਨਕੂਵਰ ਦੇ ਡਾਊਨ ਟਾਊਨ ਇਲਾਕੇ ਚ 3 ਲੱਖ ਦੇ ਕਰੀਬ ਸੈਲਾਨੀਆਂ ਦੇ ਪੁੱਜ ਜਾਣ ਦਾ ਅਨੁਮਾਨ ਕਿਆਸਿਆ ਜਾ ਰਿਹਾ ਹੈ ਜਦੋਂ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਗਿਣਤੀ ਹੋਰ ਵਧ ਸਕਦੀ ਹੈ। ਵੈਨਕੂਵਰ ਪੁਲਿਸ, ਸੁਰੱਖਿਆ ਕਰਮਚਾਰੀ ਅਤੇ ਵਲੰਟੀਅਰਾਂ ਦੀਆਂ ਟੀਮਾਂ ਵੀ ਮੈਚਾਂ ਵਾਲੇ ਦਿਨ ਭੀੜ ਦੇ ਪ੍ਰਬੰਧ, ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਮੁਸਤੈਦ ਹਨ ਸ਼ਹਿਰੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਦੌਰਾਨ ਆਉਣ ਵਾਲੇ ਹਰ ਦਰਸ਼ਕ ਨੂੰ ਸੁਰੱਖਿਅਤ ਅਤੇ ਸੁਖਦ ਅਨੁਭਵ ਦੇਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਕਾਰੋਬਾਰੀਆਂ ਦਾ ਮੰਨਣਾ ਹੈ ਕਿ ਫ਼ੀਫ਼ਾ ਵਿਸ਼ਵ ਕੱਪ ਕਾਰਨ ਹੋਟਲ, ਰੈਸਟੋਰੈਂਟ, ਬਾਰ, ਟੈਕਸੀ ਸੇਵਾਵਾਂ, ਪ੍ਰਚੂਨ ਵਪਾਰ ਅਤੇ ਸੈਰ-ਸਪਾਟਾ ਉਦਯੋਗ ਨੂੰ ਖਾਸਾ ਹੁਲਾਰਾ ਮਿਲ ਰਿਹਾ ਹੈ
ਪਿਛਲੀ ਖ਼ਬਰ ਜਹਾਜ਼ ਦੇ ਲੈਂਡਿੰਗ ਗੀਅਰ ਵਿਚ ਲੁਕ ਕੇ ਬਰਤਾਨੀਆ ਆਉਣ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਦੀ ਮੌਤ ਅਗਲੀ ਖ਼ਬਰ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਏ ਵਫਦ ਦਾ ਕੈਲਗਰੀ ਪਹੁੰਚਣ ’ਤੇ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।