09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਹੈਨਰੀ ਨੋਵਾਕ ਦੇ ਕਤਲ ਮਗਰੋਂ ਰੀਫੌਰਮ ਯੂ.ਕੇ. ਦੀ ਭੂਮਿਕਾ ਨੇ ਸਿੱਖਾਂ ਨੂੰ ਆਪਣੇ ਤੋਂ ਦੂਰ ਕੀਤਾ ਹੈ-ਸਿੱਖ ਫੈਡਰੇਸ਼ਨ ਯੂ.ਕੇ.

ਅਜੀਤ ਡੈਸਕ 19-06-2026
ਲੰਡਨ, 18 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹੈਨਰੀ ਨੋਵਾਕ ਦੀ ਹੱਤਿਆ ਦੇ ਮਾਮਲੇ ‘ਚ ਸਿੱਖ ਨੌਜਵਾਨ ਵਿਕਰਮ ਸਿੰਘ ਦਿਗਵਾ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਤੋਂ ਬਾਅਦ ਪੈਦਾ ਹੋਏ ਵਿਵਾਦ ਦਾ ਇੰਗਲੈਂਡ ਦੀ ਸਿਆਸਤ ‘ਤੇ ਸ਼ਪਸ਼ਟ ਅਸਰ ਵਿਖਾਈ ਦੇ ਰਿਹਾ ਹੈ। ਇੰਗਲੈਂਡ ਦੀਆਂ ਸਥਾਨਿਕ ਚੋਣਾਂ ਵਿਚ ਸਿੱਖ ਵੋਟਰਾਂ ਵੱਲੋਂ ਰਿਫੌਰਮ ਪਾਰਟੀ ਨੂੰ ਉਤਸ਼ਾਹ ਜਨਕ ਹੁੰਗਾਰਾ ਦਿੱਤਾ ਸੀ| ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਿੱਖ ਪਿਛੋਕੜ ਵਾਲੇ ਉਮੀਦਵਾਰਾਂ ਨੇ ਰਿਫੌਰਮ ਪਾਰਟੀ ਵੱਲੋਂ ਚੋਣਾਂ ਵੀ ਲੜ੍ਹੀਆਂ। ਲੇਕਨ ਕਿਰਪਾਨ ਨੂੰ ਲੈ ਕੇ ਰਿਫੌਰਮ ਦੇ ਨੇਤਾਵਾਂ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਬਾਅਦ ਸਿੱਖ ਪਿਛੋਕੜ ਵਾਲੇ ਰਿਫੌਰਮ ਦੇ ਸਮਰਥਕਾਂ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਸਿੱਖ ਫੈਡਰੇਸ਼ਨ ਯੂ.ਕੇ. ਦੇ ਆਗੂ ਭਾਈ ਦਬਿੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਰੀਫਾਰਮ ਯੂ.ਕੇ. ਤੇ ਲੇਬਰ ਵਿਚ ਸਿੱਖ ਵੋਟਰਾਂ ਲਈ ਇਕ ਵੱਡੀ ਲੜਾਈ ਚੱਲ ਰਹੀ ਹੈ| ਕੁਝ ਸਮਾਂ ਪਹਿਲਾਂ ਯੂ.ਕੇ. ਦੇ ਸਿੱਖਾਂ ਵਿਚ ਲੇਬਰ ਨੂੰ ਲੈ ਕੇ ਕੁਝ ਨਿਰਾਸ਼ਾ ਚੱਲ ਰਹੀ ਸੀ ਤੇ ਸਮਰਥਨ ਘੱਟ ਰਿਹਾ ਸੀ, ਜਦ ਕਿ ਰੀਫੌਰਮ ਯੂ.ਕੇ. ਵੱਲ ਕੁਝ ਥਾਵਾਂ ਤੇ ਸਿੱਖਾਂ ਦਾ ਝੁਕਾਅ ਵੱਧ ਰਿਹਾ ਸੀ| ਲੇਕਨ ਰੀਫੌਰਮ ਪਾਰਟੀ ਨੂੰ ਆਪਣੇ ਹੀ ਸਿੱਖ ਮੈਂਬਰਾਂ ਵੱਲੋਂ ਜ਼ਿਆ ਯੂਸੁਫ਼ ਦੀ ਉਸ ਧਮਕੀ ਬਾਰੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ ਉਸਨੇ ਸਿੱਖਾਂ ਲਈ ਕਿਰਪਾਨ ਰੱਖਣ ‘ਤੇ ਛੋਟ ਖਤਮ ਕਰਨ ਲਈ ਕਿਹਾ| ਇਸੇ ਦੌਰਾਨ ਨਾਈਜਲ ਫੈਰਾਜ਼ ਦੇ ਉਸ ਬਿਆਨ ਦੀ ਆਲੋਚਨਾ ਹੋਈ ਜਿਸ ਵਿਚ ਉਸਨੇ ਕਿਹਾ ਕਿ ਬਰਤਾਨਵੀ ਲੋਕਾਂ ਨੂੰ ਸ਼ੁੱਧ ਤੇ ਸ਼ਾਂਤ ਗੁੱਸੇ ਨਾਲ ਪ੍ਰਤੀਕ੍ਰਿਆ ਦੇਣੀ ਚਾਹੀਦੀ ਹੈ| ਰੀਫਾਰਮ ਦੇ ਡਿਪਟੀ ਲੀਡਰ ਰਿਚਰਡ ਟਾਈਸ ਨੇ ਕੁਝ ਗੁੱਸੇ ‘ਚ ਭਰੇ ਸਿੱਖ ਰੀਫਾਰਮ ਕਾਰਕੁਨਾਂ ਨਾਲ ਮੀਟਿੰਗ ਕੀਤੀ, ਜਿਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਪਾਰਟੀ ਸਿੱਖ ਵੋਟ ਹਮੇਸ਼ਾਂ ਲਈ ਗੁਆ ਸਕਦੀ ਹੈ| ਸਿੱਖ ਸੰਗਠਨਾਂ ਦਾ ਕਹਿਣਾ ਹੈ ਕਿ ਦਿਗਵਾ ਵੱਲੋਂ ਵਰਤਿਆ ਗਿਆ ਹਥਿਆਰ ਕਿਰਪਾਨ ਨਹੀਂ ਸੀ, ਬਲਕਿ ਇਕ ਪਰਸੀਅਨ ਬਲੇਡ ਸੀ| ਦਬਿੰਦਰਜੀਤ ਸਿੰਘ ਨੇ ਕਿਹਾ ਕਿ ਯੂਸੁਫ਼ ਦੇ ਬਿਆਨਾਂ ਦਾ ਕੋਈ ਤਰਕ ਨਹੀਂ ਤੇ ਫੈਰਾਜ਼ ਦੇ ਸ਼ਬਦਾਂ ਨੇ ਸਿੱਖ ਭਾਈਚਾਰੇ ਵਿਰੁੱਧ ਨਫ਼ਰਤੀ ਘਟਨਾਵਾਂ ਨੂੰ ਵਧਾਇਆ ਹੈ| ਉਨ੍ਹਾਂ ਕਿਹਾ ਕਿ ਹਾਲੀਆ ਹਫਤਿਆਂ ਵਿਚ ਸਿੱਖਾਂ ‘ਤੇ ਕਈ ਹਮਲੇ ਹੋਏ ਹਨ| ਉਨ੍ਹਾਂ ਨੇ ਇਹ ਵੀ ਕਿਹਾ ਕਿ ਫੈਰਾਜ਼ ਨੇ ਅੱਗ ਤੇ ਪੈਟਰੋਲ ਪਾਇਆ ਹੈ|


ਰੀਫੌਰਮ ਕੋਲ ਲਗਭਗ 100 ਸਿੱਖ ਕਾਰਕੁਨ ਹਨ। ਪਾਰਟੀ ਨੇ ਹਾਲੀਆ ਸਥਾਨਕ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਘੱਟ-ਗਿਣਤੀ ਭਾਈਚਾਰਿਆਂ ਨਾਲ ਸਬੰਧਿਤ ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ ਵਿੱਚ ਸਿੱਖ ਸਭ ਤੋਂ ਵੱਧ ਨੁਮਾਇੰਦਗੀ ਵਾਲਾ ਸਮੂਹ ਸੀ| ਬ੍ਰਿਟਿਸ਼ ਸਿੱਖ ਰਿਪੋਰਟ ਅਨੁਸਾਰ, 2024 ਵਿੱਚ 3 ਫ਼ੀਸਦ ਸਿੱਖਾਂ ਨੇ ਰੀਫੌਰਮ ਨੂੰ ਵੋਟ ਦਿੱਤੀ ਸੀ, ਜੋ 2025 ਵਿੱਚ ਵਧ ਕੇ 7 ਫ਼ੀਸਦ ਹੋ ਗਈ ਸੀ। ਇਸੇ ਦੌਰਾਨ ਲੇਬਰ ਦੀ ਹਮਾਇਤ ਕਰਨ ਵਾਲੇ ਸਿੱਖਾਂ ਦੀ ਗਿਣਤੀ 40 ਫ਼ੀਸਦ ਤੋਂ ਘਟ ਕੇ 18 ਫੀਸਦ ਰਹਿ ਗਈ ਸੀ। ਲੇਕਨ ਤਾਜ਼ਾ ਘਟਨਾਂ ਕ੍ਰਮ ਬਰਤਾਨੀਆਂ ਵਿੱਚ ਸਿੱਖ ਵੋਟਰਾਂ ਨੂੰ ਮੁੜ ਨਜ਼ਰਸਾਨੀ ਕਰਨ ਲਈ ਮਜ਼ਬੂਰ ਕਰਦੇ ਹਨ|
ਤਸਵੀਰ: ਦਬਿੰਦਰਜੀਤ ਸਿੰਘ ਸਿੱਧੂ
ਪਿਛਲੀ ਖ਼ਬਰ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਬਾਬਾ ਜੋਗਾ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਵਿਖੇ ਧਾਰਮਿਕ ਸਮਾਗਮ... ਅਗਲੀ ਖ਼ਬਰ ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।