15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸੱਜਣ ਕੁਮਾਰ ਨੂੰ ਇਕ ਮਾਮਲੇ 'ਚ ਬਰੀ ਕਰਨਾ ਸਿੱਖ ਕੌਮ ਨਾਲ ਬੇਇਨਸਾਫ਼ੀ-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ

ਅਜੀਤ ਡੈਸਕ 24-01-2026

ਲੰਡਨ, 23 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲੀ, ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ, ਜਨਰਲ ਸਕੱਤਰ ਸ਼ਰਨਬੀਰ ਸਿੰਘ ਸੰਘਾ ਤੇ ਸਮੁੱਚੀ ਪ੍ਰਬੰਧਕ ਕਮੇਟੀ ਨੇ ਦਿੱਲੀ ਦੀ ਰਾਊਜ਼ ਐਵਨਿਊ ਅਦਾਲਤ ਵੱਲੋਂ ਨਵੰਬਰ 1984 ਸਿੱਖ ਕਤਲੇਆਮ ਦੇ ਜਨਕਪੁਰੀ ਨਾਲ ਸੰਬੰਧਿਤ ਇਕ ਮਾਮਲੇ 'ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਇਕ ਮਾਮਲੇ 'ਚ ਬਰੀ ਕਰਨ ਦੇ ਫ਼ੈਸਲੇ ਨੂੰ ਸਿੱਖ ਕੌਮ ਨਾਲ ਬੇਇਨਸਾਫ਼ੀ ਕਰਾਰ ਦਿੱਤਾ ਹੈ | ਉਹਨਾਂ ਕਿਹਾ ਕਿ ਅੱਜ 42 ਸਾਲ ਬੀਤ ਗਏ ਹਨ, ਸਿੱਖ ਕਤਲੇਆਮ ਦੇ ਦੋਸ਼ੀ ਵੱਡੇ-ਵੱਡੇ ਸਰਕਾਰੀ ਅਹੁਦਿਆਂ 'ਤੇ ਰਹੇ, ਜੇ ਸੱਜਣ ਕੁਮਾਰ ਵਰਗੇ ਵਿਰੁੱਧ ਕੋਈ ਕਾਰਵਾਈ ਹੋਈ ਤਾਂ ਉਸ ਨੂੰ ਬਰੀ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਭਾਵੇਂ ਕਿ ਸਿੱਖ ਕਤਲੇਆਮ ਦੇ 2 ਕੇਸਾਂ 'ਚ ਸੱਜਣ ਕੁਮਾਰ ਅਜੇ ਵੀ ਜੇਲ੍ਹ ਅੰਦਰ ਸਜ਼ਾ ਭੁਗਤ ਰਿਹਾ ਹੈ ਤੇ ਉਹ ਜੇਲ੍ਹ 'ਚ ਹੀ ਰਹੇਗਾ, ਪਰੰਤੂ ਇਕ ਕੇਸ 'ਚ ਉਸ ਦਾ ਬਰੀ ਹੋਣਾ ਸਰਕਾਰ ਦੀਆਂ ਜਾਂਚ ਏਜੰਸੀਆਂ ਦੀ ਸੁਹਿਰਦਤਾ ਤੇ ਗੰਭੀਰਤਾ 'ਤੇ ਵੱਡਾ ਸਵਾਲੀਆ ਚਿੰਨ੍ਹ ਹੈ ਤੇ ਇਹ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਤੁੱਲ ਹੈ | ਮੱਲੀ ਨੇ ਕਿਹਾ ਕਿ ਸੱਜਣ ਕੁਮਾਰ ਤੇ ਦੋਸ਼ ਸਨ ਕਿ ਉਹ ਉਸ ਭੀੜ ਦੀ ਅਗਵਾਈ ਕਰ ਰਿਹਾ ਸੀ ਜਿਸ ਨੇ 17 ਸਾਲ ਦੇ ਨਾਬਾਲਗ ਬੱਚੇ ਕਾਕਾ ਗੁਰਚਰਨ ਸਿੰਘ ਨੂੰ ਮਾਰਨ ਲਈ ਉਸ ਨੂੰ ਜਿਉਂਦਾ ਉਸ ਦੇ ਪਿਤਾ ਨਾਥ ਸਿੰਘ ਦੇ ਜਲਦੇ ਟਰੱਕ 'ਚ ਸੁੱਟਿਆ ਸੀ | ਕਾਕਾ ਗੁਰਚਰਨ ਸਿੰਘ ਸਾਲ 1984 ਤੋਂ 2008 ਤੱਕ 24 ਸਾਲ ਅੱਧ ਜਲੇ ਹੋਏ ਹਾਲਤ 'ਚ ਇਨਸਾਫ਼ ਦੀ ਗੁਹਾਰ ਲਗਾਉਂਦਾ ਰਿਹਾ | ਉਹ ਕਹਿੰਦਾ ਰਿਹਾ ਕਿ ਉਸ ਦਿਨ ਭੀੜ ਦੀ ਅਗਵਾਈ ਸੱਜਣ ਕੁਮਾਰ ਕਰ ਰਿਹਾ ਸੀ, ਪਰੰਤੂ ਉਸ ਦੀ ਗੱਲ ਕਿਸੇ ਨੇ ਨਹੀਂ ਸੁਣੀ | ਆਖਿਰ ਇਨਸਾਫ ਦੀ ਉਡੀਕ ਕਰਦਾ ਉਹ ਅਕਾਲ ਚਲਾਣਾ ਕਰ ਗਿਆ | 2008 'ਚ ਸੀ.ਬੀ.ਆਈ. ਨੇ ਕਾਕਾ ਗੁਰਚਰਨ ਸਿੰਘ ਦੀ ਗਵਾਹੀ ਰਿਕਾਰਡ ਕੀਤੀ ਪਰੰਤੂ ਇਨਸਾਫ ਨਹੀਂ ਮਿਲਿਆ | ਦਿੱਲੀ ਪੁਲਿਸ ਵਲੋਂ ਕਾਕਾ ਗੁਰਚਰਨ ਸਿੰਘ ਦੇ ਬਿਆਨ ਦਰਜ ਕਰੇ ਬਿਨਾਂ ਹੀ ਕੇਸ ਬੰਦ ਕਰਨਾ ਸਰਕਾਰ ਤੇ ਪੁਲਿਸ ਦੀ ਕਾਰਵਾਈ 'ਤੇ ਵੱਡਾ ਸਵਾਲ ਹੈ | ਇਸ ਮਾਮਲੇ ਦੇ ਦੂਜਾ ਗਵਾਹ ਹਰਵਿੰਦਰ ਸਿੰਘ ਕੋਹਲੀ ਵੱਲੋਂ ਸੱਜਣ ਕੁਮਾਰ ਦੀ ਪਛਾਣ ਕਰਨ ਨੂੰ ਵੀ ਤਰਜੀਹ ਨਹੀਂ ਦਿੱਤੀ ਗਈ | ਗਵਾਹਾਂ ਦੇ ਬਾਵਜੂਦ ਵੀ ਸੱਜਣ ਕੁਮਾਰ ਨੂੰ ਬਰੀ ਕਰਨਾ ਮੰਦਭਾਗਾ ਹੈ | ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੇਸ ਲੜਨ ਵਾਲੀਆਂ ਸਬੰਧਿਤ ਧਿਰਾਂ ਨੂੰ ਅਪੀਲ ਕੀਤੀ ਕਿ ਅਦਾਲਤ ਦੇ ਇਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਜਾਵੇ |

ਪਿਛਲੀ ਖ਼ਬਰ 'ਬੋਰਡ ਆਫ਼ ਪੀਸ' 'ਚ ਸ਼ਾਮਿਲ ਹੋਣ ਬਾਅਦ ਸ਼ਾਹਬਾਜ਼ ਸ਼ਰੀਫ਼ ਆਪਣੇ ਹੀ ਘਰ 'ਚ ਘਿਰੇ ਅਗਲੀ ਖ਼ਬਰ ਐਮਾਜੋਨ ਵੱਲੋਂ ਹਜ਼ਾਰਾਂ ਕਰਮਚਾਰੀਆਂ ਦੀ ਛੁੱਟੀ ਦੀ ਤਿਆਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।