ਲੰਡਨ/ਲੈਸਟਰ, 29 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ/ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਡਰਬੀ ਸ਼ਹਿਰ ਵਿਚ ਬੀਤੀ ਰਾਤ ਇਕ ਭਿਆਨਕ ਹਾਦਸਾ ਵਾਪਰਿਆ, ਜਦੋਂ ਇਕ ਤੇਜ਼ ਰਫਤਾਰ ਕਾਰ ਨੇ ਕਈ ਪੈਦਲ ਯਾਤਰੀਆਂ ਨੂੰ ਕੁਚਲ ਦਿੱਤਾ | ਇਸ ਘਟਨਾ ਵਿਚ ਕਈ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਪੁਲਿਸ ਨੇ ਉਕਤ ਮਾਮਲੇ ਵਿਚ ਇਕ 36 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਅਨੁਸਾਰ ਇਹ ਘਟਨਾ ਰਾਤ ਕਰੀਬ 9:30 ਵਜੇ ਸ਼ਹਿਰ ਦੇ ਵਿਚਕਾਰ ਸਥਿਤ ਫ੍ਰਾਇਰ ਗੇਟ ਇਲਾਕੇ ਵਿਚ ਵਾਪਰੀ | ਇਕ ਕਾਲੇ ਰੰਗ ਦੀ ਸੁਜ਼ੂਕੀ ਸਵਿਫਟ ਕਾਰ ਨੇ ਅਚਾਨਕ ਸੰਤੁਲਨ ਗੁਆ ਦਿੱਤਾ ਤੇ ਪੈਦਲ ਚੱਲ ਰਹੇ ਲੋਕਾਂ 'ਤੇ ਚੜ੍ਹ ਗਈ | ਘਟਨਾ ਤੋਂ ਤੁਰੰਤ ਬਾਅਦ ਜ਼ਖਮੀਆਂ ਨੂੰ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਦਿੱਤੀ ਤੇ 7 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ | ਡਰਬੀਸ਼ਾਇਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸ਼ੱਕੀ ਕਾਰ ਨੂੰ ਰੋਕ ਲਿਆ ਅਤੇ ਚਲਾ ਰਹੇ 36 ਸਾਲਾ ਭਾਰਤੀ ਨਾਗਰਿਕ ਨੂੰ ਗਿ੍ਫਤਾਰ ਕਰ ਲਿਆ | ਜੋ ਕਈ ਸਾਲਾਂ ਤੋਂ ਯੂ ਕੇ ਰਹਿ ਰਿਹਾ ਸੀ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਪ੍ਰਸ਼ਾਸਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਹੁਣ ਜਨਤਾ ਲਈ ਕੋਈ ਹੋਰ ਖਤਰਾ ਨਹੀਂ ਹੈ | ਪੁਲਿਸ ਨੇ ਭਾਵੇਂ ਇਸ ਨੂੰ ਅੱਤਵਾਦੀ ਘਟਨਾ ਨਹੀਂ ਦੱਸਿਆ ਪਰ ਇਸ ਮੌਕੇ ਅੱਤਵਾਦ ਵਿਰੋਧੀ ਦਸਤੇ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੇ ਹਨ | ਸੁਰੱਖਿਆ ਅਤੇ ਜਾਂਚ ਦੇ ਮੱਦੇਨਜ਼ਰ, ਪੁਲਿਸ ਨੇ ਫ੍ਰਾਇਰ ਗੇਟ ਨੂੰ ਕਰਜ਼ਨ ਸਟ੍ਰੀਟ ਅਤੇ ਚੀਪਸਾਈਡ ਦੇ ਜੰਕਸ਼ਨ ਤੋਂ ਲੈ ਕੇ ਫੋਰਡ ਸਟ੍ਰੀਟ ਤੱਕ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ | ਪੁਲਿਸ ਨੇ ਉਨ੍ਹਾਂ ਗਵਾਹਾਂ ਨੂੰ ਸਾਹਮਣੇ ਆਉਣ ਦੀ ਅਪੀਲ ਕੀਤੀ ਹੈ | ਸਥਾਨਕ ਸਾਂਸਦ ਕੈਥਰੀਨ ਐਟਕਿੰਸਨ ਨੇ ਇਸ ਘਟਨਾ 'ਤੇ ਹੈਰਾਨੀ ਜਤਾਉਂਦਿਆਂ ਜ਼ਖਮੀਆਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਐਮਰਜੈਂਸੀ ਸੇਵਾਵਾਂ ਦੇ ਕੰਮ ਦੀ ਸ਼ਲਾਘਾ ਕੀਤੀ ਹੈ |